ਬ੍ਰਿਟੇਨ ਦੇ PM ਨੇ ਭਾਰਤੀ ਮੂਲ ਦੇ ਡਾਂਸਰ ਰਾਜੀਵ ਗੁਪਤਾ ਨੂੰ ‘ਪੁਆਇੰਟ ਆਫ ਲਾਈਟ’ ਨਾਲ ਕੀਤਾ ਸਨਮਾਨਿਤ

TeamGlobalPunjab
2 Min Read

ਲੰਦਨ : ਇਸ ਸਮੇਂ ਪੂਰੀ ਦੁਨੀਆ ‘ਚ ਕੋਰੋਨਾ ਦਾ ਕਹਿਰ ਜਾਰੀ ਹੈ। ਇਸ ‘ਚ ਹੀ ਇੱਕ ਭਾਰਤੀ ਮੂਲ ਦੇ ਵਿਅਕਤੀ ਰਾਜੀਵ ਗੁਪਤਾ ਨੇ ਬ੍ਰਿਟੇਨ ‘ਚ ਕੋਰੋਨਾ ਮਹਾਮਾਰੀ ਕਾਰਨ ਕੀਤੇ ਗਏ ਲੌਕਡਾਊਨ ਦੌਰਾਨ ਲੋਕਾਂ ਨੂੰ ਸਰੀਰਕ ਅਤੇ ਮਾਨਸਿਕ ਤੌਰ ‘ਤੇ ਫਿੱਟ ਰੱਖਣ ਲਈ ਮੁਫਤ ‘ਚ ਆਨਲਾਈਨ ਭੰਗੜਾ-ਕਸਰਤ ਦੀਆਂ ਕਲਾਸਾਂ ਦਾ ਸੰਚਾਲਨ ਕੀਤਾ ਹੈ। ਇਸ ਸ਼ਲਾਘਾਯੋਗ ਕਾਰਜ ਲਈ ਉਸ ਨੂੰ ‘ਪੁਆਇੰਟ ਆਫ਼ ਲਾਈਟ’ ਨਾਲ ਸਨਮਾਨਤ ਕੀਤਾ ਗਿਆ ਹੈ। ਇੱਥੇ ਦੱਸ ਦਈਏ ਕਿ ਰਾਜੀਵ ਗੁਪਤਾ ਨੇ ਆਪਣੀ ਡਾਂਸ ਕਲਾਸ ਦੇ ਇੱਕ ਵਿਸ਼ੇਸ਼ ਸੈਸ਼ਨ ‘ਚ ਲੋਕਾਂ ਨੂੰ ਮੁਫਤ ਡਾਂਸ ਦੀ ਸਿਖਲਾਈ ਦਿੱਤੀ ਹੈ। ਰਾਜੀਵ ਦੇ ਇਸ ਸ਼ਲਾਘਾਯੋਗ ਕਾਰਜ ਤੋਂ ਪ੍ਰਭਾਵਿਤ ਹੋ ਕੇ ਬ੍ਰਿਟਿਸ਼ ਪ੍ਰਧਾਨਮੰਤਰੀ ਬੋਰਿਸ ਜਾਨਸਨ ਨੇ ਉਨ੍ਹਾਂ ਨੂੰ ਇਹ ਵੱਕਾਰੀ ਸਨਮਾਨ ਦਿੱਤਾ ਹੈ।

ਇਸ ਕਲਾਸ ‘ਚ ਉਹ ਅਕਸਰ ਸਾਰਿਆਂ ਨੂੰ ਭੰਗੜਾ ਸਿਖਾਉਂਦੇ ਨਜ਼ਰ ਆਏ। ਗੁਪਤਾ ਦਾ ਮੰਨਣਾ ਹੈ ਕਿ ਤੇਜ਼ ਰਫਤਾਰ ਤੇ ਉੱਚੀ ਬੀਟ ਵਾਲੇ ਰਸਮੀ ਭਾਰਤੀ ਨਾਚ ਭੰਗੜਾ ਕਰਨ ਨਾਲ ਕਸਰਤ ਵੀ ਹੋ ਜਾਂਦੀ ਹੈ।

ਬ੍ਰਿਟੇਨ ਦੇ ਪ੍ਰਧਾਨ ਮੰਤਰੀ ਜਾਨਸਨ ਨੇ ਰਾਜੀਵ ਗੁਪਤਾ ਨੂੰ ਇੱਕ ਪੱਤਰ ‘ਚ ਲਿਖਿਆ, ਤੁਹਾਡੀਆਂ ਆਨਲਾਈਨ ਭੰਗੜਾ ਕਲਾਸਾਂ ‘ਚ ਭਾਗ ਲੈਣ ਵਾਲੇ ਲੋਕਾਂ ‘ਚ ਊਰਜਾ ਦਾ ਸੰਚਾਰ ਹੋਇਆ ਹੈ। ਇਸ ਲਈ ਉਹ ਕੋਰੋਨਾ ਸੰਕਟ ਦੇ ਸਮੇਂ ਦੇਸ਼ ਦੇ ਲੋਕਾਂ ਲਈ ‘ਪੁਆਇੰਟ ਆਫ ਲਾਈਟ’ ਸਾਬਿਤ ਹੋਏ ਹਨ।

ਦੱਸ ਦਈਏ ਕਿ ਬ੍ਰਿਟੇਨ ‘ਚ ਹੁਣ ਤੱਕ ਕੋਰੋਨਾ ਦੇ 34 ਹਜ਼ਾਰ ਤੋਂ ਵੱਧ ਮਾਮਲੇ ਸਾਹਮਣੇ ਆ ਚੁੱਕ ਹਨ ਅਤੇ 6 ਹਜ਼ਾਰ ਤੋਂ ਵੱਧ ਲੋਕ ਕੋਰੋਨਾ ਨਾਲ ਦਮ ਤੋੜ ਚੁੱਕੇ ਹਨ। ਵਿਸ਼ਵ ਪੱਧਰ ‘ਤੇ ਕੋਰੋਨਾ ਸੰਕਰਮਿਤ ਮਰੀਜ਼ਾਂ ਦਾ ਅੰਕੜਾ 1 ਕਰੋੜ 80 ਲੱਖ ਤੋਂ ਪਾਰ ਪਹੁੰਚ ਗਿਆ ਹੈ ਅਤੇ 6 ਲੱਖ 88 ਹਜ਼ਾਰ ਲੋਕਾਂ ਦੀ ਵਾਇਰਸ ਨਾਲ ਮੌਤ ਹੋ ਗਈ ਹੈ।

- Advertisement -

Share this Article
Leave a comment