Home / ਓਪੀਨੀਅਨ / ਬਹੁਤਾ ਬੋਲ ਕੇ, ਜੱਗ ਨਹੀਂ ਜਿੱਤ ਹੁੰਦਾ !

ਬਹੁਤਾ ਬੋਲ ਕੇ, ਜੱਗ ਨਹੀਂ ਜਿੱਤ ਹੁੰਦਾ !

ਅੱਜ ਕੱਲ੍ਹ ਪੰਜਾਬ ਵਿਚ ਮਾਹੌਲ ਗਰਮ ਹੈ। ਚੋਣਾਂ ਦਾ ਐਲਾਨ ਭਾਵੇਂ ਸਰਕਾਰੀ ਤੌਰ ‘ਤੇ ਨਹੀਂ ਹੋਇਆ ਪਰ ਰਾਜਨੀਤਕ ਸਰਗਰਮੀ ਨੇ ਜ਼ੋਰ ਫੜ ਲਿਆ ਲਗਦਾ ਹੈ। ਨਿੱਤ ਦਿਨ ਨਵੇਂ ਲੋਕ ਲੁਭਾਊ ਐਲਾਨ ਕੀਤੇ ਜਾ ਰਹੇ ਹਨ। ਸਿਆਸਤ ਦੇ ਬਾਦਸ਼ਾਹ ਲੀਡਰ ਸੂਬੇ ਦੇ ਲੋਕਾਂ ਨੂੰ ਉੱਚੀ ਉੱਚੀ ਬੋਲ ਕੇ ਆਪਣੇ ਹੱਕ ਵਿੱਚ ਭੁਗਤਾਣ ਲਈ ਤਰਲੋਮੱਛੀ ਹੋਏ ਪਏ ਹਨ। ਕਈ ਸਿਆਸਤਦਾਨ ਘੱਟ ਬੋਲ ਸਭ ਕੁਝ ਕਰ ਜਾਂਦੇ ਹਨ। ਪੇਸ਼ ਹੈ ਕੁਝ ਅੰਸ਼ ਕਿ ਉੱਚੀ ਬੋਲ ਕੇ ਜੱਗ ਨਹੀਂ ਜਿੱਤਿਆ ਜਾਂਦਾ :

ਜਦੋਂ ਬੱਚਾ ਜਨਮ ਲੈ ਕੇ ਇਸ ਸੰਸਾਰ ਚ ਆਉਂਦਾ ਹੈ ਤਾਂ ਉਸਦੀ ਪਹਿਲੀ ਕਿਲਕਾਰੀ ਹੀ ਉਸਦੇ ਜਿਉਂਦੇ ਹੋਣ ਦੀ ਸਾਅਦੀ ਭਰਦੀ ਹੈ।ਇਹ ਪਹਿਲੀ ਕਿਲਕਾਰੀ ਐਨੀ ਕੀਮਤੀ ਹੁੰਦੀ ਹੈ,ਕਿ ਅਗਰ ਜਨਮ ਲੈਣ ਵਾਲਾ ਕੋਈ ਬੱਚਾ ਚੁੱਪ ਹੀ ਰਹਿੰਦਾ ਹੈ ਅਤੇ ਉਹਦੇ ਸਕੇ ਸਬੰਧੀਆਂ ਨੂੰ ਇਹ ਕੀਮਤੀ ਕਿਲਕਾਰੀ ਸੁਣਾਈ ਨਹੀਂ ਦਿੰਦੀ, ਤਾਂ ਸਾਰੇ ਸਕੇ ਸਬੰਧੀਆਂ ਦੀ ਖੁਸ਼ੀ ਇੱਕ ਦਮ ਗਮੀ ‘ਚ ਬਦਲ ਜਾਂਦੀ ਹੈ। ਕਿਉਂਕਿ ਬੱਚੇ ਦੀ ਕਿਲਕਾਰੀ ਦਾ ਨਾ ਵੱਜਣਾ ਹੀ ਬੱਚੇ ਦੀ ਮੌਤ ਦੀ ਨਿਸ਼ਾਨੀ ਹੁੰਦੀ ਹੈ। ਇਸ ਲਈ ਇਹ ਕਿਲਕਾਰੀ ਬੱਚੇ ਦੇ ਨਾਲ 2,ਸਕੇ ਸਬੰਧੀਆਂ ਲਈ ਵੀ ਬੜੀ ਕੀਮਤੀ ਹੁੰਦੀ ਹੈ।

ਅਸਲ ਵਿੱਚ ਹਰ ਮਨੁੱਖ ਜਿੰਦਗੀ ‘ਚ ਇੱਕ ਵਾਰ ਹੀ ਬੋਲਦਾ ਹੈ ਅਤੇ ਇੱਕ ਵਾਰ ਹੀ ਚੁੱਪ ਕਰਦਾ ਹੈ। ਅਗਰ ਬੱਚੇ ਦੀ ਪਹਿਲੀ ਕਿਲਕਾਰੀ, ਉਸਨੂੰ ਜੀਵਨ ਦਾਨ ਬਖਸ਼ਦੀ ਹੈ, ਤਾਂ ਇਸੇ ਤਰ੍ਹਾਂ ਮਨੁੱਖ ਦੀ ਆਖਰੀ ਚੁੱਪ ਵੀ ਉਸਨੂੰ ਸਦਾ ਦੀ ਨੀਂਦ ਸੁਲਾ ਦਿੰਦੀ ਹੈ। ਅਗਰ ਬੱਚੇ ਦੀ ਪਹਿਲੀ ਕਿਲਕਾਰੀ ਨੂੰ ਉਹਦਾ ਪਹਿਲਾ ਬੋਲ ਕਹਿ ਲਿਆ ਜਾਵੇ, ਤਾਂ ਵੀ ਇਹ ਕੋਈ ਅੱਤਕੱਥਨੀ ਨਹੀਂ ਹੋਵੇਗਾ। ਇਸੇ ਤਰ੍ਹਾਂ ਮਨੁੱਖ ਦੀ ਆਖਰੀ ਚੁੱਪ ਉਸਨੂੰ ਮੌਤ ਦੀ ਗੋਦ ‘ਚ ਲੈ ਜਾਂਦੀ ਹੈ। ਇਹ ਪਹਿਲਾ ਬੋਲ ਤੇ ਆਖਰੀ ਚੁੱਪ ਬੜੀ ਹੀ ਕੀਮਤੀ ਹੁੰਦੀ ਹੈ ਅਤੇ ਇਹ ਦੋਵੇਂ ਬੜੇ ਵੱਡੇ ਮਾਇਨੇ ਵੀ ਰੱਖਦੇ ਹਨ।

ਮਨੁੱਖ ਦੇ ਜਨਮ ਦੀ ਪਹਿਲੀ ਕਿਲਕਾਰੀ ਤੋਂ ਬਾਅਦ, ਆਖਰੀ ਸਾਹਾਂ ਤੱਕ ਅਗਰ ਕੋਈ ਬੋਲਦਾ ਹੈ,ਤਾਂ ਇਹਦੇ ਲਈ ਤਾਂ ਹਰ ਕਿਸੇ ਦਾ ਕੋਈ ਨਾ ਕੋਈ ਸੁਆਰਥ ਜਾਂ ਮਤਲਬ ਹੀ ਹੁੰਦਾ ਹੈ। ਅਗਰ ਕੋਈ ਜਿੰਦਗੀ ਦੇ ਸਫਰ ਦੇ ਦੌਰਾਨ ਕਦੇ ਚੁੱਪ ਹੋ ਜਾਂਦਾ ਹੈ ਜਾਂ ਫਿਰ ਚੁੱਪ ਧਾਰ ਲੈਂਦਾ ਹੈ, ਤਾਂ ਇਹਦੇ ਵਿੱਚ ਵੀ ਉਹਦਾ ਕੋਈ ਸੁਆਰਥ ਜਾਂ ਫਿਰ ਕੋਈ ਮਜਬੂਰੀ ਹੁੰਦੀ ਹੈ। ਜਿਸਨੂੰ ਹਰ ਕੋਈ ਆਪੋ ਆਪਣੇ ਮਤਲਬ ਅਤੇ ਮੌਕੇ ਅਨੁਸਾਰ ਵਰਤਦਾ ਹੈ। ਪਰ ਇਹ ਬੋਲਣਾ ਜਾਂ ਚੁੱਪ, ਮਨੁੱਖ ਦੇ ਦੁਨਿਆਵੀ ਧੰਦੇ ਤਾਂ ਸੰਵਾਰ ਸਕਦੀ ਹੈ। ਇਸ ਤੋਂ ਜਿਆਦਾ ਹੋਰ ਕੋਈ ਜਿਆਦਾ ਮਾਇਨੇ ਨਹੀਂ ਰੱਖਦੇ।

ਅਸਲ ਵਿੱਚ ਮਨੁੱਖ ਦੀ ਜਿੰਦਗੀ ਦੀ ਪਹਿਲੀ ਕਿਲਕਾਰੀ ਤੇ ਆਖਰੀ ਚੁੱਪ ਹੀ ਖਾਸ ਮਹੱਤਵ ਰੱਖਦੀ ਹੈ। ਕਿਉਂਕਿ ਇੱਕ ਜੀਵਨ ਦਾਨ ਦਿੰਦੀ ਹੈ ਅਤੇ ਦੂਸਰੀ ਮੌਤ ਦੀ ਗੋਦ ਚ ਸੁਲਾ ਦਿੰਦੀ ਹੈ। ਇਸੇ ਲਈ ਦੁਨੀਆਂ ਦੇ ਲੋਕ, ਇੱਕ ਦੇ ਆਉਣ ਦੀ ਉਡੀਕ ਖੁਸ਼ੀ ਨਾਲ ਕਰਦੇ ਹਨ ਅਤੇ ਦੂਸਰੇ ਦੇ ਨਾ ਜਾਣ ਲਈ ਅਰਦਾਸਾਂ ਕਰਦੇ ਹਨ। ਕਿਉਂਕਿ ਇਹ ਦੋਨੋਂ ਚੀਜਾਂ, ਕਿਸੇ ਵੀ ਕੀਮਤ ਤੇ ਖਰੀਦੀਆਂ ਹੀ ਨਹੀਂ ਜਾ ਸਕਦੀਆਂ।

ਭਾਵੇਂ ਮਨੁੱਖ ਸਾਰੀ ਉਮਰ ਹੀ ਆਪਣੀ ਸੁਵਿਧਾ ਦੇ ਅਨੁਸਾਰ ਬੋਲਦਾ ਅਤੇ ਚੁੱਪ ਵੀ ਧਾਰ ਲੈਂਦਾ ਹੈ।ਇਹਦੇ ਵਿੱਚ ਹਰ ਮਨੁੱਖ ਦਾ ਆਪੋ ਆਪਣਾ ਲਹਿਜਾ ਹੁੰਦਾ ਹੈ।ਕੋਈ ਜਿਆਦਾ ਬੋਲਦਾ ਹੈ ਅਤੇ ਕੋਈ ਘੱਟ ਬੋਲਦਾ ਹੈ। ਇਸੇ ਤਰ੍ਹਾਂ ਕੋਈ ਜਿਆਦਾ ਚੁੱਪ ਧਾਰੀ ਰੱਖਦਾ ਹੈ ਅਤੇ ਕੋਈ ਖਾਸ ਮੌਕਿਆਂ ਤੇ ਚੁੱਪ ਧਾਰ ਲੈਂਦਾ ਹੈ। ਇਹ ਤਾਂ ਹਰ ਮਨੁੱਖ ਦਾ ਆਪੋ ਆਪਣਾ ਸੁਭਾਅ ਹੁੰਦਾ ਹੈ। ਇਹਦੇ ਲਈ ਕੋਈ ਪੱਕਾ ਫਾਰਮੂਲਾ ਨਹੀਂ ਹੁੰਦਾ। ਜਿਸ ਤਰ੍ਹਾਂ ਕਿਸੇ ਨੂੰ ਕੋਈ ਚੀਜ ਫਿੱਟ ਬੈਠਦੀ ਹੈ। ਮਨੁੱਖ ਉਸੇ ਤਰ੍ਹਾਂ ਦਾ ਫੈਸਲਾ ਕਰ ਲੈਂਦਾ ਹੈ।

ਬੇਸੱਕ,ਮਨੁੱਖ ਨੂੰ ਲੋੜ ਵੇਲੇ ਜਾਂ ਸਮੇਂ ਤੇ ਹਾਲਾਤਾਂ ਦੇ ਅਨੁਸਾਰ ਬੋਲਣਾ ਵੀ ਚਾਹੀਦਾ ਹੈ ਅਤੇ ਸਮੇਂ ਅਨੁਸਾਰ ਚੁੱਪ ਵੀ ਰਹਿਣਾ ਚਾਹੀਦਾ ਹੈ।ਐਵੇਂ ਲੋੜ ਤੋਂ ਜਿਆਦਾ ਬੋਲੀ ਜਾਣਾ ਜਾਂ ਫਿਰ ਚੁੱਪ ਧਾਰੀ ਰੱਖਣਾ ਵੀ ਵਧੀਆ ਮਨੁੱਖ ਹੋਣ ਦੀ ਨਿਸ਼ਾਨੀ ਨਹੀਂ ਹੁੰਦੀ।ਇਸੇ ਲਈ ਤਾਂ ਕਿਹਾ ਗਿਆ ਹੈ,ਕਿ, ਵਕਤ ਵਿਚਾਰੇ, ਸੋਈ ਬੰਦਾ!

ਕਹਿਣ ਤੋਂ ਭਾਵ ਇਹ ਹੈ,ਕਿ ਮਨੁੱਖ ਨੂੰ ਵੀ ਵਕਤ ਦੇ ਅਨੁਸਾਰ ਇਹ ਸਭ ਕੁੱਝ ਕਰਨਾ ਹੀ ਚਾਹੀਦਾ ਹੈ।ਇਸੇ ਤਰ੍ਹਾਂ ਬੇਵਕਤ ਕੀਤਾ ਗਿਆ ਕੋਈ ਵੀ ਕਾਰਜ ਫਾਇਦੇ ਦੀ ਥਾਂ ਨੁਕਸਾਨ ਹੀ ਕਰਦਾ ਹੈ।ਜਿਵੇਂ ਕਿ, ਵਕਤੋਂ ਖੁੰਝੀ ਡੂੰਮਣੀ,ਗਾਵੈ ਆਲ ਪਤਾਲ! ਕਹਿਣ ਤੋਂ ਭਾਵ,ਵਕਤ ਤੋਂ ਪਹਿਲਾਂ ਜਾਂ ਵਕਤ ਤੋਂ ਬਾਅਦ ਬੋਲਿਆ ਗਿਆ ਕੋਈ ਵੀ ਬੋਲ ਨੁਕਸਾਨ ਹੀ ਕਰਦਾ ਹੈ। ਪਰ ਅਫਸੋਸ ਕਿ ਕਈ ਵਾਰ ਕਈ ਲੋਕ, ਲੋੜ ਤੋਂ ਜਿਆਦਾ ਬੋਲਣ ਨੂੰ ਹੀ ਆਪਣੀ ਸ਼ਾਨ ਸਮਝਣ ਲੱਗ ਪੈਂਦੇ ਹਨ। ਕਹਿਣ ਤੋਂ ਭਾਵ ਇਹ ਹੈ,ਕਿ ਕਈ ਲੋਕ, ਗੱਲੀਂ ਬਾਤੀਂ ਹੀ, ਪੂੜੇ ਪਕਾਉਣ ਲੱਗ ਪੈਂਦੇ ਹਨ! ਜਿਸਦਾ ਨਤੀਜਾ ਆਉਣ ਵਾਲੇ ਸਮੇਂ ਚ ਬੜਾ ਬੁਰਾ ਨਿੱਕਲਦਾ ਹੈ। ਕਿਉਂਕਿ ਸਿਆਣੇ ਤਾਂ ਇੱਥੋਂ ਤੱਕ ਕਹਿੰਦੇ ਹਨ,ਕਿ, ਪਹਿਲਾਂ ਤੋਲੋ, ਫਿਰ ਬੋਲੋ! ਕਹਿਣ ਤੋਂ ਭਾਵ ਇਹ ਹੈ,ਕਿ ਹਰ ਗੱਲ ਨੂੰ ਸੋਚ ਵਿਚਾਰ ਕੇ ਹੀ ਬੋਲਣਾ ਚਾਹੀਦਾ ਹੈ,ਤਾਂ ਕਿ ਹੈਸੀਅਤ ਤੋਂ ਜਿਆਦਾ ਕਹੀ ਹੋਈ ਗੱਲ ਨੂੰ ਨਾ ਪੁਗਾਉਣ ਦੇ ਸਦਕਾ, ਲੈਣੇ ਦੇ ਦੇਣੇ! ਨਾ ਪੈ ਜਾਣ। ਜਿਸਦੇ ਨਤੀਜੇ ਅਕਸਰ ਬੁਰੇ ਹੀ ਨਿੱਕਲਦੇ ਹਨ। ਮੁੱਕਦੀ ਗੱਲ ਤਾਂ ਇਹ ਹੈ,ਕਿ ਮਨੁੱਖ ਨੂੰ ਆਪਣੀ ਹੈਸੀਅਤ ਅਤੇ ਸਮਰੱਥਾ ਦੇ ਮੁਤਾਬਕ ਹੀ ਗੱਲ ਕਰਨੀ ਚਾਹੀਦੀ ਹੈ।ਆਪਣੀ ਹੈਸੀਅਤ ਤੋਂ ਜਿਆਦਾ ਕਹੀ ਗਈ ਗੱਲ,ਮਨੁੱਖ ਨੂੰ ਧੋਬੀ ਦੇ ਕੁੱਤੇ ਵਾਂਗ, ਨਾ ਘਰ ਦਾ,ਨਾ ਘਾਟ ਦਾ! ਵਾਲੀ ਹਾਲਤ ਚ ਪਹੁੰਚਾਅ ਦਿੰਦੀ ਹੈ।ਕਿਉਂਕਿ ਕਿਸੇ ਵੀ ਗੱਲ ਨੂੰ ਪੂਰ ਚਾੜ੍ਹਨ ਲਈ ਤਾਂ ਸਿਰ ਧੜ ਦੀ ਬਾਜੀ ਵੀ ਲਾਉਣੀ ਪੈਂਦੀ ਹੈ।ਕਿਉਂਕਿ ਇਕੱਲੀਆਂ ਗੱਲਾਂ ਅਤੇ ਬਹੁਤਾ ਬੋਲ ਕੇ ,ਕਦੇ ਜੱਗ ਨਹੀਂ ਜਿੱਤਿਆ ਜਾ ਸਕਦਾ।ਪਰ ਕਈ ਮੂਰਖ ਲੋਕ,ਇਸ ਸਚਾਈ ਤੋਂ ਅੱਖਾਂ ਫੇਰ ਲੈਂਦੇ ਹਨ ਅਤੇ ਦਿਨੇਂ ਹੀ ਸੁਪਨੇ ਵੇਖਣ ਲੱਗ ਪੈਂਦੇ ਹਨ। ਜਿਹੜੇ ਚੰਗੇ ਭਲੇ ਮਨੁੱਖ ਨੂੰ ਵੀ ਲੈ ਡੁੱਬਦੇ ਹਨ।

-ਸੁਬੇਗ ਸਿੰਘ, ਸੰਗਰੂਰ ਸੰਪਰਕ: 93169 10402

Check Also

ਪੌਦਿਆਂ ਦੇ ਪ੍ਰੇਮੀ ਤੇ ਭੌਤਿਕ ਵਿਗਿਆਨੀ – ਜਗਦੀਸ਼ ਚੰਦਰ ਬੋਸ

ਚੰਡੀਗੜ੍ਹ: ਪੌਦਿਆਂ ਦੇ ਪ੍ਰੇਮੀ ਭੌਤਿਕ ਵਿਗਿਆਨੀ ਜਗਦੀਸ਼ ਚੰਦਰ ਬੋਸ ਦਾ ਜਨਮ 30 ਨਵੰਬਰ 1858 ਨੂੰ …

Leave a Reply

Your email address will not be published. Required fields are marked *