ਜੇਐਨਯੂ ਮਾਮਲਾ : ਭਾਜਪਾ ਆਗੂ ਨੇ ਕਿਹਾ ਸੱਟ ਲੱਗੀ ਜਾਂ ਫਿਰ ਪੇਂਟ ਲਗਾਇਆ ਇਸ ਗੱਲ ਦੀ ਜਾਂਚ ਹੋਵੇ

TeamGlobalPunjab
2 Min Read

ਨਵੀਂ ਦਿੱਲੀ : ਜਵਾਹਰ ਲਾਲ ਯੂਨੀਵਰਸਿਟੀ ਅੰਦਰ ਵਿਦਿਆਰਥੀਆਂ ਦੀ ਨਕਾਬਪੋਸ਼ਾਂ ਵੱਲੋਂ ਬੜੀ ਬੇਰਹਿਮੀ ਨਾਲ ਕੁੱਟਮਾਰ ਕੀਤੀ ਗਈ। ਇਸ ਦੌਰਾਨ ਕਈ ਵਿਦਿਆਰਥੀਆਂ ਨੂੰ ਗੰਭੀਰ ਸੱਟਾਂ ਵੀ ਲੱਗੀਆਂ। ਨਕਾਬਪੋਸ਼ ਭਾਵੇਂ ਗ੍ਰਿਫਤਾਰ ਨਹੀਂ ਕੀਤੇ ਗਏ ਪਰ ਪੁਲਿਸ ਵੱਲੋਂ ਬੀਤੀ ਕੱਲ੍ਹ ਪ੍ਰਧਾਨ ਆਇਸ਼ੀ ਘੋਸ਼ ਅਤੇ ਕੁਝ ਹੋਰ ਵਿਦਿਆਰਥੀਆਂ ‘ਤੇ ਮਾਮਲਾ ਜਰੂਰ ਦਰਜ ਕਰ ਦਿੱਤਾ ਹੈ। ਇਸ ਹਮਲੇ ਦੀ ਜਿੱਥੇ ਚਾਰੇ ਪਾਸੇ ਨਿੰਦਾ ਕੀਤੀ ਜਾ ਰਹੀ ਹੈ ਉੱਥੇ ਹੀ ਬੰਗਾਲ ਭਾਜਪਾ ਪ੍ਰਮੁੱਖ ਦਿਲੀਪ ਘੋਸ਼ ਵੱਲੋਂ ਇਸ ਨੂੰ ਲੈ ਕੇ ਇੱਕ ਵਿਵਾਦਿਤ ਬਿਆਨ ਦਿੱਤਾ ਗਿਆ ਦੱਸਿਆ ਜਾ ਰਿਹਾ ਹੈ।

ਰਿਪੋਰਟਾਂ ਮੁਤਾਬਿਕ ਦਿਲੀਪ ਨੇ ਆਇਸ਼ੀ ਦੀਆਂ ਸ਼ਿਕਾਇਤਾਂ ‘ਤੇ ਸਵਾਲ ਉਠਾਉਂਦਿਆਂ ਕਿਹਾ ਹੈ ਕਿ ਇਸ ਗੱਲ ਦੀ ਜਾਂਚ ਕੀਤੀ ਜਾਵੇ ਕਿ ਆਇਸ਼ੀ ਦੇ ਸੱਟ ਲੱਗੀ ਹੈ ਜਾਂ ਫਿਰ ਉਸ ਨੇ ਪੇਂਟ ਲਾਇਆ ਹੈ। ਦਾਅਵਾ ਕੀਤਾ ਜਾ ਰਿਹਾ ਹੈ ਕਿ ਉਨ੍ਹਾਂ ਦੋਸ਼ ਇਹ ਵੀ ਲਾਇਆ ਹੈ ਕਿ ਜੇਐਨਯੂ ਅੰਦਰ ਵਿਦਿਆਰਥੀਆਂ ‘ਤੇ ਹਮਲਾ ਆਇਸ਼ੀ ਘੋਸ਼ ਦੇ ਕਹਿਣ ‘ਤੇ ਹੋਇਆ ਹੈ।

ਦੱਸ ਦਈਏ ਕਿ ਆਇਸ਼ੀ ਘੋਸ਼ ਵੱਲੋਂ ਇਹ ਕਿਹਾ ਗਿਆ ਸੀ ਕਿ ਨਕਾਬਪੋਸ਼ਾਂ ਵੱਲੋਂ ਉਨ੍ਹਾਂ ਨੂੰ ਜਾਨ ਤੋਂ ਮਾਰਨ ਦੀ ਕੋਸ਼ਿਸ਼ ਕੀਤੀ ਗਈ ਹੈ ਅਤੇ ਉਨ੍ਹਾਂ ਨੂੰ ਉਦੋਂ ਤੱਕ ਕੁੱਟਿਆ ਗਿਆ ਜਦੋਂ ਤੱਕ ਉਹ ਬੇਹੋਸ਼ ਨਹੀਂ ਹੋ ਗਏ। ਇਸ ਦੇ ਨਾਲ ਹੀ ਰਿਪੋਰਟਾਂ ਸਾਹਮਣੇ ਆ ਰਹੀਆਂ ਹਨ ਕਿ ਪੁਲਿਸ ਵੱਲੋਂ ਨਕਾਸ਼ਪੋਸ਼ਾਂ ਦੀ ਪਹਿਚਾਣ ਕਰਨ ਦਾ ਦਾਅਵਾ ਕੀਤਾ ਜਾ ਰਿਹਾ ਹੈ।

Share this Article
Leave a comment