ਭੈਣ ਦਾ ‘ਕੰਕਾਲ’ ਮੋਢੇ ‘ਤੇ ਰੱਖ ਬੈਂਕ ਪਹੁੰਚਿਆ ਭਰਾ! 19,300 ਰੁਪਏ ਲਈ ਮੌਤ ਦਾ ਸਬੂਤ ਮੰਗ ਰਹੇ ਸੀ ਅਧਿਕਾਰੀ

Global Team
3 Min Read

ਓਡੀਸ਼ਾ: ਓਡੀਸ਼ਾ ਦੇ ਕੇਓਂਝਰ ਵਿੱਚ ਇੱਕ ਹੈਰਾਨ ਕਰਨ ਵਾਲਾ ਮਾਮਲਾ ਸਾਹਮਣੇ ਆਇਆ ਹੈ। ਇੱਕ ਆਦਿਵਾਸੀ ਵਿਅਕਤੀ ਜੀਤੂ ਮੁੰਡਾ ਆਪਣੀ ਮਰੀ ਹੋਈ ਭੈਣ ਦਾ ਕੰਕਾਲ ਲੈ ਕੇ ਬੈਂਕ ਪਹੁੰਚ ਗਿਆ। ਕੰਕਾਲ ਦੇਖ ਕੇ ਬੈਂਕ ਵਿੱਚ ਹਫੜਾ ਦਫੜੀ ਮਚ ਗਈ।

ਜਾਣਕਾਰੀ ਅਨੁਸਾਰ ਜੀਤੂ ਮੁੰਡਾ, ਡਿਆਨਾਲੀ ਪਿੰਡ ਦਾ ਰਹਿਣ ਵਾਲਾ ਹੈ। ਉਸ ਦੀ ਭੈਣ ਕਾਲਰਾ ਮੁੰਡਾ ਦਾ ਮੱਲੀਪਾਸਿ ਸਥਿਤ ਓਡੀਸ਼ਾ ਗ੍ਰਾਮੀਣ ਬੈਂਕ ਵਿੱਚ ਖਾਤਾ ਸੀ, ਜਿਸ ਵਿੱਚ ₹19,300 ਜਮ੍ਹਾ ਸਨ। ਕਾਲਰਾ ਦੀ ਦੋ ਮਹੀਨੇ ਪਹਿਲਾਂ ਮੌਤ ਹੋ ਚੁੱਕੀ ਸੀ। ਉਸ ਦਾ ਪਤੀ ਅਤੇ ਇਕਲੌਤੀ ਸੰਤਾਨ ਵੀ ਪਹਿਲਾਂ ਹੀ ਦੁਨੀਆ ਤੋਂ ਜਾ ਚੁੱਕੇ ਸਨ। ਅਜਿਹੇ ਵਿੱਚ ਜੀਤੂ ਹੀ ਉਸ ਦਾ ਇਕਲੌਤਾ ਜਿਉਂਦਾ ਰਿਸ਼ਤੇਦਾਰ ਬਚਿਆ ਸੀ।

ਕੁਝ ਦਿਨ ਪਹਿਲਾਂ ਜੀਤੂ ਆਪਣੀ ਭੈਣ ਦੇ ਖਾਤੇ ਵਿੱਚੋਂ ਪੈਸੇ ਕਢਵਾਉਣ ਬੈਂਕ ਪਹੁੰਚਿਆ। ਉੱਥੇ ਬੈਂਕ ਮੁਲਾਜ਼ਮਾਂ ਨੇ ਸਾਫ਼ ਕਿਹਾ ਕਿ ਜਾਂ ਤਾਂ ਖਾਤਾਧਾਰਕ ਨੂੰ ਲੈ ਕੇ ਆਓ, ਜਾਂ ਫਿਰ ਡੈੱਥ ਸਰਟੀਫਿਕੇਟ (ਅਤੇ ਕਾਨੂੰਨੀ ਵਾਰਸ ਹੋਣ ਦਾ ਸਬੂਤ ਦਿਓ। ਜੀਤੂ ਕੋਲ ਨਾ ਤਾਂ ਕੋਈ ਦਸਤਾਵੇਜ਼ ਸੀ ਅਤੇ ਨਾ ਹੀ ਇਨ੍ਹਾਂ ਪ੍ਰਕਿਰਿਆਵਾਂ ਦੀ ਜਾਣਕਾਰੀ। ਮਜਬੂਰ ਹੋ ਕੇ ਉਹ ਖਾਲੀ ਹੱਥ ਪਰਤ ਆਇਆ।

ਜੀਤੂ ਇੱਕ ਗਰੀਬ ਆਦਿਵਾਸੀ ਹੈ। ਅਨਪੜ੍ਹ ਹੋਣ ਕਾਰਨ ਉਸਨੂੰ ਡੈੱਥ ਸਰਟੀਫਿਕੇਟ ਬਣਵਾਉਣਾ ਜਾਂ ਵਾਰਸ ਪ੍ਰਮਾਣ ਪੱਤਰ ਲੈਣ ਬਾਰੇ ਕੋਈ ਸਮਝ ਨਹੀਂ ਸੀ। ਬੈਂਕ ਦੇ ਸਖ਼ਤ ਜਵਾਬ ਤੋਂ ਬਾਅਦ ਉਹ ਪੂਰੀ ਤਰ੍ਹਾਂ ਟੁੱਟ ਗਿਆ।

ਸੋਮਵਾਰ ਨੂੰ ਜੀਤੂ ਪਿੰਡ ਦੇ ਸ਼ਮਸ਼ਾਨ ਘਾਟ ਪਹੁੰਚਿਆ। ਉਸ ਨੇ ਭੈਣ ਦੀ ਕਬਰ ਪੁੱਟੀ ਅਤੇ ਉਸ ਦਾ ਕੰਕਾਲ ਕੱਢ ਲਿਆਂਦਾ। ਇਸ ਤੋਂ ਬਾਅਦ ਉਸਨੇ ਪਿੰਜਰ ਨੂੰ ਕੱਪੜੇ ਵਿੱਚ ਲਪੇਟਿਆ, ਮੋਢੇ ‘ਤੇ ਰੱਖਿਆ ਅਤੇ ਕਰੀਬ 3 ਕਿਲੋਮੀਟਰ ਪੈਦਲ ਚੱਲ ਕੇ ਬੈਂਕ ਪਹੁੰਚ ਗਿਆ। ਬੈਂਕ ਦੇ ਬਾਹਰ ਜੀਤੂ ਨੂੰ ਪਿੰਜਰ ਦੇ ਨਾਲ ਖੜ੍ਹਾ ਦੇਖ ਲੋਕ ਹੱਕੇ-ਬੱਕੇ ਰਹਿ ਗਏ। ਘਟਨਾ ਦੀ ਸੂਚਨਾ ਮਿਲਦੇ ਹੀ ਪਟਨਾ ਬਲਾਕ ਦੀ ਪੁਲਿਸ ਮੌਕੇ ‘ਤੇ ਪਹੁੰਚੀ। ਪੁਲਿਸ ਨੇ ਜੀਤੂ ਨੂੰ ਸਮਝਾਇਆ ਅਤੇ ਸ਼ਾਂਤ ਕਰਵਾਇਆ। ਅਧਿਕਾਰੀਆਂ ਨੇ ਭਰੋਸਾ ਦਿੱਤਾ ਕਿ ਮਾਮਲੇ ਨੂੰ ਮਨੁੱਖੀ ਨਜ਼ਰੀਏ ਨਾਲ ਦੇਖਿਆ ਜਾਵੇਗਾ ਅਤੇ ਬੈਂਕ ਤੋਂ ਵੀ ਜਵਾਬ ਮੰਗਿਆ ਗਿਆ ਹੈ।

ਪੁਲਿਸ ਅਨੁਸਾਰ, ਜੀਤੂ ਅਨਪੜ੍ਹ ਹੈ ਅਤੇ ਕਾਨੂੰਨੀ ਪ੍ਰਕਿਰਿਆ ਤੋਂ ਅਣਜਾਣ ਸੀ। ਪ੍ਰਸ਼ਾਸਨ ਨੇ ਉਸ ਨੂੰ ਨਿਯਮ ਸਮਝਾਏ ਅਤੇ ਜਲਦੀ ਪੈਸੇ ਦਿਵਾਉਣ ਦਾ ਭਰੋਸਾ ਦਿੱਤਾ। ਇਸ ਤੋਂ ਬਾਅਦ ਕੰਕਾਲ ਨੂੰ ਦੁਬਾਰਾ ਕਬਰਸਤਾਨ ਵਿੱਚ ਦਫ਼ਨਾ ਦਿੱਤਾ ਗਿਆ।

ਨੋਟ: ਪੰਜਾਬੀ ਦੀਆਂ ਖ਼ਬਰਾਂ ਪੜ੍ਹਨ ਲਈ ਤੁਸੀਂ ਸਾਡੀ ਐਪ ਨੂੰ ਡਾਊਨਲੋਡ ਕਰ ਸਕਦੇ ਹੋ। ਜੇ ਤੁਸੀਂ ਵੀਡੀਓ ਵੇਖਣਾ ਚਾਹੁੰਦੇ ਹੋ ਤਾਂ Global Punjab TV ਦੇ YouTube ਚੈਨਲ ਨੂੰ Subscribe ਕਰੋ। ਤੁਸੀਂ ਸਾਨੂੰ ਫੇਸਬੁੱਕ, ਟਵਿੱਟਰ ਅਤੇ ਇੰਸਟਾਗ੍ਰਾਮ ‘ਤੇ ਵੀ Follow ਕਰ ਸਕਦੇ ਹੋ। ਸਾਡੀ ਵੈੱਬਸਾਈਟ https://globalpunjabtv.com/ ‘ਤੇ ਜਾ ਕੇ ਵੀ ਹੋਰ ਖ਼ਬਰਾਂ ਨੂੰ ਪੜ੍ਹ ਸਕਦੇ ਹੋ

Share This Article
Leave a Comment