Home / ਓਪੀਨੀਅਨ / ਕਰੋਨਾ ਦੇ ਦੌਰ ਵਿੱਚ ਮਾਂ ਕਿਵੇਂ ਕਰੇ ਨਵਜੰਮੇ ਬੱਚੇ ਦੀ ਦੇਖ-ਭਾਲ

ਕਰੋਨਾ ਦੇ ਦੌਰ ਵਿੱਚ ਮਾਂ ਕਿਵੇਂ ਕਰੇ ਨਵਜੰਮੇ ਬੱਚੇ ਦੀ ਦੇਖ-ਭਾਲ

-ਅਵਤਾਰ ਸਿੰਘ

ਕਰੋਨਾ ਮਹਾਮਾਰੀ ਦੇ ਦੌਰ ਵਿਚ ਹਰ ਸਖਸ਼ ਭੈਅ ਵਿਚ ਹੈ। ਹਰ ਮਾਂ ਆਪਣੇ ਬੱਚੇ ਦੀ ਤੰਦਰੁਸਤੀ ਲਈ ਅਰਦਾਸ ਕਰਦੀ ਹੈ। ਮੌਜੂਦਾ ਦੌਰ ਨੂੰ ਧਿਆਨ ਵਿੱਚ ਰੱਖਦਿਆਂ ਅੱਜ ਮਾਂ ਦਿਵਸ ਮੌਕੇ ਅਸੀਂ ਗਾਇਨੀਕੋਲੋਜਿਸਟ ਅਤੇ ਬੱਚਿਆਂ ਦੀਆਂ ਬਿਮਾਰੀਆਂ ਦੇ ਮਾਹਿਰ ਡਾਕਟਰਾਂ ਨਾਲ ਗੱਲਬਾਤ ਕੀਤੀ ਗਰਭਵਤੀ ਮਾਂ ਅਤੇ ਬੱਚਾ ਕਿਵੇਂ ਤੰਦਰੁਸਤ ਰਹਿ ਸਕਦੇ ਹਨ।

ਰਾਜਿੰਦਰਾ ਹਸਪਤਾਲ, ਪਟਿਆਲਾ ਦੇ ਬੱਚਾ ਵਿਭਾਗ ਦੀ ਪ੍ਰੋਫੈਸਰ ਡਾ. ਹਰਸ਼ਿੰਦਰ ਕੌਰ ਦਾ ਕਹਿਣਾ ਹੈ ਕਰੋਨਾਵਾਇਰਸ ਦੇ ਦੌਰਾਨ ਛੋਟੇ ਬੱਚਿਆਂ ਦਾ ਵਿਸ਼ੇਸ਼ ਧਿਆਨ ਰੱਖਣ ਦੀ ਲੋੜ ਹੈ। ਉਨ੍ਹਾਂ ਦੱਸਿਆ ਕਿ ਇਸ ਦੌਰਾਨ ਜੱਚਾ ਨੂੰ ਆਪਣਾ ਹੀ ਦੁੱਧ ਚੁੰਘਾਉਣਾ ਚਾਹੀਦਾ ਹੈ।

ਮਾਂ ਦਾ ਦੁੱਧ ਸਭ ਤੋਂ ਵੱਡੀ ਦਵਾਈ ਹੈ। ਜੇ ਗੰਭੀਰ ਕਰੋਨਾ ਪਾਜ਼ੇਟਿਵ ਹੋਵੇ ਤਾਂ ਬੱਚੇ ਨੂੰ ਕੌਲੀ ਤੇ ਚਮਚ ਨਾਲ ਦੁੱਧ ਪਿਲਾਉਣਾ ਚਾਹੀਦਾ ਹੈ। ਉਨ੍ਹਾਂ ਅੱਗੇ ਦੱਸਿਆ ਕਿ ਨਵ-ਜੰਮੇ ਬੱਚੇ ਦੀ ਮਾਂ ਨੂੰ ਹਰ ਵੇਲੇ ਮਾਸਕ ਪਹਿਨ ਕੇ ਰੱਖਣਾ ਚਾਹੀਦਾ, ਬਾਕੀ ਲੋਕਾਂ ਤੋਂ ਦੂਰੀ ਬਣਾਉਣੀ ਜ਼ਰੂਰੀ ਅਤੇ ਵਾਰ ਵਾਰ ਸਾਬੁਣ ਨਾਲ ਹੱਥ ਧੋਣੇ ਚਾਹੀਦੇ ਹਨ। ਸੇਨਿਟੀਜ਼ਰ ਦੀ ਵਰਤੋਂ ਬਿਲਕੁਲ ਨਹੀਂ ਕਰਨੀ ਚਾਹੀਦੀ। ਬੱਚਾ ਅਤੇ ਜੱਚਾ ਦੇ ਆਲੇ ਦੁਆਲੇ ਸਫਾਈ ਦਾ ਖਾਸ ਖਿਆਲ ਰੱਖਣਾ ਚਾਹੀਦਾ ਹੈ। ਬੱਚੇ ਦੇ ਸੇਨਿਟੀਜ਼ਰ ਵਾਲੇ ਹੱਥ ਬਿਲਕੁਲ ਨਹੀਂ ਲਗਾਉਣੇ ਚਾਹੀਦੇ।

ਮੋਹਾਲੀ ਦੇ “ਦਿ ਟੱਚ ਕਲੀਨਿਕ” ਦੀ ਡਾਇਰੈਕਟਰ ਤੇ ਗਾਇਨੀਕੋਲੋਜਿਸਟ (ਕੋਵਿਡ ਪ੍ਰੈਗਨੈਂਸੀ ਸਪੈਸ਼ਲਿਸਟ) ਪ੍ਰੀਤੀ ਜਿੰਦਲ ਅਨੁਸਾਰ ਆਈ ਸੀ ਐਮ ਆਰ ਦੀਆਂ ਗਾਈਡਲਾਈਨਜ਼ ਮੁਤਾਬਿਕ ਜੇ ਗਰਭਵਤੀ ਔਰਤ ਕੋਵਿਡ ਸੰਕ੍ਰਮਿਤ ਹੁੰਦੀ ਜਾਂ ਉਸ ਵਿੱਚ ਥੋੜੇ ਬਹੁਤ ਲੱਛਣ ਦਿਖਾਈ ਦੇਣ ਤਾਂ ਇਸ ਨੂੰ ਬਿਲਕੁਲ ਅਣਗੌਲਿਆ ਨਹੀਂ ਕਰਨਾ ਚਾਹੀਦਾ। ਅਜਿਹੇ ਲੱਛਣ ਦਿਖਾਈ ਦੇਣ ਨਾਲ ਤੁਰੰਤ ਆਪਣੇ ਡਾਕਟਰ ਦੀ ਸਲਾਹ ਲਵੋ। ਜੇ ਅਜਿਹਾ ਕਰਨ ਵਿੱਚ ਦੇਰ ਹੋ ਜਾਵੇ ਤਾਂ ਇਸ ਦਾ ਅਸਰ ਪੇਟ ਵਿੱਚ ਪਲ ਰਹੇ ਬੱਚੇ ਦੀ ਸਿਹਤ ਉਪਰ ਪੈਣ ਦਾ ਖ਼ਤਰਾ ਰਹਿੰਦਾ ਹੈ।

ਡਾ ਜਿੰਦਲ ਨੇ ਦੱਸਿਆ ਕਿ ਕੋਵਿਡ ਦੌਰਾਨ ਡਲਿਵਰੀ ਦਾ ਕੋਈ ਜਿਆਦਾ ਖਤਰਾ ਨਹੀਂ ਹੈ। ਜੱਚਾ ਬੱਚੇ ਨੂੰ ਆਪਣਾ ਦੁੱਧ ਚੁੰਘਾਉਣਾ ਲਾਜ਼ਮੀ ਹੈ। ਉਨ੍ਹਾਂ ਦੱਸਿਆ ਕਿ ਭਾਰਤ ਵਿੱਚ ਗਰਭਵਤੀ ਔਰਤਾਂ ਅਤੇ ਦੁੱਧ ਚੁਘਾਓਂਦੀਆਂ ਮਾਵਾਂ ਨੂੰ ਕੋਵਿਸ਼ਿਲਡ ਅਤੇ ਕੋਵੈਕਸਿਨ ਟੀਕਾ ਲਗਵਾਉਣ ਦੀ ਸਿਫਾਰਿਸ਼ ਨਹੀਂ ਕੀਤੀ ਜਾਂਦੀ। ਕਰੋਨਾ ਦੇ ਦੌਰ ਵਿੱਚ ਗਰਭਵਤੀ ਮਹਿਲਾਵਾਂ ਨੂੰ ਖਾਸ ਧਿਆਨ ਰੱਖਣਾ ਚਾਹੀਦਾ ਅਤੇ ਸਮੇਂ ਸਮੇਂ ਆਪਣੇ ਡਾਕਟਰ ਦੀ ਸਲਾਹ ਲੈਂਦੇ ਰਹਿਣਾ ਚਾਹੀਦਾ ਹੈ।

  ਇਕ ਮਾਂ ਦੀਆਂ ਅਰਦਾਸਾਂ ਅਤੇ ਡਾਕਟਰਾਂ ਦੀ ਦੇਖ ਭਾਲ ਨਾਲ ਇਕ 20 ਦਿਨ ਦਾ ਬੱਚਾ ਕਰੋਨਾ ਦੀ ਲਾਗ ਦੇ ਬਾਵਜੂਦ ਤੰਦਰੁਸਤ ਹੋ ਕੇ ਘਰ ਪਹੁੰਚਿਆ। ਉਹ ਉਦੋਂ ਸਿਰਫ਼ 20 ਦਿਨਾਂ ਦਾ ਸੀ, ਜਦੋਂ ਉਹ ਕੋਰੋਨਾ ਪਾਜ਼ਿਟਿਵ ਪਾਇਆ ਗਿਆ ਸੀ। ਉਸ ਨੂੰ ‘ਕੋਰੋਨਾ ਜੋਧਾ’ ਬਣਨ ‘ਚ ਦਸ ਦਿਨ ਲਗ ਗਏ। ਉਸ ਦੇ ਮਾਪਿਆਂ ਦੀਆਂ ਅਰਦਾਸਾਂ ਤੇ ਡਾਕਟਰ ਤੇ ਨਰਸਿੰਗ ਸਟਾਫ਼ ਦੀ ਨਿਸ਼ਕਾਮ ਸੇਵਾ ਤੇ ਮੁਹਾਰਤ ਨੇ ਉਸ ਦੀ ਇਸ ਖ਼ਤਰਨਾਕ ਵਾਇਰਸ ਤੋਂ ਬਹੁਤ ਧਿਆਨ ਨਾਲ ਦੇਖਭਾਲ਼ ਕੀਤੀ।

ਉਸ ਵੇਲੇ ਸਾਰੇ ਮੁਸਕਰਾ ਰਹੇ ਸਨ, ਜਦੋਂ ਨਵ-ਜਨਮਿਆ ਬੱਚਾ ਸੁਖਦੀਪ ਸਿੰਘ ਸੰਭਾਵੀ ਤੌਰ ‘ਤੇ ਪੰਜਾਬ ਦਾ ਸਭ ਤੋਂ ਛੋਟੀ ਉਮਰ ਦਾ ਜੇਤੂ ਬਣ ਗਿਆ। ਉਸ ਨੂੰ ਸ਼ਨਿਚਰਵਾਰ ਨੂੰ ਆਰਟੀ-ਪੀਸੀਆਰ ਸਮੇਤ ਸਾਰੇ ਮੈਡੀਕਲ ਟੈਸਟ ਕਰਵਾ ਕੇ ਜਲੰਧਰ ਦੇ ‘ਪੰਜਾਬ ਇੰਸਟੀਟਿਊਟ ਆਫ ਮੈਡੀਕਲ ਸਾਇੰਸਜ਼’ (PIMS) ਤੋਂ ਡਿਸਚਾਰਜ ਕੀਤਾ ਗਿਆ।

ਉਸ ਦੇ ਪਿਤਾ ਗੁਰਦੀਪ ਸਿੰਘ, ਮਾਤਾ ਤੇ ਪਿਤਾ ਦੋਵੇਂ ਨੈਗੇਟਿਵ ਸਨ। ਉਨ੍ਹਾਂ ਕਿਹਾ ਕਿ ਸਾਡਾ ਬੱਚਾ ਹੋਣ ਦੀ ਸਾਡੀ ਖ਼ੁਸ਼ੀ ਥੋੜ੍ਹਚਿਰੀ ਸੀ। ਸਾਨੂੰ ਇਹ ਪਤਾ ਲੱਗਣ ‘ਤੇ ਸਦਮਾ ਪੁੱਜਾ ਸੀ ਕਿ ਸਾਡੇ ਬੱਚੇ ਨੂੰ ਕੋਰੋਨਾ ਪਾਜ਼ਿਟਿਵ ਹੋਣ ਦੀ ਸ਼ਨਾਖ਼ਤ ਹੋਈ ਹੈ।’ ਕਪੂਰਥਲਾ ਨਿਵਾਸੀ ਗੁਰਦੀਪ ਸਿੰਘ ਨੇ ਕਿਹਾ ਕਿ ਇੰਝ ਜਾਪਦਾ ਹੈ ਕਿ ਵਾਹਿਗੁਰੂ ਨੇ ਸਾਡੀਆਂ ਅਰਦਾਸਾਂ ਸੁਣ ਲਈਆਂ ਹਨ ਕਿ ਉਹ ਹਸਪਤਾਲ ਵਿੱਚ ਮੁਹੱਈਆ ਕਰਵਾਈ ਗਈ ਦੇਖ-ਭਾਲ਼ ਤੇ ਮੈਡੀਕਲ ਸੇਵਾਵਾਂ ਨਾਲ ਠੀਕ ਠਾਕ ਹੈ। ਮਾਂ ਸੰਦੀਪ ਕੌਰ ਦੀਆਂ ਖ਼ੁਸ਼ੀਆਂ ਦਾ ਕੋਈ ਟਿਕਾਣਾ ਨਹੀਂ, ਉਹ ਆਪਣੀਆਂ ਅੱਖਾਂ ਝਪਕਾ ਕੇ ਬੱਚੇ ਨੂੰ ਆਪਣੀ ਗੋਦੀ ‘ਚ ਲੋਰੀ ਦੇ ਰਹੀ।

ਦਾਦੀ ਕੁਲਵਿੰਦਰ ਕੌਰ ਵੀ ਬਹੁਤ ਖ਼ੁਸ਼ ਸਨ। ਉਨ੍ਹਾਂ ਆਖਿਆ,‘ਵਾਹਿਗੁਰੂ ਦੀ ਮਿਹਰ ਹੋਈ ਜੋ ਮੇਰਾ ਪੋਤਾ ਠੀਕ ਹੋ ਕੇ ਘਰ ਵਾਪਸ ਆ ਗਿਆ। ਡਾਕਟਰਾਂ ਨੇ ਉਸ ਦਾ ਬਹੁਤ ਖ਼ਿਆਲ ਰੱਖਿਆ।’ ਨਵ-ਜਨਮੇ ਬਾਲ ਦੀ ਦੇਖਭਾਲ਼ ਕਰਨ ਵਾਲਾ ਨਰਸਿੰਗ ਸਟਾਫ਼ ਵੀ ਡਾਢਾ ਖ਼ੁਸ਼ ਸੀ। ਟੀਮ ‘ਚ ਸ਼ਾਮਲ ਇੱਕ ਸਟਾਫ਼ ਨਰਸ ਰੂਬੀ ਨੇ ਕਿਹਾ, ‘ਅਸੀਂ ਇਸ ਬੱਚੇ ਦਾ ਬਹੁਤ ਜ਼ਿਆਦਾ ਖ਼ਿਆਲ ਰੱਖਿਆ। ਇੱਕ ਨਿੱਕੇ ਜਿਹੇ ਬੱਚੇ ਨੂੰ ਇਹ ਸਾਰਾ ਦਰਦ ਝੱਲਦਿਆਂ ਦੇਖਣਾ ਬਹੁਤ ਔਖਾ ਸੀ।’ ਉਨ੍ਹਾਂ ਕਿਹਾ ਕਿ ਬੱਚੇ ਨੂੰ ਚਮਚੇ ਨਾਲ ਦੁੱਧ ਦਿੱਤਾ ਜਾਂਦਾ ਸੀ ਕਿਉਂਕਿ ਉਸ ਦੀ ਮਾਂ ਨੂੰ ਸਪਸ਼ਟ ਕਾਰਨਾਂ ਕਰਕੇ ਉਸ ਨੂੰ ਆਪਣਾ ਦੁੱਧ ਚੁੰਘਾਉਣ ਦੀ ਇਜਾਜ਼ਤ ਨਹੀਂ ਸੀ।

‘ਪੰਜਾਬ ਇੰਸਟੀਟਿਊਟ ਆਫ ਮੈਡੀਕਲ ਸਾਇੰਸਜ਼’ (PIMS) ‘ਚ ਬੱਚਿਆਂ ਦੇ ਰੋਗਾਂ ਦੇ ਮਾਹਿਰ ਡਾਕਟਰ ਜਤਿੰਦਰ ਸਿੰਘ ਦੀ ਨਿਗਰਾਨੀ ਹੇਠ ਇਹ ਬੱਚਾ ਠੀਕ ਹੋਇਆ; ਉਨ੍ਹਾਂ ਕਿਹਾ ਕਿ ਬੱਚੇ ਨੂੰ ਜਦੋਂ ਦਾਖ਼ਲ ਕਰਵਾਇਆ ਗਿਆ ਸੀ, ਤਦ ਉਸ ਨੂੰ ਬਹੁਤ ਤੇਜ਼ ਬੁਖ਼ਾਰ ਸੀ ਤੇ ਉਹ ਵਾਇਰਸ ਦੇ ਹਮਲੇ ਦੀ ਮਾਰ ਹੇਠ ਸੀ। ਉਸ ਦਾ ਮਾਮਲਾ ਸਾਡੇ ਲਈ ਬਹੁਤ ਚੁਣੌਤੀਪੂਰਨ ਸੀ। ਵਧੇਰੇ ਚੁਣੌਤੀਪੂਰਨ ਉਸ ਦੇ ਮਾਪਿਆਂ ਨੂੰ ਸਮਝਾਉਣਾ ਸੀ। ਪਰ ਉਨ੍ਹਾਂ ਇਸ ਮਾਮਲੇ ਦੀ ਗੰਭੀਰਤਾ ਨੂੰ ਸਮਝਿਆ ਤੇ ਬੱਚੇ ਦਾ ਇਲਾਜ ਕਰਨ ਵਿੱਚ ਪੂਰਾ ਸਹਿਯੋਗ ਦਿੱਤਾ।

ਡਾ. ਸਿੰਘ ਨੇ ਚੇਤਾਵਨੀ ਦਿੱਤੀ, ‘ਵਾਇਰਸ ਦੇ ਦੂਸਰੇ ਗੇੜ ‘ਚ, ਸਭ ਨੂੰ ਆਪਣੀ ਸੁਰੱਖਿਆ ਦਾ ਖ਼ਿਆਲ ਰੱਖਣ ਤੇ ਸਾਨੂੰ ਖ਼ੁਦ ਨੂੰ ਤੇ ਸਮਾਜ ਨੂੰ ਬਚਾਉਣ ਲਈ ਸਰਕਾਰ ਵੱਲੋਂ ਜਾਰੀ ਸਾਰੀਆਂ ਹਦਾਇਤਾਂ ਦੀ ਪਾਲਣਾ ਕਰਨ ਦੀ ਬਹੁਤ ਜ਼ਿਆਦਾ ਲੋੜ ਹੈ।’

Check Also

ਸਿਆਸੀ ਦਾਅ ਪੇਚ ‘ਚ ਗਵਾਚਦੇ ਲੋਕਾਂ ਦੇ ਮਸਲੇ

 ਬਿੰਦੁੂ ਸਿੰਘ ਇੰਝ ਜਾਪਦਾ ਹੈ  ਕਿ ਪੰਜਾਬ ‘ਚ ਰੈਲੀਆਂ ਤੇ ਰੋਕ ਲੱਗਣ ਦੇ ਨਾਲ ਨਾਲ  …

Leave a Reply

Your email address will not be published. Required fields are marked *