ਬਰੈਂਪਟਨ ਮਿਊਂਸੀਪਲ ਚੋਣਾਂ ਦੌਰਾਨ ਉਲੰਘਣਾ ਕਰਨ ਵਾਲਿਆਂ ਤੋਂ ਵਸੂਲਿਆ ਜਾਵੇਗਾ ਭਾਰੀ ਜੁਰਮਾਨਾ

Prabhjot Kaur
3 Min Read

ਬਰੈਂਪਟਨ: ਬਰੈਂਪਟਨ ਦੀ ਮਿਊਂਸਪਲ ਚੋਣ ਦੌਰਾਨ ਇਲੈਕਸ਼ਨ ਸਾਈਨ ਰੂਲਜ਼ ਦੀ ਉਲੰਘਣਾ ਕਰਨ ਵਾਲੇ ਉਮੀਦਵਾਰਾਂ ਕੋਲੋਂ 1 ਲੱਖ 58 ਹਜ਼ਾਰ ਡਾਲਰ ਜੁਰਮਾਨਾ ਵਸੂਲਿਆ ਜਾਵੇਗਾ। ਸੈਂਕੜੇ ਸ਼ਿਕਾਇਤਾਂ ਆਉਣ ਤੋਂ ਬਾਅਦ ਬਾਇਲਾਅ ਐਨਫੋਰਸਮੈਂਟ ਅਫ਼ਸਰਾਂ ਨੂੰ ਵੱਖ-ਵੱਖ ਉਮੀਦਵਾਰਾਂ ਦੇ 6 ਹਜ਼ਾਰ ਤੋਂ ਵੱਧ ਸਾਈਨ ਹਟਾਉਣੇ ਪਏ ਅਤੇ ਹੁਣ ਜੁਰਮਾਨਾ ਵਸੂਲਿਆ ਜਾ ਰਿਹਾ ਹੈ।

ਸਿਟੀ ਦੇ ਕਾਰਜਕਾਰੀ ਮੁੱਖ ਪ੍ਰਸ਼ਾਸਕੀ ਅਫ਼ਸਰ ਪਾਲ ਮੌਰੀਸਨ ਨੇ ਕੌਂਸਲ ਨੂੰ ਦੱਸਿਆ ਕਿ ਪ੍ਰਚਾਰ ਸਮੱਗਰੀ ਦੇ ਮਾਮਲੇ ‘ਚ ਨਿਯਮ ਛਿੱਕੇ ਟੰਗਣ ਵਾਲਿਆਂ ਨੇ ਨੱਕ ‘ਚ ਦਮ ਕਰ ਦਿੱਤਾ। ਨਾਜਾਇਜ਼ ਤਰੀਕੇ ਨਾਲ ਲੱਗੇ ਇਲੈਕਸ਼ਨ ਸਾਈਨਜ਼ ਦੀ ਗਿਣਤੀ ਐਨੀ ਜ਼ਿਆਦਾ ਸੀ ਕਿ ਇਨ੍ਹਾਂ ਨੂੰ ਰੱਖਣ ਲਈ ਜਗ੍ਹਾ ਹੀ ਨਹੀਂ ਬਚੀ। ਬਰੈਂਪਟਨ ਦੇ ਬਾਇਲਾਅ ਮੁਤਾਬਕ ਹਰ ਸਾਈਨ ਦੀ ਪੜਤਾਲ ਮਗਰੋਂ ਇਸ ਦੀਆਂ ਤਸਵੀਰਾਂ ਖਿੱਚੀਆਂ ਜਾਂਦੀਆਂ ਹਨ ਅਤੇ ਪੁੱਟ ਕੇ ਸਿਟੀ ਦੇ ਸੈਂਟਰ ‘ਚ ਰੱਖਣਾ ਪੈਂਦਾ ਹੈ।

ਸਿਟੀ ਵੱਲੋਂ ਫੈਸਲਾ ਕੀਤਾ ਗਿਆ ਹੈ ਕਿ ਭਵਿੱਖ ‘ਚ ਅਜਿਹੀ ਕੋਤਾਹੀ ਹੋਣ ਤੋਂ ਰੋਕਣ ਲਈ ਹਰ ਗਲਤ ਸਾਈਨ ਦਾ 25 ਡਾਲਰ ਜੁਰਮਾਨਾ ਕੀਤਾ ਜਾਵੇ। ਇਸ ਤਰੀਕੇ ਨਾਲ 6400 ਨਾਜਾਇਜ਼ ਇਲੈਕਸ਼ਨ ਸਾਈਨਜ਼ ਦਾ ਕੁੱਲ ਜੁਰਮਾਨਾ 1 ਲੱਖ 58 ਹਜ਼ਾਰ ਡਾਲਰ ਬਣਦਾ ਹੈ। ਜੁਰਮਾਨੇ ਦਾ ਸਾਹਮਣਾ ਕਰ ਰਹੇ ਉਮੀਦਵਾਰਾਂ ਦੀ ਪਛਾਣ ਜਨਤਕ ਨਹੀਂ ਕੀਤੀ ਗਈ। ਦੱਸਣਯੋਗ ਹੈ ਕਿ ਆਮ ਤੌਰ `ਤੇ ਨਾਜਾਇਜ਼ ਇਲੈਕਸ਼ਨ ਸਾਈਨ ਦੇ ਮਾਮਲੇ ‘ਚ ਅਦਾਲਤੀ ਸਹਾਰਾ ਲਿਆ ਜਾਂਦਾ ਹੈ ਪਰ ਪਾਲ ਮੌਰੀਸਨ ਦਾ ਮੰਨਣਾ ਹੈ ਕਿ ਇਸ ਤਰੀਕੇ ਨਾਲ ਕੋਤਾਹੀ ਦੇ ਜ਼ਿੰਮੇਵਾਰੀ ਉਮੀਦਵਾਰਾਂ ਨੂੰ 3 ਹਜ਼ਾਰ ਡਾਲਰ ਤੋਂ ਵੱਧ ਜੁਰਮਾਨਾ ਨਹੀਂ ਹੋ ਸਕੇਗਾ। ਇਸੇ ਦੌਰਾਨ ਬਰੈਂਪਟਨ ਬਾਇਲਾਅ ਸਰਵਿਸਿਜ਼ ਦੇ ਜੇ.ਪੀ. ਮੋਰਿਸ ਨੇ ਕਿਹਾ ਕਿ ਨਾਜਾਇਜ਼ ਸਾਈਨ ਲਾਉਣ ਦੀ ਸਮੱਸਿਆ ਸਿਰਫ਼ ਚੋਣਾਂ ਤੱਕ ਸੀਮਤ ਨਹੀਂ ਅਤੇ ਇਸ ਸਾਲ ਹੁਣ ਤੱਕ 33 ਹਜ਼ਾਰ ਅਣਅਧਿਕਾਰਤ ਸਾਈਕਲ ਜ਼ਬਤ ਕੀਤੇ ਜਾ ਚੁੱਕੇ ਹਨ। ਮਿਊਂਸਪਲ ਇਲੈਕਸ਼ਨ ਜਾਂ ਕਿਸੇ ਜ਼ਿਮਨੀ ਚੋਣ ਦੌਰਾਨ ਉਮੀਦਵਾਰਾਂ ਵਾਸਤੇ ਲਾਜ਼ਮੀ ਹੁੰਦਾ ਹੈ ਕਿ ਪ੍ਰਚਾਰ ਵਾਲੇ ਸਾਈਨ ਲਾਉਣ ਵਾਸਤੇ ਸਬੰਧਤ ਪ੍ਰਾਪਰਟੀ ਦੇ ਮਾਲਕ ਤੋਂ ਇਜਾਜ਼ਤ ਲਈ ਜਾਵੇ।

ਚੋਣਾਂ ਖ਼ਤਮ ਹੋਣ ਤੋਂ 72 ਘੰਟੇ ਦੇ ਅੰਦਰ ਇਹ ਸਾਈਨ ਹਟਾਉਣੇ ਸਬੰਧਤ ਉਮੀਦਵਾਰ ਦੀ ਜ਼ਿੰਮੇਵਾਰੀ ਬਣਦੀ ਹੈ। ਬਰੈਂਪਟਨ ਦੀ ਮਿਊਂਸਪਲ ਚੋਣ ਲਈ 30 ਸਤੰਬਰ ਨੂੰ ਸ਼ਾਮ 5 ਵਜੇ ਤੋਂ ਬਾਅਦ ਸਾਈਨ ਲਾਉਣ ਦੀ ਇਜਾਜ਼ਤ ਦਿੱਤੀ ਗਈ ਪਰ ਨਾਲ ਹੀ ਹੁਕਮ ਦਿੱਤੇ ਗਏ ਕਿ ਇੱਕ ਉਮੀਦਵਾਰ ਕਿਸੇ ਰਿਹਾਇਸ਼ੀ ਜਾਇਦਾਦ ‘ਚ ਦੋ ਤੋਂ ਵੱਧ ਸਾਈਨ ਨਹੀਂ ਲਾ ਸਕਦਾ। ਗੈਰ ਰਿਹਾਇਸ਼ੀ ਪ੍ਰਾਪਰਟੀ ਦੇ ਮਾਮਲੇ ‘ਚ ਪ੍ਰਤੀ ਉਮੀਦਵਾਰ ਤਿੰਨ ਸਾਈਨ ਦੀ ਸ਼ਰਤ ਲਾਗੂ ਕੀਤੀ ਗਈ ਜੋ ਸੰਭਾਵਤ ਤੌਰ ‘ਤੇ ਕਈ ਉਮੀਦਵਾਰਾਂ ਨੇ ਪੂਰੀ ਨਹੀਂ ਕੀਤੀ।

- Advertisement -

Share this Article
Leave a comment