ਭਾਰਤ ਸਰਕਾਰ ਅਮਰੀਕੀ ਰਾਜਦੂਤ ਨੂੰ ਸੱਦ ਕੇ ਇਸ ਸਬੰਧ ਵਿੱਚ ਢੁਕਵੇਂ ਕਦਮ ਚੁੱਕਣ ਦੀ ਹਿਦਾਇਤ ਕਰੇ :ਢੀਂਡਸਾ

TeamGlobalPunjab
2 Min Read

ਚੰਡੀਗੜ੍ਹ: ਸ਼੍ਰੋਮਣੀ ਅਕਾਲੀ ਦਲ (ਸੰਯੁਕਤ) ਦੇ ਪ੍ਰਧਾਨ ਅਤੇ ਰਾਜ ਸਭਾ ਮੈਂਬਰ  ਸੁਖਦੇਵ ਸਿੰਘ ਢੀਂਡਸਾ ਨੇ ਉੱਘੀ ਮਨੁੱਖੀ ਅਧਿਕਾਰ ਮਾਹਰ ਅੰਮ੍ਰਿਤ ਕੌਰ ਅਕਰੇ ਵੱਲੋਂ ਅਮਰੀਕਾ ਵਿੱਚ ਸਿੱਖਾਂ ਵਿਰੁੱਧ ਧਾਰਮਿਕ ਵਿਤਕਰਾ ਅਤੇ ਨਫ਼ਰਤੀ ਅਪਰਾਧਾਂ ਵਿੱਚ ਹੋਏ ਵਾਧੇ ਦੀ ਦਿੱਤੀ ਗਈ ਜਾਣਕਾਰੀ `ਤੇ ਗੰਭੀਰ ਨੋਟਿਸ ਲੈਂਦਿਆਂ ਭਾਰਤ ਸਰਕਾਰ ਨੂੰ ਤੁਰੰਤ ਇਸ ਸਬੰਧ ਵਿੱਚ ਅਮਰੀਕਾ ਨਾਲ ਗੱਲਬਾਤ ਕਰਨ ਦੀ ਮੰਗ ਕੀਤੀ ਹੈ। ਸ: ਢੀਂਡਸਾ ਨੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ (ਐੱਸਜੀਪੀਸੀ) ਦੇ ਪ੍ਰਧਾਨ ਸ: ਹਰਜਿੰਦਰ ਸਿੰਘ ਧਾਮੀ ਨੂੰ ਵੀ ਇਸ ਸਬੰਧ ਵਿੱਚ ਵੱਡੇ ਪੱਧਰ `ਤੇ ਉਪਰਾਲੇ ਕਰਨ ਦੀ ਮੰਗ ਕੀਤੀ ਹੈ ਤਾਂ ਜੋ ਅਮਰੀਕਾ ਜਾਂ ਹੋਰਨਾਂ ਮੁਲਕਾਂ ਵਿੱਚ ਬੈਠੇ ਸਿੱਖਾਂ ਵਿਰੁੱਧ ਵਿਤਕਾਰਾ ਅਤੇ ਨਫ਼ਰਤ ਦੀਆਂ ਵਧ ਰਹੀਆਂ ਘਟਨਾਵਾਂ `ਤੇ ਪੂਰੀ ਤਰ੍ਹਾਂ ਠੱਲ ਪਾਈ ਜਾ ਸਕੇ।

ਇਥੇ ਜਾਰੀ ਬਿਆਨ ਵਿੱਚ ਸ: ਸੁਖਦੇਵ ਸਿੰਘ ਢੀਂਡਸਾ ਨੇ ਕਿਹਾ ਕਿ ਉੱਘੀ ਮਨੁੱਖੀ ਅਧਿਕਾਰ ਮਾਹਰ ਅੰਮ੍ਰਿਤ ਕੌਰ ਅਕਰੇ ਵੱਲੋਂ ਅਮਰੀਕੀ ਸੰਸਦ ਮੈਂਬਰਾਂ ਨੂੰ ਦਿੱਤੀ ਜਾਣਕਾਰੀ ਮੁਤਾਬਕ ਹਾਲ ਹੀ ਵਿੱਚ ਅਮਰੀਕਾ ਵਿੱਚ ਸਿੱਖਾਂ ਖਿ਼ਲਾਫ ਧਾਰਮਿਕ ਵਿਤਕਰਾ ਅਤੇ ਨਫ਼ਰਤ ਦੀਆਂ ਵਧੀਆਂ ਘਟਨਾਵਾਂ ਬੇਹੱਦ ਚਿੰਤਾ ਦਾ ਵਿਸ਼ਾ ਹੈ। ਉਨ੍ਹਾਂ ਕਿਹਾ ਕਿ ਅਮਰੀਕਾ ਵਿੱਚ ਮਨੁੱਖੀ ਅਧਿਕਾਰਾਂ ਦੇ ਮਾਹਰਾਂ ਵੱਲੋਂ ਅਜਿਹੀਆਂ ਜਾਣਕਾਰੀਆਂ ਸਾਂਝੀਆਂ ਕਰਨ ਤੋਂ ਬਾਅਦ ਕੇਂਦਰ ਸਰਕਾਰ ਨੂੰ ਤੁਰੰਤ ਭਾਰਤ ਵਿੱਚ ਅਮਰੀਕਾ ਦੇ ਰਾਜਦੂਤ ਨੂੰ ਸੱਦ ਕੇ ਇਸ ਮੁੱਦੇ `ਤੇ ਗੱਲਬਾਤ ਕਰਨੀ ਚਾਹੀਦੀ ਹੈ। ਅੰਮ੍ਰਿਤ ਕੌਰ ਅਕਰੇ ਵੱਲੋਂ ਦਿੱਤੀ ਜਾਣਕਾਰੀ ਦਾ ਹਵਾਲਾ ਦਿੰਦਿਆਂ ਸ: ਢੀਂਡਸਾ ਨੇ ਕਿਹਾ ਕਿ ਅਮਰੀਕਾ ਵਰਗੇ ਵਿਕਸਤ ਅਤੇ ਜਮਹੂਰੀ ਦੇਸ਼ ਵਿੱਚ ਸਰਕਾਰੀ ਨੀਤੀਆਂ ਅਤੇ ਕਾਨੂੰਨ ਦੀ ਪੱਖਪਾਤੀ ਵਿਆਖਿਆ ਨਾਲ ਆਵਾਜਾਈ,ਮਨੋਰੰਜਨ,ਸਿਹਤ, ਫੌਜ ਅਤੇ ਹੋਰਨਾਂ ਖੇਤਰਾਂ ਦੀਆਂ ਨੌਕਰੀਆਂ ਵਿੱਚ ਸਿੱਖਾਂ ਨਾਲ ਵਿਤਕਰਾ ਕੀਤਾ ਜਾ ਰਿਹਾ ਹੈ। ਉਨ੍ਹਾਂ ਕਿਹਾ ਕਿ ਬੜੇ ਦੁੱਖ ਦੀ ਗੱਲ ਹੈ ਕਿ ਕਈਂ ਥਾਵਾਂ `ਤੇ ਕੰਮ ਨਾਲ ਸਬੰਧਤ ਜਾਂਚ ਲਈ ਸਿੱਖਾਂ ਨੂੰ ਆਪਣੇ ਕੇਸ ਤੱਕ ਕਟਵਾਉਣ ਲਈ ਕਿਹਾ ਜਾਂਦਾ ਹੈ। ਇਸ ਤੋਂ ਇਲਾਵਾ ਪੱਗ ਬੰਨਣ ਵਾਲੇ ਸਿੱਖ ਨੌਜਵਾਨਾਂ ਲਈ ਮਾੜੀ ਸ਼ਬਦਾਵਲੀ ਵਰਤੀ ਜਾਂਦੀ ਹੈ।

ਸੁਖਦੇਵ ਸਿੰਘ ਢੀਂਡਸਾ ਨੇ ਕੇਂਦਰ ਸਰਕਾਰ ਦੇ ਨਾਲ-ਨਾਲ ਅਮਰੀਕੀ ਪ੍ਰਸ਼ਾਸਨ ਨੂੰ ਵੀ ਸਿੱਖਾਂ ਵਿਰੁੱਧ ਵਧ ਰਹੀਆਂ ਨਫ਼ਰਤ ਦੀਆਂ ਇਨ੍ਹਾਂ ਘਟਨਾਵਾਂ ਨੂੰ ਖਤਮ ਕਰਨ ਲਈ ਢੁਕਵੇਂ ਕਦਮ ਚੁੱਕਣ ਦੀ ਅਪੀਲ ਕੀਤੀ ਹੈ।

Share this Article
Leave a comment