ਆਸਟ੍ਰੇਲੀਆ ‘ਚ ਬੇਕਾਬੂ ਕਾਰ ਨੇ ਦਰੜੇ 2 ਭਾਰਤੀ ਪਰਿਵਾਰ

Global Team
2 Min Read

ਮੈਲਬਰਨ: ਆਸਟ੍ਰੇਲੀਆ ‘ਚ ਇੱਕ ਦਰਦਨਾਕ ਹਾਦਸੇ ਦੌਰਾਨ ਦੋ ਭਾਰਤੀ ਪਰਿਵਾਰਾਂ ਦੇ ਪੰਜ ਜੀਆਂ ਦੀ ਮੌਤ ਹੋ ਗਈ। ਮੈਲਬਰਨ ਤੋਂ ਲਗਭਗ 100 ਕਿਲੋਮੀਟਰ ਦੂਰ ਡੇਲਜ਼ਫਰਡ ਕਸਬੇ ਵਿਚ ਇਕ ਹੋਟਲ ਦੇ ਬਾਹਰ ਬਣੇ ਬੀਅਰ ਗਾਰਡਨ ‘ਚ ਬੈਠੇ ਦਰਜਨਾਂ ਲੋਕ ਖਾਣਾ ਖਾ ਰਹੇ ਸਨ ਕਿ ਅਚਾਨਕ ਇਕ ਬੇਕਾਬੂ ਕਾਰ ਉਨ੍ਹਾਂ ‘ਤੇ ਜਾ ਚੜ੍ਹੀ। ਹਾਦਸੇ ਦੌਰਾਨ ਪੰਜ ਜਣੇ ਦਮ ਤੋੜ ਗਏ ਜਿਨ੍ਹਾਂ ‘ਚ ਪ੍ਰਤਿਭਾ ਸ਼ਰਮਾ, ਉਸ ਦੇ ਪਤੀ ਜਤਿਨ ਚੁੱਘ ਅਤੇ 9 ਸਾਲ ਦੀ ਧੀ ਅਨਵੀ ਤੋਂ ਇਲਾਵਾ ਵਿਵੇਕ ਭਾਟੀਆ ਅਤੇ ਉਸ ਦਾ ਵੱਡਾ ਬੇਟਾ ਸ਼ਾਮਲ ਹਨ, ਜਦਕਿ ਵਿਵੇਕ ਦੀ ਪਤਨੀ ਰੁਚੀ ਭਾਟੀਆ ਅਤੇ ਛੇ ਸਾਲ ਦਾ ਬੇਟਾ ਅਬੀਰ ਜ਼ਖਮੀ ਹੋ ਗਏ।

ਆਸਟ੍ਰੇਲੀਆ ਸਿੱਖ ਸਪੋਰਟ ਗਰੁੱਪ ਦੇ ਸਕੱਤਰ ਗੁਰਜੀਤ ਸਿੰਘ ਨੇ ਪ੍ਰਤਿਭਾ ਸ਼ਰਮਾ 2020 ਵਿਚ ਬਤੌਰ ਵਾਲੰਟੀਅਰ ਉਨਾਂ ਦੀ ਜਥੇਬੰਦੀ ‘ਚ ਸ਼ਾਮਲ ਹੋਈ ਅਤੇ ਕੁਆਰਨਟੀਨ ਕੀਤੇ ਲੋਕਾਂ ਤੱਕ ਖਾਣਾ ਅਤੇ ਦਵਾਈ ਪਹੁੰਚਾਉਣ ‘ਚ ਮਦਦ ਕਰਨ ਲੱਗੀ। ਪ੍ਰਤਿਭਾ ਸ਼ਰਮਾ ਆਪਣੇ ਪਤੀ ਨਾਲ ਪੁਆਇੰਟ ਕੁਕ ਵਿਖੇ ਰਹਿ ਰਹੀ ਸੀ ਅਤੇ ਛੁੱਟੀਆਂ ਮਨਾਉਣ ਡੇਲਜ਼ਫਰਡ ਕਸਬੇ ਵਿਚ ਆਈ। ਪ੍ਰਤਿਭਾ ਸ਼ਰਮਾ ਨੇ ਪਿਛਲੇ ਸਮੇਂ ਦੌਰਾਨ ਸੂਬਾਈ ਚੋਣਾਂ ਅਤੇ ਸਿਟੀ ਕੌਂਸਲ ਚੋਣਾਂ ਵੀ ਲੜੀਆਂ। ਦੂਜੇ ਪਾਸੇ ਟਾਰਨੇਟ ਦਾ 38 ਸਾਲਾ ਵਿਵੇਕ ਭਾਟੀਆ ਵੀ ਆਪਣੇ ਪਰਿਵਾਰ ਨਾਲ ਛੁੱਟੀਆਂ ਮਨਾਉਣ ਆਇਆ ਹੋਇਆ ਸੀ।

ਹਾਦਸੇ ਦੌਰਾਨ ਵਿਵੇਕ ਭਾਟੀਆ ਅਤੇ ਉਸ ਦੇ 11 ਸਾਲ ਬੇਟੇ ਵਿਹਾਨ ਦੀ ਮੌਤ ਹੋ ਗਈ। ਰਾਇਲ ਡੇਲਜ਼ਵਰਡ ਹੋਟਲ ਦੇ ਸਰਪ੍ਰਸਤ ਐਂਥਨੀ ਫਰਾਂਸਿਸ ਨੇ ਭਰੇ ਮਨ ਨਾਲ ਕਿਹਾ ਕਿ ਜਿਥੇ ਲੋਕ ਖੁਸ਼ੀਆਂ ਮਨਾ ਰਹੇ ਸਨ, ਉੱਥੇ ਹਰ ਪਾਸੇ ਖੂਨ ਹੀ ਖੂਨ ਨਜ਼ਰ ਆਉਣ ਲੱਗਾ।

ਹਾਦਸੇ ਦੌਰਾਨ 11 ਮਹੀਨੇ ਦਾ ਇਕ ਬੱਚਾ ਚਮਤਕਾਰੀ ਤਰੀਕੇ ਨਾਲ ਬਚ ਗਿਆ ਜਦਕਿ ਦੋ ਹੋਰ ਜ਼ਖਮੀਆਂ ਦੀ ਹਾਲਤ ਵੀ ਖਤਰੇ ਤੋਂ ਬਾਹਰ ਦੱਸੀ ਜਾ ਰਹੀ ਹੈ। ਬੀ.ਐਮ.ਡਬਲਿਊ, ਦੇ ਡਰਾਈਵਰ ਨੂੰ ਫਿਲਹਾਲ ਹਸਪਤਾਲ ਤੋਂ ਛੁੱਟੀ ਨਹੀਂ ਮਿਲ ਸਕੀ ਜਿਸ ਦਾ ਮਾਨਸਿਕ ਝਟਕਾ ਲੱਗਣ ਦਾ ਇਲਾਜ ਚੱਲ ਰਿਹਾ ਹੈ। ਡਰਾਈਵਰ ਦਾ ਕੋਈ ਅਪਰਾਧਿਕ ਰਿਕਾਰਡ ਨਹੀਂ ਅਤੇ ਸ਼ਰਾਬ ਪੀਤੀ ਹੋਣ ਦੇ ਸਬੂਤ ਵੀ ਨਹੀਂ ਮਿਲੇ। ਪੁਲਿਸ ਵੱਲੋਂ ਇਸ ਗੱਲ ਦੀ ਪੜਤਾਲ ਕੀਤੀ ਜਾ ਰਹੀ ਹੈ ਕਿ ਆਖਰਕਾਰ ਕਾਰ ਬੇਕਾਬੂ ਕਿਵੇਂ ਹੋਈ ਅਤੇ ਬੀਅਰ ਗਾਰਡਨ ਵਿਚ ਬੈਠੇ ਲੋਕਾਂ ਵੱਲ ਕਿਵੇਂ ਮੁੜੀ।

- Advertisement -

Share this Article
Leave a comment