ਹਰਾ ਇਨਕਲਾਬ ਕਿਸ ਤਰ੍ਹਾਂ ਆਵੇਗਾ ?

TeamGlobalPunjab
10 Min Read

-ਕੁਲਵਿੰਦਰ ਕੌਰ ਗਿੱਲ ਅਤੇ ਸਪਨਾ ਠਾਕੁਰ;

ਮਾਨਸੂਨ ਰੁੱਤ ਮੌਸਮੀ ਵਰਖਾ ਨਾਲ ਸੰਬੰਧਿਤ ਹੈ ਅਤੇ ਰੁੱਤ ਦੇ ਬਦਲਣ ਨਾਲ ਹਵਾ ਦੇ ਰੁੱਖ ਵਿੱਚ ਵੀ ਬਦਲਾਅ ਆਉਂਦਾ ਹੈ। ਗਰਮੀ ਦੀ ਮੌਨਸੂਨ ਨੂੰ ਦੱਖਣ-ਪੱਛਮੀ ਮੌਨਸੂਨ ਕਿਹਾ ਜਾਂਦਾ ਹੈ ਕਿਉਂਕਿ ਇਸ ਵੇਲੇ ਚੱਲਣ ਵਾਲੀਆਂ ਪੌਣਾਂ ਦਾ ਰੁੱਖ ਦੱਖਣ-ਪੱਛਮੀ ਹੁੰਦਾ ਹੈ। ਸੂਬੇ ਵਿੱਚ ਮਈ-ਜੂਨ ਮਹੀਨਿਆਂ ਦੀ ਅੱਤ ਦੀ ਗਰਮੀ ਤੋਂ ਬਾਅਦ ਧਰਤੀ ਦੇ ਭਖਦੇ ਸੀਨੇ ਨੂੰ ਠਾਰਨ ਲਈ ਸਾਉਣ ਦਾ ਮਹੀਨਾ ਵਰਦਾਨ ਬਣ ਕੇ ਆਉਂਦਾ ਹੈ। ਜਦੋਂ ਕਾਲੀਆਂ ਘਟਾਵਾਂ ਚੜ੍ਹ ਕੇ ਆਉਂਦੀਆ ਹਨ ਅਤੇ ਬੱਦਲ ਵੀ ਆਪਣੇ ਪੂਰੇ ਜ਼ੋਰ ਨਾਲ ਵਰਣ ਲੱਗਦੇ ਹਨ। ਉਸ ਸਮੇਂ ਸਾਰੇ ਜੀਵ-ਜੰਤੂ, ਪਸ਼ੂ-ਪੰਛੀ ਖੁਸ਼ੀ ਵਿੱਚ ਝੂੰਮਣ ਲੱਗਦੇ ਹਨ ਅਤੇ ਪੇੜ੍ਹ-ਪੌਦਿਆ ਤੇ ਵੀ ਪੂਰਾ ਨਿਖਾਰ ਆਉਣ ਲੱਗਦਾ ਹੈ।ਹਰ ਸਾਲ ਮਾਨਸੂਨ ਰੁੱਤ ਦੌਰਾਨ “ਵਣ ਮਹਾਂਉਤਸਵ” ਵੱਖ-ਵੱਖ ਸਰਕਾਰੀ-ਗੈਰ ਸਰਕਾਰੀ ਅਦਾਰਿਆ, ਵਣ ਵਿਭਾਗ, ਸਕੂਲਾਂ, ਕਾਲਜਾਂ ਅਤੇ ਐਨ ਜੀਓ ਵੱਲੋਂ ਬੜ੍ਹੇ ਉਤਸ਼ਾਹ ਨਾਲ ਮਨਾਇਆ ਜਾਂਦਾ ਹੈ। ਜਿਸ ਦਾ ਮੁੱਖ ਮੰਤਵ ਧਰਤੀ ਤੇ ਮਨੁੱਖਤਾ ਦੀ ਹੋਂਦ ਨੂੰ ਬਰਕਰਾਰ ਰੱਖਣ ਲਈ ਦਰੱਖਤਾਂ ਦੀ ਮਹੱਤਤਾ ਬਾਰੇ ਲੋਕਾਂ ਨੂੰ ਜਾਗਰੂਕ ਕਰਵਾਉਣਾ ਹੈ।

ਪੰਜਾਬ ਇੱਕ ਵਿਕਸਿਤ ਸੂਬਾ ਹੈ, ਜਿੱਥੇ ਨਹਿਰੀ ਪਾਣੀ ਦੇ ਨਾਲ-ਨਾਲ ਸਿੰਚਾਈ ਸਾਧਨ ਵੀ ਪੂਰੀ ਤਰ੍ਹਾਂ ਪ੍ਰਫੁਲਿਤ ਹਨ ਪਰ ਫਿਰ ਵੀ ਖੇਤੀਬਾੜੀ ਦਾ ਦਾਰੋਮਦਾਰ ਮਾਨਸੂਨ ਤੇ ਕਾਫੀ ਹੱਦ ਤੱਕ ਨਿਰਭਰ ਕਰਦਾ ਹੈ ।ਮੌਨਸੂਨ ਵਰਖਾ ਦੀ ਆਮਦ, ਮਾਤਰਾ, ਮਿਆਦ ਅਤੇ ਰਵਾਨਗੀ ਬਹੁਤੇ ਦੇਸ਼ਾਂ ਦੀ ਆਰਥਿਕਤਾ ਉਪਰ ਚੌਖਾ ਪ੍ਰਭਾਵ ਪਾਉਂਦੀ ਹੈ ।ਦੇਖਿਆ ਗਿਆ ਹੈ ਕਿ ਹਰ ਸਾਲ ਵਰਖਾ ਦੀ ਆਮਦ, ਮਾਤਰਾ, ਮਿਆਦ ਅਤੇ ਰਵਾਨਗੀ ਵਿੱਚ ਉਤਰਾਅ-ਚੜਾਅ ਆਉਂਦਾ ਰਹਿੰਦਾ ਹੈ।ਜੇਕਰ 10 ਮਈ ਤੋਂ ਬਾਅਦ, ਦੱਖਣੀ ਭਾਰਤ ਵਿਚ ਉਪਸਥਿਤ 14 ਸਟੇਸ਼ਨਾਂ ਵਿਚੋਂ 60% ਵਿੱਚ ਲਗਾਤਾਰ ਦੋ ਦਿਨਾਂ ਤਕ 2.5 ਮਿਲੀਮੀਟਰ ਜਾਂ ਇਸ ਤੋਂ ਵੱਧ ਵਰਖਾ ਹੋਵੇ, ਹਵਾ ਦੀ ਦਿਸ਼ਾ ਅਤੇ ਗਤੀ ਅਨੁਕੂਲ ਹੋਵੇ ਤਾਂ ਦੱਖਣੀ ਭਾਰਤ ਦੇ ਕੇਰਲਾ ਦੇ ਤੱਟ ਤੇ ਮਾਨਸੂਨ ਦੀ ਆਮਦ ਘੋਸ਼ਿਤ ਕਰ ਦਿੱਤੀ ਜਾਂਦੀ ਹੈ।ਭਾਰਤ ਵਿੱਚ, ਗਰਮੀਆਂ ਦੀ ਮਾਨਸੂਨ ਰੁੱਤ ਦਾ ਅਗਾਜ਼ 1 ਜੂਨ ਨੂੰ ਕੇਰਲਾ ਵਿਖੇ ਹੋ ਜਾਂਦਾ ਹੈ ਅਤੇ ਇਹ ਹਵਾਵਾਂ 1 ਜੁਲਾਈ ਤੱਕ ਪੰਜਾਬ ਵਿੱਚ ਪਹੁੰਚ ਜਾਂਦੀਆਂ ਹਨ।ਪਰ ਇਸ ਸਾਲ ਪੰਜਾਬ ਵਿੱਚ ਮਾਨਸੂਨ ਸਧਾਰਨ ਸਮੇਂ ਤੋਂ 17 ਦਿਨ ਪਹਿਲਾ 13 ਜੂਨ ਨੂੰ ਪਹੁੰਚ ਗਈ, ਮੌਨਸੂਨ ਦੀ ਪੰਜਾਬ ਵਿੱੱਚ ਅਗੇਤੀ ਸ਼ੁਰੂਆਤ ਹੋਣ ਦੇ ਬਾਵਜੂਦ, ਜੂਨ ਮਹੀਨੇ ਦੇ ਦੂਜੇ ਪੰਦਰਵਾੜੇ ਦੌਰਾਨ ਪੂਰੇ ਰਾਜ ਵਿੱਚ ਮੌਸਮ ਗਰਮ ਅਤੇ ਹੁੰਮਸ ਭਰਿਆ ਰਿਹਾ। ਮੌਸਮ ਵਿਭਾਗ ਦੇ ਅੰਕੜਿਆਂ ਅਨੁਸਾਰ ਪੰਜਾਬ ਵਿੱਚ ਜੂਨ ਦੇ ਚੌਥੇ ਹਫ਼ਤੇ ਦੌਰਾਨ ਵਰਖਾ ਔਸਤਨ ਨਾਲੋਂ 60 ਪ੍ਰਤੀਸ਼ਤ ਤੋਂ ਵੀ ਜਿਆਦਾ ਘੱਟ ਰਹੀ। ਉਸ ਤੋਂ ਬਾਅਦ 13 ਜੁਲਾਈ ਨੂੰ ਮਾਨਸੂਨ ਨੇ ਪੰਜਾਬ ਸੂਬੇ ਸਮੇਤ ਪੂਰੇ ਉਤਰੀ ਭਾਰਤ ਨੂੰ ਆਪਣੇ ਕਲਾਵੇਂ ਵਿੱਚ ਲੈ ਲਿਆ ਅਤੇ ਪਿਛਲੇ ਘਾਟੇ ਨੂੰ ਵੀ ਕਾਫੀ ਹੱਦ ਤੱਕ ਇਸ ਬਾਰਿਸ਼ ਨੇ ਪੂਰਾ ਕਰ ਲਿਆ।ਪੰਜਾਬ ਵਿਚ ਮੌਨਸੂਨ ਦੀ ਆਮ ਮਿਆਦ 77 ਦਿਨਾਂ (1 ਜੂਨ ਤੋਂ 15 ਸਤੰਬਰ) ਦੀ ਹੁੰਦੀ ਹੈ ਅਤੇ ਵੱਖ-ਵੱਖ ਭਾਗਾਂ ਵਿੱਚ 250 ਮਿਲੀਲੀਟਰ ਤੋਂ ਲੈ ਕੇ 1000 ਮਿਲੀਲੀਟਰ ਤੱਕ ਵਰਖਾ ਹੋ ਜਾਂਦੀ ਹੈ ।

ਪੰਜਾਬ ਵਿੱਚ ਮਾਨਸੂਨ ਨੂੰ ਭਵਿੱਖ ਲਈ ਰਾਮਬਾਣ ਸਮਝਿਆ ਜਾਂਦਾ ਹੈ। ਮੌਨਸੂਨ ਦੀ ਆਮਦ ਗਰਮੀ ਦੇ ਪ੍ਰਕੋਪ ਨੂੰ ਖਤਮ ਕਰ ਦਿੰਦੀ ਹੈ। ਲੋਕ ਇਸ ਵੱਲ ਇਸ ਕਰਕੇ ਧਿਆਨ ਦਿੰਦੇ ਹਨ ਕਿਉਂਕਿ ਇਸ ਨਾਲ ਸੁੱਕੀ ਧਰਤੀ ਨੂੰ ਪਾਣੀ ਮਿਲਦਾ ਹੈ। ਲੋਕਾਂ ਨੇ ਪਾਣੀ ਦੇ ਸੋਮੇ ਭਰਨੇ ਹੁੰਦੇ ਹਨ, ਫਸਲਾਂ ਦੇ ਬੀਜ ਬੀਜਣੇ ਹੁੰਦੇ ਹਨ ਅਤੇ ਗਰਮੀ ਤੋਂ ਰਾਹਤ ਪ੍ਰਾਪਤ ਕਰਨੀ ਹੁੰਦੀ ਹੈ। ਬਹੁਤੇ ਲੋਕਾਂ ਦੀ ਸਾਰੀ ਜ਼ਿੰਦਗੀ ਇਸ ਵਰਖਾ ਉੱਤੇ ਹੀ ਨਿਰਭਰ ਕਰਦੀ ਹੈ।ਜਿਥੇ ਸਾਉਣੀ ਦੀਆਂ ਫਸਲਾਂ ਦੱਖਣ ਪੱਛਮੀ ਮਾਨਸੂਨ ਦੀ ਕਾਰਗੁਜ਼ਾਰੀ ਤੇ ਬਹੁਤ ਨਿਰਭਰ ਕਰਦੀਆਂ ਹਨ, ਉਥੇ ਇਨ੍ਹਾਂ ਦਿਨਾਂ ਵਿੱਚ ਮਾਨਸੂਨ ਦਾ ਲਾਹਾ ਲੈ ਕੇ ਰੁੱਖ ਲਗਾ ਕੇ ਧਰਤੀ ਨੂੰ ਸ਼ਿੰਗਾਰਿਆ ਜਾ ਸਕਦਾ ਹੈ। ਜਿਸ ਨਾਲ ਵਾਤਾਵਰਨ ਵੀ ਸਾਫ ਹੁੰਦਾ ਹੈ ਅਤੇ ਵਾਤਾਵਰਨ ਵਿੱਚ ਦਿਨੋ-ਦਿਨ ਹੋ ਰਹੀਆਂ ਤਬਦੀਲੀਆਂ ਨੂੰ ਵੀ ਠੱਲ ਪਾਈ ਜਾ ਸਕਦੀ ਹੈ।ਮਨੁੱਖਤਾ ਦੀ ਕੁਦਰਤ ਨਾਲ ਛੇੜ-ਛਾੜ, ਰਹਿਣ ਸਹਿਣ ਦੇ ਆਧੁਨਿਕ ਤਰੀਕਿਆਂ, ਦਿਨੋ-ਦਿਨ ਵੱਧ ਰਹੇ ਉਦਯੋਗੀਕਰਨ, ਸ਼ਹਿਰੀਕਰਨ ਅਤੇ ਜੰਗਲਾਂ ਦੀ ਅੰਧਾ-ਧੁੰਦ ਕਟਾਈ ਵਾਤਾਵਰਨ ਵਿੱਚ ਜ਼ਹਰੀਲੀਆਂ ਗਰੀਨ ਹਾਊਸ ਗੈਸਾਂ ਦੀ ਬਹੁਤਾਤ ਦਾ ਇੱਕ ਪ੍ਰਮੁੱਖ ਕਾਰਨ ਹਨ।ਜੇਕਰ ਇਸ ਤਰ੍ਹਾਂ ਦੇ ਹਾਲਾਤ ਬਣੇ ਰਹੇ ਤਾਂ ਅਨੁਮਾਨ ਲਗਾਏ ਜਾ ਰਹੇ ਹਨ ਕਿ ਸਦੀ ਦੇ ਅਖੀਰ ਤੱਕ ਇੱਕ ਡਿਗਰੀ ਤੱਕ ਤਾਪਮਾਨ ਵੱਧਣ ਦੀ ਸੰਭਾਵਨਾ ਹੈ।

- Advertisement -

ਸੜਕਾਂ ਦੇ ਕੰਢਿਆਂ ਤੋਂ ਦਰੱਖਤਾਂ ਦੇ ਕੱਟੇ ਜਾਣ, ਵੱਧ ਰਹੇ ਕਾਰਾਂ ਦੇ ਧੂੰਏ, ਫੈਕਟਰੀਆਂ ਦੇ ਧੂੰਏ ਅਤੇ ਏ ਸੀ ਦੀ ਗਰਮੀ ਨਾਲ ਸ਼ਹਿਰ ਭੱਠੀ ਦੀ ਤਰਾਂ੍ਹ ਤੱਪਦੇ ਨਜ਼ਰ ਆਉਂਦੇ ਹਨ।ਦੂਜੇ ਪਾਸੇ ਜੇ ਨਜ਼ਰ ਮਾਰੀਏ ਤਾਂ ਸ਼ਹਿਰਾਂ ਵਿੱਚ ਰੁੱਖ ਨਾ-ਮਾਤਰ ਹੀ ਹਨ ਜੋ ਕਿ ਹਵਾ ਵਿੱਚ ਨਮੀਂ ਨੂੰ ਬਰਕਰਾਰ ਰੱਖਣ ਅਤੇ ਤਾਪਮਾਨ ਦੀ ਸੰਜਮਤਾ ਲਈ ਬੇਹੱਦ ਜ਼ਰੂਰੀ ਹਨ। ਦਰੱਖਤ ਜਿਥੇ ਹਵਾ ਵਿੱਚ ਪ੍ਰਦੂਸ਼ਨ ਨੂੰ ਘਟਾਉਣ ਵਿੱਚ ਸਹਾਈ ਹੁੰਦੇ ਹਨ, ਉੱਥੇ ਛਾਂ ਮੁਹੱਈਆ ਕਰਕੇ ਅਤੇ ਵਾਸ਼ਪੀਕਰਨ ਨਾਲ ਤਾਪਮਾਨ ਨੂੰ ਘਟਾਉਣ ਵਿੱਚ ਵੀ ਯੋਗਦਾਨ ਪਾਉਂਦੇ ਹਨ। ਇਸ ਲਈ ਇਹ ਜ਼ਰੂਰੀ ਹੈ ਕਿ ਵੱਧ ਤੋਂ ਵੱਧ ਰੁੱਖ ਲਗਾਈਏ ਅਤੇ ਉਨ੍ਹਾਂ ਦੀ ਸਾਂਭ-ਸੰਭਾਲ ਦੀ ਜ਼ਿੰਮੇਵਾਰੀ ਨਿਭਾਈਏ। ਪਰ ਅਫਸੋਸ ਇਸ ਗੱਲ ਦਾ ਹੈ ਕਿ ਰੁੱਖਾਂ ਦੀ ਗਿਣਤੀ ਵਧਾਉਣ ਵਿੱਚ ਲਗਾਏ ਜਾ ਰਹੇ ਪੌਦਿਆਂ ਦਾ ਯੋਗਦਾਨ ਨਾਮਾਤਰ ਹੀ ਹੈ ਕਿਉਂਕਿ ਲਗਾਏ ਜਾ ਰਹੇ ਪੌਦਿਆਂ ਦੀ ਸਾਂਭ-ਸੰਭਾਲ ਲਈ ਕੋਸ਼ਿਸ਼ਾਂ ਨਹੀਂ ਕੀਤੀਆਂ ਜਾ ਰਹੀਆਂ । ਖਾਸ ਕਰਕੇ ਮੁੱਢਲੇ ਸਮੇਂ ਵਿੱਚ ਜਦੋਂ ਬੂਟੇ ਨੇ ਆਪਣੀ ਪਕੜ ਮਜ਼ਬੂਤ ਕਰਨੀ ਹੁੰਦੀ ਹੈ । ਇਸ ਲਈ ਸਾਨੂੰ ਨਵੇਂ ਲਗਾਏ ਜਾ ਰਹੇ ਬੂਟਿਆਂ ਦੀ ਸੰਭਾਲ ਦੀ ਜ਼ਿੰਮੇਵਾਰੀ ਸੰਭਾਲਣੀ ਪਵੇਗੀ ਤਾਂ ਕਿ ਅਸੀਂ ਵਾਰ-ਵਾਰ ਇੱਕੋ ਜਗ੍ਹਾ ਨਵੇਂ ਬੂਟੇ ਲਗਾ-ਲਗਾ ਕੇ ਆਪਣਾ ਕੀਮਤੀ ਸਮਾਂ ਅਤੇ ਪੈਸਾ ਵਿਅਰਥ ਨਾ ਗਵਾਈਏ । ਇਹ ਬਹੁਤ ਜ਼ਰੂਰੀ ਹੈ ਕਿ ਅਸੀਂ ਪਤਾ ਲਗਾਈਏ ਕਿ ਨਵੇਂ ਲਗਾਏ ਜਾ ਰਹੇ ਪੌਦੇ ਕਿਉਂ ਨਹੀਂ ਵੱਧ ਫੁੱਲ ਰਹੇ ਤਾਂ ਕਿ ਆਉਣ ਵਾਲੇ ਸਮੇਂ ਵਿੱਚ ਪੌਦੇ ਲਗਾਉਣ ਦੀਆਂ ਮੁਹਿੰਮਾਂ ਨੇਪਰੇ ਚੜ ਸਕਣ । ਇਸ ਲਈ ਸਹੀ ਜਗ੍ਹਾ ਦੀ ਚੋਣ, ਸਹੀ ਗੁਣਵੱਤਾ ਵਾਲੇ ਪੌਦੇ, ਸਹੀ ਢੰਗ, ਲਗਾਉਣ ਤੋਂ ਬਾਅਦ ਦੀ ਸਾਂਭ-ਸੰਭਾਲ ਅਤੇ ਤਰਤੀਬ ਆਦਿ ਦਾ ਧਿਆਨ ਜ਼ਰੂਰ ਰੱਖਿਆ ਜਾਵੇ । ਪੌਦੇ ਲਗਾਉਣ ਲਈ ਵੇਲੇ ਸਿਰ ਪਹਿਲਾਂ ਹੀ ਪਨੀਰੀ ਦੀ ਲਵਾਈ ਤੋਂ ਲੈ ਕੇ ਪੌਦੇ ਦੀ ਪੂਰੀ ਜੜ੍ਹ ਲੱਗਣ ਤੱਕ ਦੀ ਵਿਉਂਤਬੰਦੀ ਕੀਤੀ ਜਾਵੇ ।

ਇਸ ਗੱਲ ਦਾ ਵੀ ਧਿਆਨ ਰੱਖਿਆ ਜਾਵੇ ਕਿ ਪੌਦੇ ਦੀ ਸਹੀ ਕਿਸਮ ਨੂੰ ਸਹੀ ਸਥਾਨ ਲਈ ਹੀ ਚੁਣਿਆ ਜਾਵੇ ਤਾਂ ਕਿ ਉਸ ਜਗ੍ਹਾ ਦਾ ਪੌਣ-ਪਾਣੀ ਪੌਦੇ ਦੇ ਵਾਧੇ ਲਈ ਅਨੁਕੂਲ ਹੋਵੇ। ਇਹ ਵੀ ਧਿਆਨ ਰੱਖਣ ਦੀ ਲੋੜ ਹੈ ਕਿ ਕਿਹੜੇ ਰੁੱਖ ਸਵਦੇਸ਼ੀ ਅਤੇ ਕਿਹੜੇ ਵਿਦੇਸ਼ੀ ਮੂਲ ਦੇ ਹਨ ।ਰੁੱਖਾਂ ਦੀ ਚੋਣ ਲੋੜ ਅਨੁਸਾਰ ਕੁਝ ਇਸ ਤਰ੍ਹਾਂ ਕੀਤੀ ਜਾ ਸਕਦੀ ਹੈ :
ਵਾਤਾਵਰਨ ਦੀ ਸ਼ੁੱਧਤਾ ਲਈ : ਵਾਤਾਵਰਨ ਦੀ ਸ਼ੁੱਧਤਾ ਲਈ ਪੌਦਿਆਂ ਦੀ ਚੋਣ ਕਰਨੀ ਹੋਵੇ ਤਾਂ ਲੰਮੇ ਸਮੇਂ ਤੱਕ ਚੱਲਣ ਵਾਲੇ ਅਤੇ ਘੱਟ ਸਰੋਤਾਂ ਵਾਲੇ ਰੁੱਖਾਂ ਦੀ ਚੋਣ ਕਰਨੀ ਚਾਹੀਦੀ ਹੈ । ਜਿਵੇਂ ਕਿ ਸ਼ੀਸ਼ਮ, ਸਾਗਵਾਨ, ਮਹੋਗਨੀ ਆਦਿ । ਇਨ੍ਹਾਂ ਦੀ ਜੜ੍ਹ ਮਜ਼ਬੂਤ ਹੋਵੇ ਅਤੇ ਆਲੇ-ਦੁਆਲੇ ਨੂੰ ਚੰਗੀ ਤਰ੍ਹਾਂ ਢਾਲ ਸਕਣ ।
ਘਰੇਲੂ ਬਗੀਚੀ ਲਈ : ਜੇਕਰ ਘਰ ਵਿੱਚ ਘਰੇਲੂ ਵਰਤੋਂ ਲਈ ਫਲ ਦੇ ਤੌਰ ਤੇ ਜਾਂ ਛਾਂਦਾਰ ਰੁੱਖਾਂ ਦੀ ਚੋਣ ਕਰਨੀ ਹੋਵੇ ਤਾਂ ਜਾਮਣ, ਸੁਹਾਂਜਣਾ, ਨੀਮ, ਧਰੇਕ, ਅਮਲਤਾਸ ਵਰਗੇ ਰੁੱਖ ਲਗਾਏ ਜਾ ਸਕਦੇ ਹਨ ।

ਕਾਰੋਬਾਰ ਲਈ : ਜੇਕਰ ਆਮਦਨ ਦੇ ਪੱਖ ਤੋਂ ਚੋਣ ਕਰਨੀ ਹੋਵੇ ਤਾਂ ਪਾਪਲਰ, ਸਫੈਦਾ, ਧਰੇਕ, ਬਾਂਸ, ਗੁਆਡ ਆਦਿ ਲਗਾਏ ਜਾ ਸਕਦੇ ਹਨ ।ਖਾਸ ਕਰਕੇ ਸ਼ੀਸ਼ਮ, ਦਿਨਾਰ, ਸੁਹਾਂਜਣਾ, ਨੀਮ, ਧਰੇਕ, ਤੁਣ, ਤੂਤ, ਬਹੇੜਾ, ਹਰਡ ਆਦਿ ਨੂੰ ਸਥਾਨਕ ਹਲਾਤਾਂ ਦੇ ਅਨੁਕੂਲ ਹੋਣ ਕਰਕੇ ਤਵੱਜੋ ਦੇਣੀ ਚਾਹੀਦੀ ਹੈ ।
ਇਹ ਰੁੱਖ ਸਾਡੀ ਕੁਦਰਤੀ ਵਨਸਪਤੀ ਨੂੰ ਸੰਭਾਲਦੇ ਹਨ ਅਤੇ ਮਿੱਟੀ ਨੂੰ ਵੀ ਖੁਰਨ ਤੋਂ ਰੋਕਦੇ ਹਨ । ਇਸ ਤੋਂ ਇਲਾਵਾ ਵਿਦੇਸ਼ੀ ਮੂਲ ਦੇ ਛੇਤੀ ਵਧਣ-ਫੁੱਲਣ ਵਾਲੇ ਰੁੱਖ ਆਮਦਨ ਦੇ ਪੱਖੋਂ ਬਹੁਤ ਵਧੀਆ ਚੋਣ ਹਨ ਪਰ ਇਹ ਧਿਆਨ ਦੇਣ ਦੀ ਲੋੜ ਹੈ ਕਿ ਉਹ ਉਸ ਜਗ੍ਹਾ ਦੇ ਅਨੁਕੂਲ ਹੋਣ ।
ਰੁੱਖਾਂ ਦੀ ਚੋਣ ਅਤੇ ਮੁਹਿੰਮ ਦਾ ਮਕਸਦ ਉਲੀਕਣ ਤੋਂ ਬਾਅਦ ਕੁਝ ਗੱਲਾਂ ਦਾ ਧਿਆਨ ਰੱਖੋ :
• ਜਿਹੜੇ ਰੁੱਖ ਲਗਾਉਣੇ ਹਨ ਉਹ ਸਰਕਾਰੀ ਅਦਾਰਿਆਂ ਜਾਂ ਮਨਜ਼ੂਰਸ਼ੁਦਾ ਗੈਰ ਸਰਕਾਰੀ ਨਰਸਰੀਆਂ ਤੋਂ ਹੀ ਲਏ ਜਾਣ ।
• ਰੁੱਖ ਲਾਉਣ ਦਾ ਸਮਾਂ ਅਤੇ ਰੁੱਤ ਨੂੰ ਧਿਆਨ ਵੱਚ ਰੱਖਣਾ ਬਹੁਤ ਜ਼ਰੂਰੀ ਹੈ ਕਿਉਂਕਿ ਰੁੱਖ ਜ਼ਿਆਦਾਤਰ ਵਰਖਾ ਰੁੱਤੇ ਹੀ ਲਾਉਣੇ ਚਾਹੀਦੇ ਹਨ ।
• ਰੁੱਖ ਲਗਾਉਣ ਲਈ ਸਹੀ ਅਕਾਰ ਦੇ ਟੋਏ ਪੁੱਟਣੇ ਜ਼ਰੂਰੀ ਹਨ ਤਾਂ ਕਿ ਜੜ੍ਹਾਂ ਚੰਗੀ ਤਰ੍ਹਾਂ ਫੈਲ ਸਕਣ ਅਤੇ ਮਿੱਟੀ ਦੀ ਨਮੀਂ ਵੀ ਬਰਕਰਾਰ ਰਹੇ ।
• ਰੁੱਖਾਂ ਨੂੰ ਟੋਏ ਦੇ ਵਿਚਕਾਰ ਰੱਖੋ ਅਤੇ ਟੋਏ ਨੂੰ ਰੂੜੀ ਦੀ ਖਾਦ ਅਤੇ ਪੋਲੀ ਮਿੱਟੀ ਨਾਲ ਭਰੋ ।
• ਪੌਦੇ ਲਗਾਉਣ ਤੋਂ ਇਕਦਮ ਬਾਅਦ ਪਾਣੀ ਲਗਾਓ ਅਤੇ ਉਸ ਤੋਂ ਬਾਅਦ 1-2 ਹਫਤਿਆਂ ਬਾਅਦ ਪਾਣੀ ਲਗਾਉਂਦੇ ਰਹੋ ।
• ਪੌਦੇ ਲਗਾਉਣ ਤੋਂ ਬਾਅਦ ਸਾਂਭ-ਸੰਭਾਲ ਜ਼ਰੂਰ ਰੱਖੋ ਅਤੇ ਲੋੜ ਪੈਣ ਤੇ ਪੌਦਿਆਂ ਨੂੰ ਦੁਬਾਰਾ ਵੀ ਲਗਾਇਆ ਜਾ ਸਕਦਾ ਹੈ ।
• ਨਦੀਨਾਂ ਦੀ ਰੋਕਥਾਮ ਸਮੇਂ-ਸਮੇਂ ਤੇ ਜ਼ਰੂਰ ਕਰੋ ।
• ਲੋੜ ਪੈਣ ‘ਤੇ ਮਾਹਿਰਾਂ ਨਾਲ ਰਾਬਤਾ ਜ਼ਰੂਰ ਰੱਖੋ ।

ਸਹੀ ਸ਼ਬਦਾਂ ਵਿੱਚ ਹਰਾ ਇਨਕਲਾਬ ਉਦੋਂ ਹੀ ਆ ਸਕਦਾ ਜਦੋਂ ਪੰਜਾਬ ਦਰੱਖਤਾਂ ਨਾਲ ਹਰਿਆ-ਭਰਿਆ ਹੋਵੇ ।

Share this Article
Leave a comment