ਕੈਨੇਡਾ ’ਚ ਲਾਰੈਂਸ ਬਿਸ਼ਨੋਈ ਗੈਂਗ ਨੂੰ ਅੱਤਵਾਦੀ ਸੰਗਠਨ ਐਲਾਨਣ ਦੀ ਉੱਠੀ ਮੰਗ

Global Team
2 Min Read

ਟੋਰਾਂਟੋ: ਕੈਨੇਡਾ ਵਿੱਚ ਲਾਰੈਂਸ ਬਿਸ਼ਨੋਈ ਗੈਂਗ ਨੂੰ ਅੱਤਵਾਦੀ ਸੰਗਠਨ ਐਲਾਨਣ ਦੀ ਮੰਗ ਨੇ ਜ਼ੋਰ ਫੜਿਆ ਹੈ। ਇਹ ਮੰਗ ਬ੍ਰਿਟਿਸ਼ ਕੋਲੰਬੀਆ ਦੇ ਮੁਖੀ ਡੇਵਿਡ ਏਬੀ ਨੇ ਉਠਾਈ ਹੈ। ਕੁਝ ਸਿੱਖ ਸੰਗਠਨਾਂ ਦਾ ਦੋਸ਼ ਹੈ ਕਿ ਭਾਰਤੀ ਏਜੰਸੀਆਂ ਇਸ ਗੈਂਗ ਨੂੰ ਵਿਦੇਸ਼ਾਂ ਵਿੱਚ ਪੰਜਾਬੀਆਂ ਦੇ ਕਤਲ ਲਈ ਵਰਤ ਰਹੀਆਂ ਹਨ। ਸੂਤਰਾਂ ਮੁਤਾਬਕ, ਇਹ ਮੰਗ ਸਿੱਖ ਭਾਈਚਾਰੇ ਵੱਲੋਂ ਬ੍ਰਿਟਿਸ਼ ਕੋਲੰਬੀਆ ਸਰਕਾਰ ਅੱਗੇ ਰੱਖੀ ਗਈ ਸੀ।

ਬ੍ਰਿਟਿਸ਼ ਕੋਲੰਬੀਆ ਦੇ ਮੁਖੀ ਡੇਵਿਡ ਏਬੀ ਨੇ ਇੱਕ ਅਹਿਮ ਬਿਆਨ ਵਿੱਚ ਕੈਨੇਡਾ ਦੇ ਪ੍ਰਧਾਨ ਮੰਤਰੀ ਮਾਰਕ ਕਾਰਨੀ ਨੂੰ ਅਪੀਲ ਕੀਤੀ ਕਿ ਲਾਰੈਂਸ ਬਿਸ਼ਨੋਈ ਨੂੰ ਅੱਤਵਾਦੀ ਅਤੇ ਉਸ ਦੇ ਗੈਂਗ ਨੂੰ ਅੱਤਵਾਦੀ ਸੰਗਠਨ ਘੋਸ਼ਿਤ ਕੀਤਾ ਜਾਵੇ। ਇਹ ਬਿਆਨ ਅਜਿਹੇ ਸਮੇਂ ਆਇਆ ਹੈ ਜਦੋਂ ਕੈਨੇਡਾ ਵਿੱਚ G7 ਸੰਮੇਲਨ ਹੋਇਆ। ਇਹ ਮੁੱਦਾ ਨਾ ਸਿਰਫ਼ ਕੈਨੇਡਾ ਬਲਕਿ ਵਿਸ਼ਵ ਪੱਧਰ ’ਤੇ ਵੀ ਚਿੰਤਾ ਦਾ ਵਿਸ਼ਾ ਬਣਿਆ ਹੋਇਆ ਹੈ।

ਡੇਵਿਡ ਏਬੀ ਨੇ ਕਿਹਾ, “ਹਰ ਵਿਅਕਤੀ ਨੂੰ ਬਿਨਾਂ ਕਿਸੇ ਡਰ ਜਾਂ ਖਤਰੇ ਦੇ ਸੁਰੱਖਿਅਤ ਜੀਵਨ ਦਾ ਅਧਿਕਾਰ ਹੈ। ਮੈਂ ਪ੍ਰਧਾਨ ਮੰਤਰੀ ਕਾਰਨੀ ਨੂੰ ਅਪੀਲ ਕਰਦਾ ਹਾਂ ਕਿ ਲਾਰੈਂਸ ਬਿਸ਼ਨੋਈ ਗੈਂਗ ਨੂੰ ਕੈਨੇਡਾ ਵਿੱਚ ਅੱਤਵਾਦੀ ਸੰਗਠਨ ਵਜੋਂ ਸੂਚੀਬੱਧ ਕੀਤਾ ਜਾਵੇ। ਇਸ ਨਾਲ ਪੁਲਿਸ ਨੂੰ ਜਬਰੀ ਵਸੂਲੀ ਅਤੇ ਅਪਰਾਧਾਂ ਨੂੰ ਰੋਕਣ ਲਈ ਵਾਧੂ ਸਰੋਤ ਮਿਲਣਗੇ।”

ਏਬੀ ਨੇ ਅੱਗੇ ਕਿਹਾ ਕਿ ਇਹ ਗੈਂਗ ਬ੍ਰਿਟਿਸ਼ ਕੋਲੰਬੀਆ, ਅਲਬਰਟਾ ਅਤੇ ਓਂਟਾਰੀਓ ਵਿੱਚ ਦੱਖਣੀ ਏਸ਼ੀਆਈ ਭਾਈਚਾਰੇ ’ਤੇ ਜਬਰੀ ਵਸੂਲੀ ਅਤੇ ਹੋਰ ਅਪਰਾਧਕ ਗਤੀਵਿਧੀਆਂ ਵਿੱਚ ਸ਼ਾਮਲ ਹੈ। ਉਨ੍ਹਾਂ ਨੇ ਦੱਸਿਆ ਕਿ ਉਹ ਪ੍ਰਧਾਨ ਮੰਤਰੀ ਨੂੰ ਇਸ ਸਬੰਧੀ ਪੱਤਰ ਲਿਖਣਗੇ, ਜਿਸ ਵਿੱਚ ਗੈਂਗ ਨੂੰ ਅੱਤਵਾਦੀ ਸੰਗਠਨ ਐਲਾਨਣ ਦੀ ਮੰਗ ਕੀਤੀ ਜਾਵੇਗੀ।

ਜਾਣਕਾਰੀ ਅਨੁਸਾਰ, ਲਾਰੈਂਸ ਬਿਸ਼ਨੋਈ ਦਾ ਨਾਮ ਹੁਣ ਖਤਰਨਾਕ ਗੈਂਗਸਟਰਾਂ ਵਿੱਚ ਸ਼ੁਮਾਰ ਹੁੰਦਾ ਹੈ। ਉਸ ਦਾ ਜਨਮ 12 ਫਰਵਰੀ 1993 ਨੂੰ ਪੰਜਾਬ ਦੇ ਫਾਜ਼ਿਲਕਾ ਵਿੱਚ ਹੋਇਆ ਸੀ, ਅਤੇ ਉਸ ਦੇ ਪਿਤਾ ਪੁਲਿਸ ਕਾਂਸਟੇਬਲ ਸਨ। ਉਸ ਦੇ ਗੋਰੇ ਰੰਗ ਕਾਰਨ ਪਰਿਵਾਰ ਨੇ ਉਸ ਦਾ ਨਾਮ ਲਾਰੈਂਸ ਰੱਖਿਆ, ਹਾਲਾਂਕਿ ਪੁਲਿਸ ਰਿਕਾਰਡ ਵਿੱਚ ਉਸ ਦਾ ਨਾਮ ਸਤਵਿੰਦਰ ਸਿੰਘ ਬੱਲੂ ਹੈ।

ਪਿਛਲੇ ਸਮੇਂ ਵਿੱਚ ਲਾਰੈਂਸ ਬਿਸ਼ਨੋਈ ਗੈਂਗ ਨੇ ਸੁੱਖਾ ਦੁਨੇਕੇ ਦੇ ਕਤਲ ਦੀ ਜ਼ਿੰਮੇਵਾਰੀ ਲਈ ਸੀ। ਇਸ ਸਮੇਂ ਲਾਰੈਂਸ ਬਿਸ਼ਨੋਈ ਗੁਜਰਾਤ ਦੀ ਸਾਬਰਮਤੀ ਜੇਲ੍ਹ ਵਿੱਚ ਬੰਦ ਹੈ। 23 ਅਗਸਤ 2023 ਨੂੰ ਗੁਜਰਾਤ ਪੁਲਿਸ ਨੇ ਉਸ ਨੂੰ ਦਿੱਲੀ ਜੇਲ੍ਹ ਤੋਂ ਸਾਬਰਮਤੀ ਜੇਲ੍ਹ ਵਿੱਚ ਤਬਦੀਲ ਕੀਤਾ ਸੀ।

Share This Article
Leave a Comment