ਨਿਊਜ਼ ਡੈਸਕ :ਅੰਡੇਮਾਨ ਤੋਂ ਇੱਕ ਦਿਲ ਦਹਿਲਾ ਦੇਣ ਵਾਲੀ ਖ਼ਬਰ ਸਾਹਮਣੇ ਆ ਰਹੀ ਹੈ। ਰੋਹਿੰਗਿਆ ਸ਼ਰਨਾਰਥੀਆਂ ਅਤੇ ਬੰਗਲਾਦੇਸ਼ੀ ਨਾਗਰਿਕਾਂ ਨੂੰ ਲੈ ਕੇ ਜਾ ਰਹੀ ਇੱਕ ਕਿਸ਼ਤੀ ਅੰਡੇਮਾਨ ਸਾਗਰ ਵਿੱਚ ਪਲਟ ਗਈ ਹੈ, ਜਿਸ ਵਿੱਚ 250 ਤੋਂ ਵੱਧ ਲੋਕਾਂ ਦੇ ਲਾਪਤਾ ਹੋਣ ਦੀ ਖਬਰ ਹੈ।
ਸ਼ੁਰੂਆਤੀ ਜਾਣਕਾਰੀ ਮੁਤਾਬਕ ਇਹ ਕਿਸ਼ਤੀ ਸਮਰੱਥਾ ਤੋਂ ਵੱਧ ਭਰੀ ਹੋਈ ਸੀ ਅਤੇ ਖ਼ਰਾਬ ਮੌਸਮ ਕਾਰਨ ਹਾਦਸੇ ਦਾ ਸ਼ਿਕਾਰ ਹੋ ਗਈ। ਇਹ ਲੋਕ ਬਿਹਤਰ ਭਵਿੱਖ ਦੀ ਭਾਲ ਵਿੱਚ ਸਮੁੰਦਰੀ ਰਸਤੇ ਰਾਹੀਂ ਸੁਰੱਖਿਅਤ ਟਿਕਾਣਿਆਂ ਵੱਲ ਜਾ ਰਹੇ ਸਨ। ਇਸ ਦਰਦਨਾਕ ਘਟਨਾ ਨੇ ਇੱਕ ਵਾਰ ਫਿਰ ਸ਼ਰਨਾਰਥੀਆਂ ਦੇ ਸੰਕਟ ਅਤੇ ਗੈਰ-ਕਾਨੂੰਨੀ ਸਮੁੰਦਰੀ ਯਾਤਰਾਵਾਂ ਦੇ ਜੋਖਮ ਨੂੰ ਉਜਾਗਰ ਕਰ ਦਿੱਤਾ ਹੈ। ਰਾਹਤ ਅਤੇ ਬਚਾਅ ਕਾਰਜਾਂ ‘ਤੇ ਅੰਤਰਰਾਸ਼ਟਰੀ ਏਜੰਸੀਆਂ ਦੀ ਨਜ਼ਰ ਬਣੀ ਹੋਈ ਹੈ।
UNHCR ਦੇ ਅਨੁਸਾਰ, ਗਲਤ ਜਾਣਕਾਰੀ ਅਤੇ ਮਾਨਵ ਤਸਕਰੀ ਦੇ ਨੈੱਟਵਰਕ ਕਾਰਨ ਕਈ ਲੋਕ ਖ਼ਤਰਨਾਕ ਸਮੁੰਦਰੀ ਯਾਤਰਾ ਕਰਨ ਲਈ ਮਜਬੂਰ ਹੋ ਜਾਂਦੇ ਹਨ। ਉਨ੍ਹਾਂ ਨੇ ਦੱਸਿਆ ਕਿ ਅਕਸਰ ਵਿਦੇਸ਼ਾਂ ਵਿੱਚ ਵੱਧ ਤਨਖਾਹ ਅਤੇ ਬਿਹਤਰ ਸਹੂਲਤਾਂ ਦੇ ਝੂਠੇ ਵਾਅਦੇ ਕਰਕੇ ਇਨ੍ਹਾਂ ਲੋਕਾਂ ਨੂੰ ਇੱਥੋਂ ਗੈਰ-ਕਾਨੂੰਨੀ ਤਰੀਕੇ ਨਾਲ ਸਮੁੰਦਰੀ ਰਸਤੇ ਰਾਹੀਂ ਦੂਜੀ ਥਾਂ ਲਿਜਾਇਆ ਜਾਂਦਾ ਹੈ। ਉਨ੍ਹਾਂ ਕਿਹਾ ਕਿ ਅੰਡੇਮਾਨ ਸਾਗਰ ਵਿੱਚ ਅਜਿਹੀਆਂ ਯਾਤਰਾਵਾਂ ਦੌਰਾਨ ਕਈ ਵਾਰ ਲੋਕਾਂ ਦੀ ਜਾਨ ਜਾ ਚੁੱਕੀ ਹੈ।
ਯੂਐਨ ਰਿਫਿਊਜੀ ਅਤੇ ਮਾਈਗ੍ਰੇਸ਼ਨ ਏਜੰਸੀ ਦੇ ਮੁਤਾਬਕ, ਇਹ ਹਾਦਸਾ ਪਿਛਲੇ ਹਫ਼ਤੇ ਖ਼ਰਾਬ ਮੌਸਮ ਅਤੇ ਓਵਰਲੋਡਿੰਗ ਕਾਰਨ ਹੋਇਆ। ਇਹ ਟ੍ਰਾਲਰ ਬੰਗਲਾਦੇਸ਼ ਤੋਂ ਮਲੇਸ਼ੀਆ ਜਾ ਰਿਹਾ ਸੀ। ਬੰਗਲਾਦੇਸ਼ ਕੋਸਟ ਗਾਰਡ ਨੇ 9 ਅਪ੍ਰੈਲ ਨੂੰ ਆਪਣੇ ਇੱਕ ਜਹਾਜ਼ ਰਾਹੀਂ 9 ਲੋਕਾਂ ਨੂੰ ਬਚਾਇਆ, ਪਰ ਬਾਕੀ ਲੋਕਾਂ ਦਾ ਹੁਣ ਤੱਕ ਕੋਈ ਪਤਾ ਨਹੀਂ ਲੱਗ ਸਕਿਆ ਹੈ।
ਨੋਟ: ਪੰਜਾਬੀ ਦੀਆਂ ਖ਼ਬਰਾਂ ਪੜ੍ਹਨ ਲਈ ਤੁਸੀਂ ਸਾਡੀ ਐਪ ਨੂੰ ਡਾਊਨਲੋਡ ਕਰ ਸਕਦੇ ਹੋ। ਜੇ ਤੁਸੀਂ ਵੀਡੀਓ ਵੇਖਣਾ ਚਾਹੁੰਦੇ ਹੋ ਤਾਂ Global Punjab TV ਦੇ YouTube ਚੈਨਲ ਨੂੰ Subscribe ਕਰੋ। ਤੁਸੀਂ ਸਾਨੂੰ ਫੇਸਬੁੱਕ, ਟਵਿੱਟਰ ਅਤੇ ਇੰਸਟਾਗ੍ਰਾਮ ‘ਤੇ ਵੀ Follow ਕਰ ਸਕਦੇ ਹੋ। ਸਾਡੀ ਵੈੱਬਸਾਈਟ https://globalpunjabtv.com/ ‘ਤੇ ਜਾ ਕੇ ਵੀ ਹੋਰ ਖ਼ਬਰਾਂ ਨੂੰ ਪੜ੍ਹ ਸਕਦੇ ਹੋ

