ਜਗਤਾਰ ਸਿੰਘ ਸਿੱਧੂ;
ਪੰਜਾਬ ਭਾਜਪਾ ਦੇ ਸੂਬਾ ਪ੍ਰਧਾਨ ਸੁਨੀਲ ਜਾਖੜ ਦੇ ਅਸਤੀਫੇ ਦੇ ਮੁੱਦੇ ਨੂੰ ਲੈ ਕੇ ਉੱਠੇ ਵਿਵਾਦ ਨੇ ਭਾਜਪਾ ਦੀ ਸੀਨੀਅਰ ਲੀਡਰਸ਼ਿਪ ਨੂੰ ਹੀ ਕਟਿਹਰੇ ਵਿੱਚ ਖੜਾ ਕਰ ਦਿੱਤਾ ਹੈ। ਜਾਖੜ ਨੇ ਪੰਜਾਬ ਦੇ ਹਿੱਤ ਵਿਚ ਖੜੇ ਹੁੰਦੇ ਕਿਹਾ ਹੈ ਕਿ ਨਜਰੀਆ ਬਦਲਣ ਦੀ ਲੋੜ ਹੈ,ਨਜਰਾਂ ਤਾਂ ਆਪਣੇ ਆਪ ਬਦਲ ਜਾਣਗੀਆਂ। ਪੰਜਾਬ ਭਾਜਪਾ ਦਾ ਪ੍ਰਧਾਨ ਕੋਈ ਲਾਇਆ ਜਾਵੇ ਪਰ ਉਸ ਨੂੰ ਖੁਦਮੁਖਤਿਆਰੀ ਅਤੇ ਅਧਿਕਾਰ ਦਿਤੇ ਜਾਣ। ਸਧਾਰਨ ਭਾਸ਼ਾ ਵਿਚ ਕਿਹਾ ਜਾ ਸਕਦਾ ਹੈ ਕਿ ਪੰਜਾਬ ਦਾ ਪ੍ਰਧਾਨ ਪੰਜਾਬ ਵਰਗਾ ਸਿਰ ਉੱਚਾ ਚੁੱਕਕੇ ਤੁਰਨ ਵਾਲਾ ਹੋਵੇ, ਕੇਵਲ ਪਾਰਟੀ ਹਾਈ ਕਮਾਂਡ ਦਾ ਹੀ ਡੰਕਾ ਵਜਾਉਣ ਵਾਲਾ ਨਾ ਹੋਵੇ। ਭਾਜਪਾ ਆਗੂ ਸੁਨੀਲ ਜਾਖੜ ਨੇ ਇਹ ਮਾਮਲੇ ਕਿਸੇ ਹੋਰ ਕੋਲ ਨਹੀਂ ਸਗੋਂ ਪਾਰਟੀ ਦੇ ਦੋ ਸ਼ਕਤੀਸ਼ਾਲੀ ਆਗੂਆਂ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਅਤੇ ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਨਾਲ ਪਿਛਲੇ ਦਿਨਾਂ ਦੌਰਾਨ ਹੋਈਆਂ ਮੁਲਾਕਾਤਾਂ ਦੌਰਾਨ ਉਠਾਏ ਹਨ।
ਚੰਡੀਗੜ ਦੇ ਇਕ ਵੱਡੈ ਮੀਡੀਆ ਗਰੁਪ ਟ੍ਰਿਬਿਊਨ ਨੇ ਪਿਛਲੇ ਕੁਝ ਦਿਨਾਂ ਦੌਰਾਨ ਦੂਜੀ ਵਾਰ ਪਹਿਲੇ ਪੰਨੇ ਉੱਤੇ ਭਾਜਪਾ ਆਗੂ ਜਾਖੜ ਦੇ ਮੁੱਦੇ ਨੂੰ ਉਜਾਗਰ ਕੀਤਾ ਹੈ। ਪਹਿਲਾਂ ਜਦੋਂ ਰਿਪੋਰਟ ਆਈ ਸੀ ਤਾਂ ਜਾਖੜ ਦੇ ਪ੍ਰਧਾਨਗੀ ਬਾਰੇ ਅਸਤੀਫੇ ਨੂੰ ਲੈ ਕੇ ਆਈ ਸੀ। ਉਸ ਵੇਲੇ ਭਾਜਪਾ ਆਗੂਆਂ ਨੇ ਮਾਮਲੇ ਉਪਰ ਪੋਚਾ ਫੇਰਨ ਦੀ ਕੋਸ਼ਿਸ਼ ਕਰਦੇ ਜੋਰਦਾਰ ਸ਼ਬਦਾਂ ਵਿਚ ਅਸਤੀਫੇ ਦੇ ਪੱਖ ਨੂੰ ਰੱਦ ਕੀਤਾ ਸੀ। ਇਸੇ ਹਫਤੇ ਸ਼ੁਰੂ ਵਿਚ ਚੰਡੀਗੜ ਹੀ ਭਾਜਪਾ ਪੰਜਾਬ ਦੀ ਪੰਚਾਇਤੀ ਚੋਣਾਂ ਅਤੇ ਜਿਮਨੀ ਚੋਣਾਂ ਦੀਆਂ ਤਿਆਰੀਆਂ ਬਾਰੇ ਮੀਟੰਗ ਹੋਈ ਸੀ ਤਾਂ ਜਾਖੜ ਉਸ ਮੀਟਿੰਗ ਵਿਚ ਵੀ ਨਹੀਂ ਆਏ। ਭਾਜਪਾ ਨੇ ਫਿਰ ਜਾਖੜ ਦੇ ਨਿੱਜੀ ਰੁਝੇਵੇਂ ਦਾ ਹਵਾਲਾ ਦੇਕੇ ਮਾਮਲੇ ਨੂੰ ਟਾਲਣ ਲਈ ਆਮ ਲੋਕਾਂ ਦੀਆਂ ਅੱਖਾਂ ਵਿਚ ਨਹੀ ਸਗੋਂ ਆਪਣੀਆਂ ਹੀ ਅੱਖਾਂ ਵਿੱਚ ਘੱਟਾ ਪਾਉਣ ਦੀ ਕੋਸ਼ਿਸ਼ ਕੀਤੀ। ਹੁਣ ਜਿਹੜੀ ਦੂਜੀ ਰਿਪੋਰਟ ਇਸੇ ਮੀਡੀਆ ਗਰੁਪ ਨੇ ਜਾਖੜ ਬਾਰੇ ਦਿੱਤੀ ਹੈ, ਉਸ ਨੇ ਤਾਂ ਭਾਜਪਾ ਦੇ ਦਾਅਵਿਆਂ ਦਾ ਭਾਂਡਾ ਹੀ ਚੁਰਾਹੇ ਵਿੱਚ ਭੰਨ ਦਿੱਤਾ ਹੈ।
ਆਪਣੇ ਪੱਤਰਕਾਰੀ ਦੇ ਦਹਾਕਿਆਂ ਪੁਰਾਣੇ ਤਜਰਬੇ ਦੇ ਅਧਾਰ ਉੱਤੇ ਆਖ ਸਕਦਾ ਹਾਂ ਕਿ ਪੰਜਾਬ ਭਾਜਪਾ ਨਾਲ ਜੁੜੇ ਪਿਛਲੇ ਸਾਬਕਾ ਪ੍ਰਧਾਨਾਂ ਨੇ ਕਦੇ ਇਸ ਤਰਾਂ ਪੰਜਾਬ ਦੇ ਹਿੱਤ ਵਿਚ ਦਲੇਰਾਨਾ ਸਟੈਂਡ ਨਹੀਂ ਲਿਆ ਕਿ ਪਾਰਟੀ ਦੇ ਚੋਟੀ ਦੇ ਆਗੂਆਂ ਨੂੰ ਸੁਣਾ ਦਿੱਤਾ ਹੋਵੇ ਕਿ ਪੰਜਾਬੀਆਂ ਦਾ ਦਿਲ ਜਿੱਤਣਾ ਹੈ ਤਾਂ ਪੰਜਾਬ ਬਾਰੇ ਨਜਰੀਆ ਬਦਲਣ ਦੀ ਲੋੜ ਹੈ। ਪੰਜਾਬੀਆਂ ਦੇ ਮਜਬੂਤ ਭਾਵੁਕ ਮਾਮਲਿਆਂ ਨੂੰ ਹੱਲ ਕਰਨਾ ਹੋਵੇਗਾ। ਆਪਾਂ ਸਾਰੇ ਜਾਣਦੇ ਹਾਂ ਕਿ ਅਕਾਲੀ ਦਲ ਅਤੇ ਕਾਂਗਰਸ ਵਿਚੋਂ ਕਈ ਨੇਤਾ ਭਾਜਪਾ ਵਿੱਚ ਗਏ ਅਤੇ ਵੱਡੇ ਅਹੁਦਿਆਂ ਉਪਰ ਬਿਰਾਜਮਾਨ ਹਨ ਪਰ ਉਰ ਸਾਰੇ ਕੇਵਲ ਅਤੇ ਕੇਵਲ ਵਿਰੋਧੀ ਪਾਰਟੀਆਂ ਨੂੰ ਭੰਢਣ ਦੀ ਸੇਵਾ ਤਾਂ ਬਾਖੂਬੀ ਨਿਭਾ ਰਹੇ ਹਨ ਪਰ ਇਸ ਤੋਂ ਅੱਗੇ ਤਾਂ ਸਾਰੀਆਂ ਰਾਜਸੀ ਧਿਰਾਂ ਵਿਚ ਹੀ ਸੇਵਾ ਬਦਲੇ ਮੇਵਾ ਪ੍ਰਾਪਤ ਕਰਨਾ ਹੀ ਅਸਲ ਰਾਜਨੀਤੀ ਹੈ। ਇਸੇ ਲਈ ਪਤਾ ਲੱਗਾ ਹੈ ਕਿ ਜਾਖੜ ਨੇ ਸਪਸ਼ਟ ਕਰ ਦਿੱਤਾ ਹੈ ਕਿ ਪਾਰਟੀ ਅਤੇ ਕੇਂਦਰ ਦਾ ਸੂਬੇ ਬਾਰੇ ਨਜਰੀਆ ਬਦਲੇ ਬਗੈਰ ਪ੍ਰਧਾਨਗੀ ਕਈ ਮਾਇਨਾ ਨਹੀਂ ਰਖਦੀ।
ਜਾਖੜ ਆਪ ਕਿਸਾਨ ਹਨ ਅਤੇ ਕਿਸਾਨੀ ਮਸਲੇ ਹੱਲ ਕਰਨ ਲਈ ਉਨਾਂ ਨੇ ਪਾਰਟੀ ਲੀਡਰਸ਼ਿਪ ਕੋਲ ਆਪਣੀ ਗੱਲ ਰੱਖੀ। ਡੇਰਾ ਸਿਰਸਾ ਮੁੱਖੀ ਦੀ ਪੈਰੋਲ ਵਾਰ ਵਾਰ ਹੋਣ ਅਤੇ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਦੀਆਂ ਤਾਰਾਂ ਡੇਰੇ ਨਾਲ ਜੁੜਨ ਦਾ ਮਾਮਲਾ ਉਠਾਇਆ। ਇਹ ਵੀ ਹੈ ਕਿ ਕਾਹਦੀ ਪ੍ਰਧਾਨਗੀ ਜੇਕਰ ਪੰਜਾਬ ਨਾਲ ਜੁੜੇ ਵੱਡੇ ਮਾਮਲਿਆ ਵਿਚ ਭਰੋਸੇ ਵਿਚ ਹੀ ਨਾ ਲਿਆ ਜਾਵੇ। ਕੇਂਦਰੀ ਮੰਤਰੀ ਚੰਡੀਗੜ ਆਕੇ ਮੁੱਖ ਮੰਤਰੀ ਭਗਵੰਤਤ ਮਾਨ ਨੂੰ ਨਾਲ ਲੈ ਕੇ ਕਿਸਾਨਾਂ ਨਾਲ ਮੀਟਿੰਗਾਂ ਕਰ ਗਏ ਪਰ ਜਾਖੜ ਨੂੰ ਪੁੱਛਿਆ ਤੱਕ ਨਹੀ। ਪਾਰਲੀਮੈਂਟ ਚੋਣਾਂ ਸਮੇਤ ਪੰਜਾਬ ਦੇ ਹਿੱਤ ਨਾਲ ਜੁੜੇ ਕਈ ਮਾਮਲੇ ਹਨ।
ਅਸਲ ਵਿਚ ਭਾਜਪਾ ਨੂੰ ਕਿਸਾਨਾ ਸਣੇ ਪੰਜਾਬ ਦੇ ਅਹਿਮ ਮੁੱਦਿਆਂ ਉਪਰ ਠੋਸ ਫੈਸਲੇ ਲਏ ਬਗੈਰ ਪੰਜਾਬੀਆਂ ਦਾ ਮਨ ਨਹੀਂ ਜਿੱਤਿਆ ਜਾ ਸਕਦਾ। ਕੇਂਦਰ ਵਿੱਚ ਸਤਾ ਤੇ ਕਾਬਜ ਧਿਰਾਂ ਨੇ ਪੰਜਾਬੀਆਂ ਦੇ ਹਿੱਤ ਜਦੋਂ ਵੀ ਅਣਗੌਲੇ ਕੀਤੇ ਜਾਂ ਧੱਕੇ ਨਾਲ ਦਬਾਏ ਤਾਂ ਉਦੋਂ ਹੀ ਪੰਜਾਬੀਆਂ ਦਾ ਭਰੋਸਾ ਟੁੱਟਿਆ। ਇਹ ਹੀ ਸੁਨੀਲ ਜਾਖੜ ਨੇ ਮੋਦੀ ਅਤੇ ਅਮਿਤ ਸ਼ਾਹ ਨੂੰ ਕਹਿਣ ਦੀ ਕੋਸ਼ਿਸ਼ ਕੀਤੀ ਹੈ।
ਸੰਪਰਕ 9814002186