ਕੈਨੇਡਾ ਦਾ ਸੁਫਨਾ ਦਿਖਾ 300 ਭਾਰਤੀਆਂ ਨੂੰ ਸਮੁੰਦਰ ਵਿਚਾਲੇ ਛੱਡ ਫਰਾਰ ਹੋਏ ਮਨੁੱਖੀ ਤਸਕਰ

Prabhjot Kaur
4 Min Read

ਨਿਊਜ਼ ਡੈਸਕ: ਵੱਡੀ ਗਿਣਤੀ ‘ਚ ਗੈਰਕਾਨੂੰਨੀ ਤਰੀਕੇ ਨਾਲ ਪਰਵਾਸੀਆਂ ਨੂੰ ਕੈਨੇਡਾ ਵੱਲ ਲੈ ਕੇ ਜਾ ਰਿਹਾ ਸਮੁੰਦਰੀ ਜਹਾਜ਼ 30 ਦਿਨ ਦੇ ਸਫ਼ਰ ਤੋਂ ਬਾਅਦ ਰਸਤੇ ‘ਚ ਹੀ ਰੁਕ ਗਿਆ। ਜਿਸ ਤੋਂ ਬਾਅਦ ਹਾਲਾਤ ਬੇਕਾਬੂ ਹੁੰਦੇ ਵੇਖ ਕੇ ਮਨੁੱਖੀ ਤਸਕਰ ਇੱਕ ਕਿਸ਼ਤੀ ਲੈ ਕੇ ਰਾਤ ਦੇ ਹਨੇਰੇ ਵਿੱਚ ਫਰਾਰ ਹੋ ਗਏ ਤੇ ਸਮੁੰਦਰ ਦੇ ਵਿਚਾਲੇ ਜਹਾਜ਼ ‘ਚ ਬੈਠੇ 300 ਪਰਵਾਸੀਆਂ ਦੀ ਜਾਨ ਫਸ ਗਈ। ਜਿਸ ਤੋਂ ਬਾਅਦ ਪਰਵਾਸੀਆਂ ਨੇ ਵੀ ਸੂਝ ਬੂਝ ਦਿਖਾਉਂਦੇ ਹੋਏ ਕੱਪੜਿਆਂ ਨੂੰ ਅੱਗ ਲਾ ਕੇ ਧੂੰਏਂ ਨਾਲ ਸੁਨੇਹਾ ਭੇਜਣ ਦਾ ਯਤਨ ਕੀਤਾ। ਉਨ੍ਹਾਂ ਦੀ ਇਹ ਕੋਸ਼ਿਸ਼ ਸਫ਼ਲ ਵੀ ਰਹੀ ਅਤੇ ਇੱਕ ਜਾਪਾਨੀ ਜਹਾਜ਼ ਮਦਦ ਲਈ ਪਹੁੰਚ ਗਿਆ ਪਰ ਇਹਨਾਂ ਪਰਵਾਸੀਆਂ ਦੀ ਜਾਨ ਤਾਂ ਬਚ ਗਈ ਪਰ ਇਹ ਲੋਕ ਵੱਡੀ ਮੁਸੀਬਤ ‘ਚ ਫਸ ਗਏ।

ਇੱਕ ਰਿਪੋਰਟ ਮੁਤਾਬਕ ਤਾਮਿਲ ਪਰਿਵਾਰਾਂ ਨੂੰ ਲੈ ਕੇ ਜਹਾਜ਼ ਐਮ.ਵੀ. ਲੇਡੀ-3 ਬੀ.ਸੀ. ਦੇ ਸਮੁੰਦਰੀ ਕੰਢੇ ਵੱਲ ਜਾ ਰਿਹਾ ਸੀ। ਮਨੁੱਖੀ ਤਸਕਰਾਂ ਨੇ ਇਹਨਾਂ ਪਰਿਵਾਰਾਂ ਨੂੰ ਕੈਨੇਡਾ ਪਹੁੰਚਾਉਣ ਦਾ ਸੁਪਨਾ ਦਿਖਾਇਆ ਅਤੇ ਹਰ ਪਰਿਵਾਰ ਤੋਂ 10 ਲੱਖ ਰੁਪਏ ਲੈ ਕੇ ਮਿਆਂਮਾਰ ਦੇ ਸਮੁੰਦਰੀ ਜਹਾਜ਼ ਦਾ ਪ੍ਰਬੰਧ ਕਰ ਦਿੱਤਾ। ਸੰਭਾਵਤ ਤੌਰ ‘ਤੇ ਇਹ ਜਹਾਜ਼ ਕਬਾੜ ਹੋ ਚੁੱਕਿਆ ਸੀ ਪਰ ਮਨੁੱਖੀ ਤਸਕਰਾਂ ਨੇ ਸੈਂਕੜੇ ਔਰਤਾਂ ਅਤੇ ਬੱਚਿਆਂ ਸਣੇ 303 ਜਣਿਆਂ ਨੂੰ ਇਸ ‘ਚ ਬਿਠਾ ਕੇ ਰਵਾਨਾ ਕਰ ਦਿੱਤਾ। ਜਹਾਜ਼ ਵਿੱਚ ਖਾਣ ਨੂੰ ਗਲੇ ਸੜੇ ਚੋਲ ਤੇ ਪੀਣ ਨੂੰ ਬੇਹੱਦ ਗੰਦਾ ਪਾਣੀ ਮਿਲਦਾ ਸੀ। ਮੁਸਾਫ਼ਰਾਂ ਦੇ ਸਿਰ ‘ਤੇ ਛੱਤ ਵੀ ਨਹੀਂ ਸੀ।

- Advertisement -

ਜਾਪਾਨੀ ਜਹਾਜ਼ ਵੱਲੋਂ ਬਚਾਏ ਪਰਵਾਸੀਆਂ ਨੂੰ ਵੀਅਤਨਾਮ ਦੇ ਵੰਗ ਤਾਓ ਸ਼ਹਿਰ ‘ਚ ਉਤਾਰ ਦਿੱਤਾ ਗਿਆ ਜਿੱਥੇ ਇਹ ਰਫ਼ਿਊਜੀ ਕੈਂਪ ‘ਚ ਰਹਿ ਰਹੇ ਹਨ। ਕੁਝ ਤਾਮਿਲਾਂ ਨੂੰ ਡਿਪੋਰਟ ਕੀਤਾ ਜਾ ਚੁੱਕਿਆ ਹੈ ਜਦਕਿ ਕੁਝ ਹਾਲੇ ਵੀ ਕੈਨੇਡਾ ਪਹੁੰਚਣ ਦੀ ਇੱਛਾ ਰਖਦੇ ਹਨ, ਕਿਉਂਕਿ ਉਹ ਪਿਛੇ ਸਭ ਕੁਝ ਵੇਚ-ਵੱਟ ਆਏ ਸਨ। ਜਹਾਜ਼ ਦੇ ਇੱਕ ਮੁਸਾਫ਼ਰ ਕਰੁਣਾਥਰਨ ਮਧੂਸ਼ਨ ਨੇ ਹੱਡਬੀਤੀ ਸੁਣਾਉਂਦਿਆਂ ਦੱਸਿਆ ਕਿ ਮਨੁੱਖੀ ਤਸਕਰ ਦਾਅਵਾ ਕਰ ਰਹੇ ਸਨ ਕਿ ਕੈਨੇਡਾ ਪਹੁੰਚਣ ਦੇ ਇੱਕ ਸਾਲ ਦੇ ਅੰਦਰ ਸਿਟੀਜ਼ਨਸਿਪ ਮਿਲ ਜਾਵੇਗੀ। 22 ਸਾਲ ਦਾ ਇਹ ਨੌਜਵਾਨ ਜ਼ਿੰਦਗੀ ਵਿਚ ਤਰੱਕੀ ਕਰਨਾ ਚਾਹੁੰਦਾ ਸੀ ਅਤੇ ਕਿਸ਼ਤੀਆਂ ਰਾਹੀਂ ਜਾਣ ਬਾਰੇ ਸੁਣ ਕੇ ਉਸ ਨੇ ਵੀ ਕੈਨੇਡਾ ਜਾਣ ਦਾ ਮਨ ਬਣਾਇਆ।

ਨੌਜਵਾਨ ਨੇ ਦੱਸਿਆ ਕਿ ਉਹ ਵਿਜ਼ਟਰ ਵੀਜ਼ਾ ’ਤੇ ਮਿਆਂਮਾਰ ਜਿਸ ਨੂੰ ਪਹਿਲਾਂ ਬਰਮਾ ਵੀ ਕਹਿੰਦੇ ਸਨ, ਦੇ ਯਾਂਗੋਨ ਸ਼ਹਿਰ ਪੁੱਜਾ। ਉਥੇ ਪਹਿਲਾਂ ਹੀ ਦਰਜਨਾਂ ਵਾਸੀ ਮੌਜੂਦ ਸਨ ਜਿਨ੍ਹਾਂ ਦੇ ਪਾਸਪੋਰਟ ਅਤੇ ਵੈਕਸੀਨੇਸ਼ਨ ਦਾ ਸਬੂਤ ਇਕ ਮਨੁੱਖੀ ਤਸਕਰ ਇਕੱਠੇ ਕਰ ਕੇ ਲੈ ਗਿਆ। 10 ਅਕਤੂਬਰ 2022 ਦੀ ਰਾਤ ਪਰਵਾਸੀਆਂ ਨੂੰ ਬੱਸਾਂ ਵਿਚ ਬਿਠਾ ਕੇ ਬੰਦਰਗਾਹ ‘ਤੇ ਲਿਜਾਇਆ ਗਿਆ ਅਤੇ ਫਿਰ ਇੱਕ ਕਿਸ਼ਤੀ ਰਾਹੀਂ ਲੇਡੀ-3 ਸਮੁੰਦਰੀ ਜਹਾਜ਼ ਤੱਕ ਪਹੁੰਚਾਏ ਗਏ। ਹਾਲਾਂਕਿ ਮਨੁੱਖੀ ਤਸਕਰਾਂ ਨੇ ਕਰੂਜ਼ ਸ਼ਿੱਪ ਦਾ ਵਾਅਦਾ ਕੀਤਾ ਸੀ ਪਰ ਹੁਣ ਕੁਝ ਨਹੀਂ ਸੀ ਹੋ ਸਕਦਾ। ਮਨੁੱਖੀ ਤਸਕਰ ਦਾਅਵਾ ਕਰ ਰਹੇ ਸਨ ਕਿ ਉਹ ਪਹਿਲਾਂ ਵੀ ਸੈਂਕੜੇ ਪਰਵਾਸੀਆਂ ਨੂੰ ਕੈਨੇਡਾ ਪਹੁੰਚਾ ਚੁੱਕੇ ਹਨ ਅਤੇ ਸਫਰ ਮੁਕੰਮਲ ਹੋਣ ਵਿੱਚ 45 ਦਿਨ ਲੱਗਣਗੇ।

Disclaimer: This article is provided for informational purposes only. The information should not be taken to represent the opinions, policy, or views of Global Punjab TV, nor any of its staff, employees, or affiliates.

- Advertisement -
Share this Article
Leave a comment