ਨਿਊਜ਼ ਡੈਸਕ: ਯੂਕਰੇਨ ਵਿੱਚ ਪੋਲੈਂਡ ਦੀ ਸਰਹੱਦ ਨੇੜੇ ਯਾਹੋਦੀਨ ਇਲਾਕੇ ਵਿੱਚ ਇੱਕ ਯਾਤਰੀ ਟਰੇਨ ਨੂੰ ਰੂਸੀ ਡਰੋਨ ਨੇ ਨਿਸ਼ਾਨਾ ਬਣਾਇਆ। ਹਮਲੇ ਵਿੱਚ ਟਰੇਨ ਦੇ ਇੰਜਣ ਨੂੰ ਨੁਕਸਾਨ ਪਹੁੰਚਿਆ ਹੈ। ਹਾਲਾਂਕਿ, ਇਸ ਘਟਨਾ ਵਿੱਚ ਕਿਸੇ ਜਾਨੀ ਨੁਕਸਾਨ ਹੋਣ ਦੀ ਸੂਚਨਾ ਨਹੀਂ ਹੈ।
ਹਮਲੇ ਤੋਂ ਕੁਝ ਸਮਾਂ ਪਹਿਲਾਂ ਲੰਘਿਆ ਸੀ ਬੋਰਿਸ ਜਾਨਸਨ ਦਾ ਕਾਫ਼ਲਾ
ਇਸ ਘਟਨਾ ਦੀ ਖ਼ਾਸ ਗੱਲ ਇਹ ਹੈ ਕਿ ਬ੍ਰਿਟੇਨ ਦੇ ਸਾਬਕਾ ਪ੍ਰਧਾਨ ਮੰਤਰੀ ਬੋਰਿਸ ਜਾਨਸਨ ਅਤੇ ਯੂਰਪ ਦੇ ਕਈ ਚੋਟੀ ਦੇ ਸੁਰੱਖਿਆ ਅਧਿਕਾਰੀ ਹਮਲੇ ਤੋਂ ਕੁਝ ਸਮਾਂ ਪਹਿਲਾਂ ਇਸੇ ਰੇਲ ਮਾਰਗ ਤੋਂ ਇੱਕ ਦੂਜੀ ਟਰੇਨ ਵਿੱਚ ਲੰਘੇ ਸਨ।
ਯੂਕਰੇਨੀ ਅਧਿਕਾਰੀਆਂ ਮੁਤਾਬਕ ਹਮਲਾ ਯਾਹੋਦੀਨ ਵਿੱਚ ਹੋਇਆ, ਜੋ ਪੋਲੈਂਡ ਦੀ ਸਰਹੱਦ ਤੋਂ ਕਰੀਬ ਦੋ ਕਿਲੋਮੀਟਰ ਦੂਰ ਹੈ।
ਬੋਰਿਸ ਜਾਨਸਨ ਦੇ ਨਾਲ ਯੂਰਪੀ ਦੇਸ਼ਾਂ ਦੇ ਕਈ ਰਾਸ਼ਟਰੀ ਸੁਰੱਖਿਆ ਸਲਾਹਕਾਰ ਵੀ ਇਸੇ ਰੇਲ ਮਾਰਗ ਤੋਂ ਗੁਜ਼ਰੇ ਸਨ। ਇਨ੍ਹਾਂ ਵਿੱਚ ਬ੍ਰਿਟੇਨ ਦੇ ਰਾਸ਼ਟਰੀ ਸੁਰੱਖਿਆ ਸਲਾਹਕਾਰ ਜੋਨਾਥਨ ਪਾਵੇਲ ਵੀ ਸ਼ਾਮਲ ਸਨ। ਸਾਰੇ ਅਧਿਕਾਰੀ ਕੀਏਵ ਵਿੱਚ ਹੋਏ ਇੱਕ ਸੰਮੇਲਨ ਵਿੱਚ ਹਿੱਸਾ ਲੈਣ ਤੋਂ ਬਾਅਦ ਵਾਪਸ ਪਰਤ ਰਹੇ ਸਨ।
ਰੂਸ ਨੇ ਵੀ ਕੀਤੀ ਹਮਲੇ ਦੀ ਪੁਸ਼ਟੀ
ਰੂਸ ਨੇ ਵੀ ਇਸ ਹਮਲੇ ਦੀ ਪੁਸ਼ਟੀ ਕੀਤੀ ਹੈ। ਰੂਸੀ ਪੱਖ ਮੁਤਾਬਕ ਪੱਛਮੀ ਯੂਕਰੇਨ ਵਿੱਚ ਰੇਲਵੇ ਦੇ ਬੁਨਿਆਦੀ ਢਾਂਚੇ ਨੂੰ ਨਿਸ਼ਾਨਾ ਬਣਾ ਕੇ ਹਮਲਾ ਕੀਤਾ ਗਿਆ।
ਹਾਲਾਂਕਿ, ਯੂਕਰੇਨ ਦੀ ਸਰਕਾਰੀ ਰੇਲਵੇ ਕੰਪਨੀ ਨੇ ਖ਼ਦਸ਼ਾ ਜਤਾਇਆ ਹੈ ਕਿ ਡਰੋਨ ਦਾ ਅਸਲ ਨਿਸ਼ਾਨਾ ਰਾਜਨਾਇਕਾਂ ਨੂੰ ਲੈ ਕੇ ਜਾ ਰਹੀ ਟਰੇਨ ਹੋ ਸਕਦੀ ਸੀ।
ਟਾਈਮਿੰਗ ਬਦਲਣ ਕਾਰਨ ਬਚ ਗਈ ਰਾਜਨਾਇਕਾਂ ਵਾਲੀ ਟਰੇਨ?
ਰੇਲਵੇ ਕੰਪਨੀ ਮੁਤਾਬਕ ਟਾਈਮਟੇਬਲ ਵਿੱਚ ਬਦਲਾਅ ਕਾਰਨ ਰਾਜਨਾਇਕਾਂ ਨੂੰ ਲੈ ਕੇ ਜਾ ਰਹੀ ਟਰੇਨ ਨਿਰਧਾਰਤ ਸਮੇਂ ਤੋਂ ਪਹਿਲਾਂ ਹੀ ਸਟੇਸ਼ਨ ਤੋਂ ਰਵਾਨਾ ਹੋ ਗਈ ਸੀ। ਰੂਸ ਵੱਲੋਂ ਲਗਾਤਾਰ ਕੀਤੇ ਜਾ ਰਹੇ ਹਵਾਈ ਹਮਲਿਆਂ ਦੇ ਖ਼ਤਰੇ ਨੂੰ ਦੇਖਦੇ ਹੋਏ ਟਰੇਨ ਦਾ ਸਮਾਂ ਬਦਲਿਆ ਗਿਆ ਸੀ।
ਕੰਪਨੀ ਨੇ ਦੱਸਿਆ ਕਿ ਜਿਸ ਟਰੇਨ ’ਤੇ ਡਰੋਨ ਹਮਲਾ ਹੋਇਆ, ਉਸ ਵਿੱਚ ਸਵਾਰ ਯਾਤਰੀਆਂ ਨੂੰ ਬਾਹਰ ਕੱਢਣ ਦਾ ਹੁਕਮ ਹਮਲੇ ਤੋਂ ਸਿਰਫ਼ 15 ਮਿੰਟ ਪਹਿਲਾਂ ਦਿੱਤਾ ਗਿਆ ਸੀ। ਇਸ ਤੋਂ ਬਾਅਦ ਰੂਸੀ ਜੈੱਟ-ਪ੍ਰੋਪੇਲਡ ਡਰੋਨ ਨੇ ਟਰੇਨ ਦੇ ਇੰਜਣ ਨੂੰ ਨਿਸ਼ਾਨਾ ਬਣਾਇਆ।

