ਦੇਸ਼ ਦੀ ਤਰੱਕੀ ਲਈ ਜਾਨ ਵੀ ਹਾਜ਼ਰ: ਅਰਵਿੰਦ ਕੇਜਰੀਵਾਲ

TeamGlobalPunjab
2 Min Read

ਨਵੀਂ ਦਿੱਲੀ: ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਦੇ ਘਰ ‘ਤੇ ਹੋਏ ਹਮਲੇ ਤੋਂ ਬਾਅਦ ਸਿਆਸਤ ਗਰਮਾ ਗਈ ਹੈ। ਇਸ ਹਮਲੇ ਨੂੰ ਲੈ ਕੇ ਆਮ ਆਦਮੀ ਪਾਰਟੀ ਦੇ ਵਰਕਰਾਂ ਨੇ ਭਾਜਪਾ ‘ਤੇ ਨਿਸ਼ਾਨਾ ਵਿੰਨ੍ਹਿਆ ਹੈ। ਹੁਣ ਇਸ ਘਟਨਾ ‘ਤੇ ਮੁੱਖ ਮੰਤਰੀ ਕੇਜਰੀਵਾਲ ਦਾ ਬਿਆਨ ਸਾਹਮਣੇ ਆਇਆ ਹੈ।

ਉਨ੍ਹਾਂ ਦਾ ਕਹਿਣਾ ਹੈ ਕਿ ਕੇਜਰੀਵਾਲ ਅਹਿਮ ਨਹੀਂ ਹਨ ਤੇ ਉਹ ਬਹੁਤ ਛੋਟਾ ਆਦਮੀ ਹੈ। ਇਸ ਦੇ ਨਾਲ ਹੀ ਉਨ੍ਹਾਂ ਦਾ ਕਹਿਣਾ ਸੀ ਕਿ ਉਨ੍ਹਾਂ ਦੀ ਦੇਸ਼ ਲਈ ਜਾਨ ਵੀ ਹਾਜ਼ਰ ਹੈ, ਪਰ ਅਜਿਹੀ ਗੁੰਡਾਗਰਦੀ ਨਾਲ ਦੇਸ਼ ਤਰੱਕੀ ਨਹੀਂ ਕਰ ਸਕਦਾ। ਇਸ ਮੌਕੇ ਗੱਲਬਾਤ ਕਰਦਿਆ ਉਨ੍ਹਾਂ ਕਿਹਾ ਕਿ 21ਵੀਂ ਸਦੀ ਦੇ ਭਾਰਤ ਲਈ ਸਾਨੂੰ ਪਿਆਰ ਨਾਲ ਕੰਮ ਕਰਨਾ ਹੋਵੇਗਾ। ਮਾਰਕੁੱਟ ਅਤੇ ਗੁੰਡਾਗਰਦੀ ‘ਚ 75 ਸਾਲ ਬਰਬਾਦ ਕਰ ਦਿੱਤੇ।

ਉਨ੍ਹਾਂ ਭਾਜਪਾ ਨੂੰ ਘੇਰਦਿਆਂ ਕਿਹਾ ਕਿ ਜੇਕਰ ਦੇਸ਼ ਦੀ ਸੱਤਾਧਾਰੀ ਪਾਰਟੀ ਰਾਜਧਾਨੀ ‘ਚ ਗੁੰਡਾਗਰਦੀ ਕਰਦੀ ਹੈ ਤਾਂ ਨੌਜਵਾਨਾਂ ਨੂੰ ਕੀ ਸੰਦੇਸ਼ ਦੇਵੇਗੀ। ਦੇਸ਼ ਇਸ ਤਰ੍ਹਾਂ ਅੱਗੇ ਨਹੀਂ ਵਧ ਸਕਦਾ।

- Advertisement -

ਇਹ ਵੀ ਜ਼ਿਕਰਯੋਗ ਹੈ ਕਿ ਹਮਲੇ ਦਾ ਮਾਮਲਾ ਹੁਣ ਦਿੱਲੀ ਹਾਈਕੋਰਟ ਪਹੁੰਚ ਗਿਆ ਹੈ ਤੇ ਇਸ ਮਾਮਲੇ ਦੀ SIT ਜਾਂਚ ਦੀ ਮੰਗ ਕੀਤੀ ਗਈ ਹੈ। ਆਮ ਆਦਮੀ ਪਾਰਟੀ ਦੇ ਵਿਧਾਇਕ ਸੌਰਭ ਭਾਰਦਵਾਜ ਨੇ ਬੁੱਧਵਾਰ ਨੂੰ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਦੀ ਸਰਕਾਰੀ ਰਿਹਾਇਸ਼ ਦੇ ਬਾਹਰ ਕੀਤੀ ਭੰਨਤੋੜ ਵਿਰੁੱਧ ਦਿੱਲੀ ਹਾਈ ਕੋਰਟ ਦਾ ਦਰਵਾਜ਼ਾ ਖੜਕਾਇਆ।

ਦੱਸ ਦਈਏ ਕਿ ਬੁੱਧਵਾਰ ਨੂੰ ਕੇਜਰੀਵਾਲ ਦੇ ਘਰ ਬਾਹਰ ਭਾਜਪਾ ਯੁਵਾ ਮੋਰਚੇ ਦੇ ਮੈਂਬਰ ਵਿਰੋਧ ਪ੍ਰਦਰਸ਼ਨ ਕਰ ਰਹੇ ਸਨ। ਵਿਧਾਨ ਸਭਾ ਵਿੱਚ ਦ ਕਸ਼ਮੀਰ ਫਾਈਲਸ ‘ਤੇ ਦਿੱਤੇ ਗਏ ਬਿਆਨ ਤੋਂ ਬਾਅਦ ਕਈ ਥਾਵਾਂ ‘ਤੇ ਅਰਵਿੰਦ ਕੇਜਰੀਵਾਲ ਦੇ ਖਿਲਾਫ ਪ੍ਰਦਰਸ਼ਨ ਕੀਤੇ, ਇਸ ਲੜੀ ਤਹਿਤ ਹੀ ਉਨ੍ਹਾਂ ਦੇ ਘਰ ਬਾਹਰ ਵੀ ਵਿਰੋਧ ਹੋ ਰਿਹਾ ਸੀ।

Disclaimer: This article is provided for informational purposes only. The information should not be taken to represent the opinions, policy, or views of Global Punjab TV, nor any of its staff, employees, or affiliates.

Share this Article
Leave a comment