ਨਵੀਂ ਦਿੱਲੀ: ਭਾਰਤੀ ਜਨਤਾ ਪਾਰਟੀ ਦੇ ਚੋਟੀ ਦੇ ਨੇਤਾਵਾਂ ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਅਤੇ ਕੌਮੀ ਪ੍ਰਧਾਨ ਜਗਤ ਪ੍ਰਕਾਸ਼ ਨੱਢਾ ਨੇ ਦਿੱਲੀ ਵਿੱਚ ਇਕ ਪੱਤਰਕਾਰ ਸੰਮੇਲਨ ਦੌਰਾਨ ਇਹ ਦਾਅਵਾ ਕੀਤਾ ਕਿ 5 ਰਾਜਾਂ ਲਈ 7 ਮਾਰਚ ਨੂੰ ਖ਼ਤਮ ਹੋਣ ਜਾ ਰਹੀਆਂ ਚੋਣਾਂ ਦੇ ਆਧਾਰ ’ਤੇ ਭਾਰਤੀ ਜਨਤਾ ਪਾਰਟੀ 4 ਰਾਜਾਂ ਵਿੱਚ ਮੁੜ ਸਰਕਾਰ ਬਣਾਉਣ ਜਾ ਰਹੀ ਹੈ ਜਦਕਿ ਪੰਜਾਬ ਵਿੱਚ ਵੀ ਪਾਰਟੀ ਆਪਣੀ ਸਥਿਤੀ ਪਹਿਲਾਂ ਨਾਲੋਂ ਬਿਹਤਰ ਕਰੇਗੀ।
ਅਮਿਤ ਸ਼ਾਹ ਨੇ ਆਖ਼ਿਆ ਕਿ ਪੰਜਾਬ ਵਿੱਚ ਭਾਜਪਾ ਦੇ ਉਮੀਦ ਤੋਂ ਵਧੀਆ ਨਤੀਜੇ ਆਉਣਗੇ ਅਤੇ ਸਥਿਤੀ ਪਹਿਲਾਂ ਨਾਲੋਂ ਬਿਹਤਰ ਹੋਵੇਗੀ। ਉਨ੍ਹਾਂ ਕਿਹਾ ਕਿ ਪੰਜਾਬ ਵਿੱਚ ਪਹਿਲੀ ਵਾਰ ਗਠਜੋੜ ਦੀ ਵੱਡੀ ਪਾਰਟੀ ਦੇ ਰੂਪ ਵਿੱਚ ਭਾਜਪਾ ਇਸ ਵਾਰ ਚੋਣ ਲੜ ਰਹੀ ਹੈ।
ਪੱਤਰਕਾਰਾਂ ਵੱਲੋਂ ਇਹ ਪੁੱਛੇ ਜਾਣ ’ਤੇ ਕਿ 4 ਰਾਜਾਂ ਵਿੱਚ ਸਰਕਾਰ ਬਣਾਉਣ ਅਤੇ ਪੰਜਾਬ ਵਿੱਚ ਸਥਿਤੀ ਮਜ਼ਬੂਤ ਕਰਨ ਦੇ ਦਾਅਵੇ ਦਾ ਕੀ ਮਤਲਬ ਹੈ, ਸ੍ਰੀ ਅਮਿਤ ਸ਼ਾਹ ਨੇ ਕਿਹਾ ਕਿ ਸਥਿਤੀ ਮਜ਼ਬੂਤ ਕਰਨ ਦੇ ਵਿੱਚ ਹੀ ਸਰਕਾਰ ਬਣਾਉਣ ਦੀ ਗੱਲ ਵੀ ਆ ਜਾਂਦੀ ਹੈ।
ਅਕਾਲੀ ਦਲ ਨਾਲ ਚੋਣਾਂ ਤੋਂ ਬਾਅਦ ਮੁੜ ਗਠਜੋੜ ਦੀਆਂ ਸੰਭਾਵਨਾਵਾਂ ਬਾਰੇ ਸਵਾਲਾਂ ਦਾ ਜਵਾਬ ਦਿੰਦਿਆਂ ਜਗਤ ਪ੍ਰਕਾਸ਼ ਨੱਢਾ ਨੇ ਆਖ਼ਿਆ ਕਿ ਲੰਬੇ ਸਮੇਂ ਤੋਂ ਭਾਜਪਾ ਨੂੰ ਸ਼੍ਰੋਮਣੀ ਅਕਾਲੀ ਦਲ ਨਾਲ ਨਾਤਾ ਤੋੜ ਲੈਣ ਦੇ ਸੁਝਾਅ ਆਉਂਦੇ ਸਨ ਪਰ ਭਾਜਪਾ ਨੇ ਐਨ.ਡੀ.ਏ. ਦੇ ਵੱਡੇ ਭਾਈਵਾਲ ਵਜੋਂ ਗਠਜੋੜ ਧਰਮ ਨੂੰ ਲਗਾਤਾਰ ਨਿਭਾਇਆ ਅਤੇ ਗਠਜੋੜ ਅਕਾਲੀਆਂ ਨੇ ਤੋੜਿਆ ਸੀ।
ਪੰਜਾਬ ਦੇ ਨਤੀਜਿਆਂ ਬਾਰੇ ਪੁੱਛੇ ਜਾਣ ’ਤੇ ਅਮਿਤ ਸ਼ਾਹ ਨੇ ਕਿਹਾ ਕਿ ਪੰਜਾਬ ਅੰਦਰ ਪੰਜ ਕੋਣਾ ਮੁਕਾਬਲਾ ਹੋਣ ਕਰਕੇ ਰਾਜਨੀਤੀ ਦੇ ਗਿਆਤਾ ਵੀ ਚੋਣ ਨਤੀਜਿਆਂ ਬਾਰੇ ਕੁਝ ਨਹੀਂ ਦੱਸ ਸਕਣਗੇ। ਉਹਨਾਂ ਹਲਕੇ ਫ਼ੁਲਕੇ ਲਹਿਜ਼ੇ ਵਿੱਚ ਆਖ਼ਿਆ ਕਿ ਜੇ ਪੱਤਰਕਾਰ ਕਿਸੇ ਜੋਤਿਸ਼ੀ ਦਾ ਇੰਟਰਵਿਊ ਕਰਨ ਤਾਂ ਸ਼ਾਇਦ ਉਹ ਪੰਜਾਬ ਦੇ ਚੋਣ ਨਤੀਜਿਆਂ ਬਾਰੇ ਕੁਝ ਦੱਸ ਸਕੇ।