ਸਰੀ: ਕੈਨੇਡਾ ‘ਚ ਹੈਂਡਗੰਨਜ਼ ਦੀ ਖਰੀਦ ‘ਤੇ ਪੂਰਨ ਤੌਰ ‘ਤੇ ਪਾਬੰਦੀ ਲਾਗੂ ਕਰ ਦਿੱਤੀ ਗਈ ਹੈ ਅਤੇ ਹੁਣ ਕੋਈ ਵੀ ਵਿਅਕਤੀ ਦੇਸ਼ ‘ਚ ਵਿਦੇਸ਼ਾਂ ਤੋਂ ਵੀ ਪਸਤੌਲ ਨਹੀਂ ਲਿਆ ਸਕੇਗਾ। ਪ੍ਰਧਾਨ ਮੰਤਰੀ ਜਸਟਿਨ ਟਰੂਡੋ ਨੇ ਐਲਾਨ ਕਰਦਿਆਂ ਕਿਹਾ ਕਿ ਕੈਨੇਡਾ ਵਾਸੀਆਂ ਨੂੰ ਆਪਣੇ ਘਰ, ਕੰਮ ਵਾਲੀ ਥਾਂ ਅਤੇ ਧਾਰਮਿਕ ਥਾਵਾਂ ‘ਤੇ ਸੁਰੱਖਿਅਤ ਰਹਿਣ ਕਰਨ ਦਾ ਹੱਕ ਹੈ ਜਿਸ ਨੂੰ ਦੇਖਦਿਆਂ ਸਰਕਾਰ ਦਾ ਫਰਜ਼ ਬਣਦਾ ਹੈ ਕਿ ਸਮਾਜ ‘ਚੋਂ ਖ਼ਤਰਨਾਕ ਹਥਿਆਰਾਂ ਨੂੰ ਹਟਾ ਦਿੱਤਾ ਜਾਵੇ।
ਕੈਨੇਡਾ ‘ਚ ਹੁੰਦੇ 59 ਫ਼ੀਸਦੀ ਹਿੰਸਕ ਅਪਰਾਧਾਂ ‘ਚ ਹਥਿਆਰਾਂ ਦੀ ਵਰਤੋਂ ਕੀਤੀ ਜਾਂਦੀ ਹੈ ਅਤੇ 2010 ਤੋਂ ਬਾਅਦ ਸਿਰਫ਼ 10 ਸਾਲ ਦੇ ਸਮੇਂ ਦੌਰਾਨ ਕੈਨੇਡਾ ‘ਚ ਹੈਂਡਗੰਨਜ਼ ਦੀ ਗਿਣਤੀ 70 ਫ਼ੀਸਦੀ ਵਧ ਗਈ। ਸਿਰਫ਼ ਐਨਾ ਹੀ ਨਹੀਂ 2018 ‘ਚ 3500 ਪਸਤੌਲਾਂ ਚੋਰੀ ਹੋਈਆਂ ਜਿਨਾਂ ਦੀ ਵਰਤੋਂ ਅਪਰਾਧਿਕ ਸਰਗਰਮੀਆਂ ‘ਚ ਕੀਤੀ ਗਈ। ਟਰੂਡੋ ਸਰਕਾਰ ਵੱਲੋਂ ਪਾਸ ਬਿਲ ਸੀ-21, ਬੰਦੂਕਾਂ ਦੀ ਤਸਕਰੀ ਅਤੇ ਦੁਰਵਰਤੋਂ ਰੋਕਣ ਵੱਲ ਵੀ ਕੇਂਦਰਤ ਹੈ ਅਤੇ ਹਥਿਆਰਾਂ ਨਾਲ ਸਬੰਧਤ ਅਪਰਾਧਾਂ ਲਈ ਜ਼ਿੰਮੇਵਾਰ ਲੋਕਾਂ ਨੂੰ ਸਖ਼ਤ ਤੋਂ ਸਖ਼ਤ ਸਜ਼ਾ ਦਾ ਰਾਹ ਪੱਧਰਾ ਕਰਦਾ ਹੈ।
ਸਰਕਾਰ ਦਾ ਕਹਿਣਾ ਹੈ ਕਿ ਖੇਡਾਂ ‘ਚ ਨਿਸ਼ਾਨੇਬਾਜ਼ੀ ਅਤੇ ਜੰਗਲਾਂ ‘ਚ ਸ਼ਿਕਾਰ ਕਰਨ ਤੋਂ ਇਲਾਵਾ ਕੈਨੇਡਾ ਵਾਲਿਆਂ ਨੂੰ ਕਿਸੇ ਕੰਮ ਲਈ ਹਥਿਆਰ ਦੀ ਜ਼ਰੂਰਤ ਨਹੀਂ, ਇਸ ਲਈ ਹਥਿਆਰਾਂ ਨੂੰ ਸਮਾਜ ਤੋਂ ਦੂਰ ਰੱਖਣਾ ਹੀ ਬਿਹਤਰ ਹੈ। ਟਰੂਡੋ ਸਰਕਾਰ ਵੱਲੋਂ ਇਸ ਸਾਲ ਦੇ ਅਖੀਰ ਤੱਕ ਅਸਾਲਟ ਰਾਈਫਲਾਂ ਵਰਗੇ ਹਥਿਆਰ ਲੋਕਾਂ ਤੋਂ ਵਾਪਸ ਖਰੀਦਣ ਦੀ ਵਚਨਬੱਧਤਾ ਵੀ ਜ਼ਾਹਰ ਕੀਤੀ ਗਈ ਹੈ। ਹਾਊਸ ਆਫ਼ ਕਾਮਨਜ਼ ‘ਚ ਬਿਲ ਸੀ-21 ਪੇਸ਼ ਕਰਦਿਆਂ ਲੋਕ ਸੁਰੱਖਿਆ ਮੰਤਰੀ ਮਾਰਕੋ ਮੈਂਡੀਚੀਨੋ ਨੇ ਕਿਹਾ ਸੀ ਕਿ ਕੈਨੇਡਾ ਵਿੱਚ ਹਰ ਰੋਜ਼ ਵਾਪਰ ਰਹੀਆਂ ਘਟਨਾਵਾਂ ਨੂੰ ਰੋਕਣਾ ਬਹੁਤ ਜ਼ਰੂਰੀ ਹੋ ਗਿਆ ਹੈ, ਕਿਉਂਕਿ ਨਫ਼ਰਤ ਜਾਂ ਅਪਰਾਧ ਦੇ ਮਕਸਦ ਨਾਲ ਚਲਾਈਆਂ ਗੋਲੀਆਂ ਕਈ ਪਰਿਵਾਰਾਂ ਨੂੰ ਆਪਣਿਆਂ ਤੋਂ ਸਦਾ ਲਈ ਦੂਰ ਕਰ ਚੁੱਕੀਆਂ ਹਨ। ਸਿਰਫ਼ ਚੋਣਵੇਂ ਲੋਕਾਂ ਨੂੰ ਹੈਂਡਗੰਨਜ਼ ਰੱਖਣ ਦੀ ਇਜਾਜ਼ਤ ਹੋਵੇਗੀ ਜਿਨ੍ਹਾਂ ‘ਚ ਨਿਸ਼ਾਨੇਬਾਜ਼, ਸੀਨੀਅਰ ਸਰਕਾਰੀ ਅਫ਼ਸਰ ਅਤੇ ਮਹਿੰਗੀਆਂ ਚੀਜ਼ਾਂ ਲਿਆਉਣ-ਲਿਜਾਣ ਦੇ ਕੰਮ ਵਿਚ ਲੱਗੇ ਲੋਕ ਸ਼ਾਮਲ ਹੋਣਗੇ।
ਕੰਜ਼ਰਵੇਟਿਵ ਪਾਰਟੀ ਦਾ ਮੰਨਣਾ ਹੈ ਕਿ ਲਿਬਰਲ ਸਰਕਾਰ ਦਾ ਕਾਨੂੰਨ ਗੰਨ ਵਾਇਲੈਂਸ ਨਾਲ ਨਜਿੱਠਣ ਦੀ ਤਾਕਤ ਨਹੀਂ ਰੱਖਦਾ। ਵਿਰੋਧੀ ਧਿਰ ਮੁਤਾਬਕ ਕੈਨੇਡਾ ਦੇ ਸ਼ਹਿਰਾਂ ‘ਚ ਗੰਨ ਵਾਇਲੈਂਸ ਦੀ ਜੜ ਖ਼ਤਮ ਕਰਨ ਵੱਲ ਕੋਈ ਧਿਆਨ ਨਹੀਂ ਦਿੱਤਾ ਗਿਆ। ਅਸਲੀਅਤ ਇਹ ਹੈ ਕਿ ਕੈਨੇਡਾ ਵਿਚ ਨਾਜਾਇਜ਼ ਤਰੀਕੇ ਨਾਲ ਹਥਿਆਰ ਲਿਆਂਦੇ ਜਾ ਰਿਹੇ ਹਨ ਅਤੇ ਇਹੀ ਮਾਸੂਮ ਲੋਕਾਂ ਦੇ ਕਤਲ ਦਾ ਕਾਰਨ ਬਣਦੇ ਹਨ।