ਬਰਾੜ ਅਤੇ ਬੀਬੀ ਜਗੀਰ ਕੌਰ ਬਾਦਲਾਂ ਵਿਰੁੱਧ ਹੋਏ ਇਕੱਠੇ !

Rajneet Kaur
4 Min Read

ਜਗਤਾਰ ਸਿੰਘ ਸਿੱਧੂ (ਮੈਨੇਜਿੰਗ ਐਡੀਟਰ)

ਸੀਨੀਅਰ ਅਕਾਲੀ ਆਗੂ ਜਗਮੀਤ ਸਿੰਘ ਬਰਾੜ ਅਤੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀ ਸਾਬਕਾ ਪ੍ਰਧਾਨ ਬੀਬੀ ਜਗੀਰ ਕੌਰ ਨੇ ਇਕ ਵਾਰ ਮੁੜ ਕੇ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਦੀ ਲੀਡਰਸ਼ੀਪ ਨੂੰ ਚੁਣੌਤੀ ਦਿੱਤੀ ਹੈ।ਅਸਲ ਵਿਚ ਪਿਛਲੇ ਕਾਫੀ ਦਿਨਾਂ ਤੋਂ ਜਗਮੀਤ ਬਰਾੜ ਪੰਥਕ ਅਤੇ ਰਾਜਸੀ ਮਾਮਲਿਆਂ ਨੂੰ ਲੈ ਕੇ ਅਕਾਲੀ ਆਗੂਆਂ ਨਾਲ ਮੁਲਾਕਾਤਾਂ ਕਰ ਰਹੇ ਹਨ।ਬਰਾੜ ਵੱਲੋਂ ਸਾਂਝੇ ਤੌਰ ’ਤੇ ਸੋਚ-ਵਿਚਾਰ ਕਰਨ ਲਈ ਇਕ ਕਮੇਟੀ ਬਣਾਈ ਗਈ ਸੀ ਅਤੇ ਹੁਣ ਉਸ ਕਮੇਟੀ ਵਿਚ ਕਈਂ ਨਵੇਂ ਨਾਮ ਸ਼ਾਮਿਲ ਕੀਤੇ ਗਏ ਹਨ।ਵੱਡੀ ਗੱਲ ਇਹ ਹੈ ਕਿ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਦੇ ਅਹੁਦੇ ਲਈ ਚੋਣ ਲੜਨ ਤੋਂ ਬਾਅਦ ਬੀਬੀ ਜਗੀਰ ਕੌਰ ਨੇ ਪਹਿਲੀ ਵਾਰ ਖੁੱਲ੍ਹੇ ਤੌਰ ’ਤੇ ਬਰਾੜ ਦੀ ਮੁਹਿੰਮ ਦੀ ਹਮਾਇਤ ਕੀਤੀ ਹੈ।ਇਸ ਸਾਰੇ ਮਾਮਲੇ ਨੂੰ ਲੈ ਕੇ ਅਕਾਲੀ ਦਲ ਅੰਦਰ ਨਵੇਂ ਸਿਰੇ ਤੋਂ ਇਕ ਘਮਸਾਣ ਜਿਹਾ ਮੱਚ ਗਿਆ ਹੈ।ਅਕਾਲੀ ਦਲ ਵੱਲੋਂ ਬਰਾੜ ਨੂੰ ਪਹਿਲਾਂ ਹੀ ਨੋਟਿਸ ਜਾਰੀ ਹੋ ਚੁੱਕਾ ਹੈ।ਇਹ ਸਮਝਿਆ ਜਾਂਦਾ ਹੈ ਕਿ ਪਾਰਟੀ ਦੀ ਅਨੁਸ਼ਾਸਨੀ ਕਮੇਟੀ ਬਰਾੜ ਨੂੰ ਬਾਹਰ ਦਾ ਰਾਹ ਵਖਾਉਣ ਦੀ ਤਿਆਰੀ ਕਰੀ ਬੈਠੀ ਹੈ।ਬੀਬੀ ਜਗੀਰ ਕੌਰ ਨੂੰ ਅਕਾਲੀ ਦਲ ਪਹਿਲਾਂ ਹੀ ਪਾਰਟੀ ਤੋਂ ਬਾਹਰ ਕੱਢ ਚੁੱਕਿਆ ਹੈ।ਹੁਣ ਅਕਾਲੀ ਲੀਡਰਸ਼ਿਪ ਵੱਲੋਂ ਮੀਡੀਆ ਵਿਚ ਜਾਕੇ ਬਰਾੜ ਵਿਰੁੱਧ ਲਗਾਤਾਰ ਬਿਆਨਬਾਜ਼ੀ ਕੀਤੀ ਜਾ ਰਹੀ ਹੈ ਅਤੇ ਕਿਹਾ ਜਾ ਰਿਹਾ ਕਿ ਬਰਾੜ ਵੱਲੋਂ ਪਾਰਟੀ ਵਿਚ ਏਕੇ ਦੀ ਚਲਾਈ ਮੁਹਿੰਮ ਨਾਲ ਪਾਰਟੀ ਦਾ ਕੋਈ ਲੈਣ-ਦੇਣਾ ਨਹੀਂ ਹੈ ਇਹ ਵੀ ਕਿਹਾ ਜਾ ਰਿਹਾ ਹੈ ਕੀ ਪਾਰਟੀ ਅੰਦਰ ਬਰਾੜ ਨਾਲ ਕੋਈ ਵੱਡਾ ਨੇਤਾ ਨਹੀਂ ਹੈ।ਦੂਜੇ ਪਾਸੇ ਬਰਾੜ ਅਤੇ ਬੀਬੀ ਜਗੀਰ ਕੌਰ ਦਾ ਦਾਅਵਾ ਹੈ ਕਿ ਉਹ ਅਕਾਲੀ ਦਲ ਦੀ ਮਜ਼ਬੂਤੀ ਲਈ ਕੰਮ ਕਰ ਰਹੇ ਹਨ ਅਤੇ ਉਹ ਫੈਸਲੇ ਲੈਣ ਦੀ ਜ਼ਰੂਰਤ ਹੈ ਜਿਹੜੇ ਕਿ ਪੰਜਾਬੀ ਚਾਹੁੰਦੇ ਹਨ।ਖਾਸਤੌਰ ’ਤੇ ਇਹ ਦੋਵੇਂ ਆਗੂ ਪਾਰਟੀ ਦੀ ਲੀਡਰਸ਼ਿਪ ਵਿਚ ਤਬਦੀਲੀ ਦੀ ਗੱਲ ਕਰ ਰਹੇ ਹਨ।

ਜਗਮੀਤ ਬਰਾੜ ਵੱਲੋਂ ਅਗਲੇ ਕੁੱਝ ਦਿਨਾਂ ਤੱਕ ਅਕਾਲੀ ਆਗੂਆਂ ਨਾਲ ਵਿਚਾਰ ਚਰਚਾ ਕਰਨ ਦੀ ਮੁਹਿੰਮ ਨਵੇਂ ਸਿਰੇ ਤੋਂ ਸ਼ੁਰੂ ਕੀਤੀ ਜਾ ਰਹੀ ਹੈ।ਬਰਾੜ ਵੱਲੋਂ ਅਜਿਹੀ ਪਹਿਲੀ ਮੀਟਿੰਗ ਭੁਲੱਥ ਵਿਖੇ ਕੀਤੀ ਜਾ ਰਹੀ ਹੈ ਜਿਹੜਾ ਕਿ ਬੀਬੀ ਜਗੀਰ ਕੌਰ ਦਾ ਹਲਕਾ ਹੈ।ਬੀਬੀ ਜਗੀਰ ਕੌਰ ਹੀ ਇਸ ਮੀਟਿੰਗ ਦੀ ਪ੍ਰਧਾਨਗੀ ਕਰਨਗੇ ਇਹ ਤਾਂ ਆਉਣ ਵਾਲਾ ਸਮਾਂ ਦੱਸੇਗਾ ਕਿ ਬਰਾੜ ਅਤੇ ਬੀਬੀ ਜਗੀਰ ਕੌਰ ਦੀ ਮੁਹਿੰਮ ਨੂੰ ਅਕਾਲੀ ਦਲ ਦੇ ਆਗੂ ਕਿਨ੍ਹਾਂ ਹੁੰਗਾਰਾ ਭਰਦੇ ਹਨ ਪਰ ਇਹ ਸਹੀ ਹੈ ਕਿ ਇਹ ਮੁਹਿੰਮ ਅਕਾਲੀ ਦਲ ਲਈ ਇਕ ਨਵੀਂ ਚੁਣੌਤੀ ਬਣ ਸਕਦੀ ਹੈ।ਉੰਂਝ ਅਕਾਲੀ ਦਲ ਦੇ ਆਗੂਆਂ ਦਾ ਕਹਿਣਾ ਹੈ ਕਿ ਪਹਿਲਾਂ ਵੀ ਕੁੱਝ ਆਗੂਆਂ ਨੇ ਬਗਾਵਤ ਕੀਤੀ ਸੀ ਪਰ ਪੰਜਾਬ ਦੇ ਲੋਕਾਂ ਨੇ ਕੋਈ ਹੁੰਗਾਰਾਂ ਨਹੀਂ ਭਰਿਆ।ਜੇਕਰ ਦੇਖਿਆ ਜਾਵੇ ਤਾਂ ਅਕਾਲੀ ਦਲ ਨੂੰ ਦੂਹਰੀ ਲੜਾਈ ਲੜਨੀ ਪੈ ਰਹੀ ਹੈ।ਇਕ ਪਾਸੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀਆਂ ਆਮ ਚੋਣਾਂ ਦੀ ਚੁਣੌਤੀ ਪਾਰਟੀ ਦੇ ਸਾਹਮਣੇ ਹੈ ਤਾਂ ਦੂਜੇ ਪਾਸੇ ਪਾਰਟੀ ਨੂੰ ਅਜੇ ਵੀ ਪੰਜਾਬੀਆਂ ਦਾ ਕੋਈ ਵੱਡਾ ਹੁੰਗਾਰਾ ਮਿਲਦਾ ਨਜ਼ਰ ਨਹੀਂ ਆ ਰਿਹਾ।ਕਈਂ ਸੰਵੇਦਣਸ਼ੀਲ ਮੁੱਦਿਆਂ ਉਪਰ ਪਾਰਟੀ ਪਹਿਲਾਂ ਹੀ ਬਚਾਅ ਦੀ ਲੜਾਈ ਲੜ ਰਹੀ ਹੈ।

ਬੇਸ਼ਕ ਸ਼੍ਰੋਮਣੀ ਅਕਾਲੀ ਦਲ ਵੱਲੋਂ ਭਗਵੰਤ ਮਾਨ ਸਰਕਾਰ ਉਪਰ ਵੀ ਲਗਾਤਾਰ ਹਮਲੇ ਕੀਤੇ ਜਾ ਰਹੇ ਹਨ ਪਰ ਬੇਅਦਬੀ ਅਤੇ ਕਈ ਭ੍ਰਿਸ਼ਟਾਚਾਰ ਦੇ ਮਾਮਲਿਆਂ ਨੂੰ ਲੈ ਕੇ ਅਕਾਲੀ ਦਲ ਨੂੰ ਕਸੂਤੀ ਸਥਿਤੀ ਦਾ ਸਾਹਮਣਾ ਕਰਨਾ ਪੈ ਰਿਹਾ ਹੈ।ਅਜਿਹੀ ਸਥਿਤੀ ਵਿਚ ਬਰਾੜ ਦੀ ਚੁਣੌਤੀ ਮੁਸ਼ਕਿਲਾਂ ਵਿਚ ਹੋਰ ਵਾਧਾ ਹੀ ਕਰੇਗੀ।

- Advertisement -

Share this Article
Leave a comment