ਸ੍ਰੀ ਅਨੰਦਪੁਰ ਸਾਹਿਬ : ਤਖਤ ਸ੍ਰੀ ਕੇਸਗੜ੍ਹ ਸਾਹਿਬ ਵਿਖੇ ਅਕਾਲੀ ਟਕਸਾਲੀ ਡੈਮੋਕ੍ਰੇਟਿਕ ਦਰਮਿਆਨ ਪੰਥਕ ਏਕਤਾ ਹੋ ਜਾਣ ਸਬੰਧੀ ਸ਼ੁਕਰਾਨਾ ਕਰਨ ਲਈ ਸ਼੍ਰੋਮਣੀ ਅਕਾਲੀ ਦਲ ਸੰਯੁਕਤ ਦੇ ਸਰਪ੍ਰਸਤ ਜਥੇਦਾਰ ਰਣਜੀਤ ਸਿੰਘ ਬ੍ਰਹਮਪੁਰਾ ਅਤੇ ਪਾਰਟੀ ਪ੍ਰਧਾਨ ਸੁਖਦੇਵ ਸਿੰਘ ਢੀਂਡਸਾ ਅਤੇ ਸਮੂਹ ਨਵਨਿਯੁਕਤ ਅਹੁਦੇਦਾਰ ਅਰਦਾਸ ਕਰਨ ਲਈ ਹਾਜ਼ਰ ਹੋਏ। ਇਸ ਮੌਕੇ ਸ਼੍ਰੋਮਣੀ ਅਕਾਲੀ ਦਲ ਸੰਯੁਕਤ ਦੇ ਸੀਨੀਅਰ ਮੀਤ ਪ੍ਰਧਾਨ ਜਥੇਦਾਰ ਉਜਾਗਰ ਸਿੰਘ ਬੰਡਾਲੀ ਦੇ ਪਰਿਵਾਰ ਵੱਲੋ ਰਖਾਏ ਸ੍ਰੀ ਅਖੰਡ ਪਾਠ ਸਾਹਿਬ ਦੇ ਭੋਗ ਪਾਏ ਗਏ ਤੇ ਇਲਾਹੀ ਕੀਰਤਨ ਹੋਇਆ।
ਪ੍ਰੈਸ ਨੂੰ ਜਾਣਕਾਰੀ ਦਿੰਦਿਆ ਸ਼੍ਰੋਮਣੀ ਅਕਾਲੀ ਦਲ ਸੰਯੁਕਤ ਦੇ ਜਨਰਲ ਸਕੱਤਰ ਕਰਨੈਲ ਸਿੰਘ ਪੀਰ ਮੁਹੰਮਦ ਨੇ ਕਿਹਾ ਕਿ ਖਾਲਸੇ ਦੀ ਜਨਮ ਭੂਮੀ ਸ੍ਰੀ ਅਨੰਦਪੁਰ ਸਾਹਿਬ ਵਿਖੇ ਜਥੇਦਾਰ ਬ੍ਰਹਮਪੁਰਾ ਅਤੇ ਢੀਂਡਸਾ ਨੇ ਗੁਰੂ ਚਰਨਾ ਵਿੱਚ ਅਰਦਾਸ ਕਰਕੇ ਪ੍ਰਣ ਲਿਆ ਹੈ ਕਿ ਪੰਥ ਅਤੇ ਪੰਜਾਬ ਦੇ ਸੁਨਹਿਰੀ ਭਵਿੱਖ ਲਈ ਉਹ ਆਖਰੀ ਸੁਆਸਾ ਤੱਕ ਇਕਜੁੱਟ ਰਹਿਕੇ ਕਾਰਜਸ਼ੀਲ ਹੋਣਗੇ ।
ਇਸ ਮੌਕੇ ਸ਼੍ਰੋਮਣੀ ਅਕਾਲੀ ਦਲ ਅਤੇ ਬਸਪਾ ਦੇ ਹੋਏ ਗੱਠਜੋੜ ਸਬੰਧੀ ਬੋਲਦਿਆਂ ਢੀਂਡਸਾ ਨੇ ਕਿਹਾ ਕਿ ਚੋਣਾਂ ਤੋਂ ਬਾਅਦ ਬਸਪਾ ਇਸ ਗੱਠਜੋੜ ਕਾਰਨ ਪਛਤਾਵੇਗੀ। ਇਸ ਤੋਂ ਇਲਾਵਾ ਜਦੋਂ ਉਨ੍ਹਾਂ ਤੋਂ ਪੁੱਛਿਆ ਗਿਆ ਕਿ ਅਕਾਲੀ ਦਲ ਸੰਯੁਕਤ ਕਿਸੇ ਪਾਰਟੀ ਦੇ ਨਾਲ ਚੋਣਾਂ ਲਈ ਗੱਠਜੋੜ ਕਰ ਸਕਦਾ ਹੈ ਤਾਂ ਉਨ੍ਹਾਂ ਕਿਹਾ ਕਿ ਅਕਾਲੀ ਦਲ ਕਾਂਗਰਸ ਅਤੇ ਭਾਰਤੀ ਜਨਤਾ ਪਾਰਟੀ ਨੂੰ ਛੱਡ ਕੇ ਕਿਸੇ ਵੀ ਪਾਰਟੀ ਦੇ ਨਾਲ ਗੱਠਜੋੜ ਕਰ ਸਕਦਾ ਹੈ, ਪਰ ਇਨ੍ਹਾਂ ਸਾਰੀਆਂ ਗੱਲਾਂ ਲਈ ਹਾਲੇ ਉਚਿਤ ਸਮਾਂ ਨਹੀਂ ਹੈ।