ਪਿਆਜ਼ ਤੋਂ ਤਿਆਰ ਕੀਤੇ ਖਾਧ-ਪਦਾਰਥਾਂ ਲਈ ਅਪਣਾਈ ਤਕਨੀਕ

TeamGlobalPunjab
7 Min Read

-ਪੂਨਮ ਅਗਰਵਾਲ ਅਤੇ ਸੁਖਪ੍ਰੀਤ ਕੌਰ, (ਪੀਏਯੂ)

 

ਨਿਊਜ਼ ਡੈਸਕ : ਭਾਰਤ ਸੰਸਾਰ ਵਿੱਚ ਸਭ ਤੋ ਜਿਆਦਾ ਪਿਆਜ਼ ਪੈਦਾ ਕਰਨ ਵਾਲਾ ਦੂਜਾ ਦੇਸ਼ ਹੈ। ਪਿਛਲੇ ਦੋ ਸਾਲਾਂ ਵਿੱਚ ਪਿਆਜ਼ ਦੀ ਭਰਪੂਰ ਪੈਦਾਵਾਰ ਹੋਈ ਹੈ। ਸਾਲ 2018-19 ਦੌਰਾਨ ਲਗਭਗ 23.26 ਮਿਲੀਅਨ ਟਨ ਪਿਆਜ਼ ਦੀ ਪੈਦਾਵਾਰ ਹੋਈ ਹੈ, ਜੋ ਕਿ ਪਿਛਲੇ ਸਾਲ ਤੋਂ 1.5 ਪ੍ਰਤੀਸ਼ਤ ਵੱਧ ਹੈ।

ਭਾਰਤ ਵਿੱਚ ਜ਼ਿਆਦਾਤਰ ਪਿਆਜ਼ ਦੀ ਫਸਲ ਮਹਾਰਾਸ਼ਟਰ, ਕਰਨਾਟਕ, ਮੱਧ ਪ੍ਰਦੇਸ, ਗੁਜਰਾਤ, ਬਿਹਾਰ, ਆਂਧਰਾ ਪ੍ਰਦੇਸ਼, ਰਾਜਸਥਾਨ, ਹਰਿਆਣਾ ਅਤੇ ਤੇਲੰਗਾਨਾ ਰਾਜਾਂ ਵਿੱਚ ਹੁੰਦੀ ਹੈ।

- Advertisement -

ਮਹਾਰਾਸ਼ਟਰ ਵਿਚ ਪਿਆਜ਼ ਦੀ ਫ਼ਸਲ ਸਭ ਤੋਂ ਜਿਆਦਾ 28.32 ਪ੍ਰਤੀਸ਼ਤ ਹੁੰਦੀ ਹੈ। ਪਿਆਜ਼ ਪੰਜਾਬ ਵਿੱਚ ਤੀਜੀ ਸਭ ਤੋਂ ਵੱਧ ਉਗਾਈ ਜਾਣ ਵਾਲੀ ਸਬਜ਼ੀ ਹੈ। ਸਾਲ 2018-19 ਦੌਰਾਨ ਪੰਜਾਬ ਵਿੱਚ ਇਸ ਦੀ ਪੈਦਾਵਾਰ 2.4 ਮਿਲੀਅਨ ਟਨ ਹੋਈ ਹੈ। ਪੁਰਾਤਨ ਸਮੇਂ ਤੋਂ ਭਾਰਤ ਪਿਆਜ਼ ਦਾ ਨਿਰਯਾਤ ਕਰਦਾ ਆ ਰਿਹਾ ਹੈ। ਸਾਲ 2018-19 ਵਿੱਚ ਭਾਰਤ ਨੇ 2182821.23 ਟਨ ਜਿਸ ਦੀ ਕੀਮਤ ਲਗਭਗ 3467.06 ਕਰੋੜ ਬਣਦੀ ਹੈ ਦਾ ਨਿਰਯਾਤ ਕੀਤਾ। ਪਿਆਜ਼ ਦਾ ਨਿਰਯਾਤ ਆਧੁਨਿਕ ਮਸ਼ੀਨੀਕਰਨ ਦੁਆਰਾ ਸੁੱਕਾ ਪਾਊਡਰ, ਡੱਬਾ ਬੰਦ ਤੇ ਆਚਾਰ ਦੇ ਰੂਪ ਵਿੱਚ ਕੀਤਾ ਜਾਂਦਾ ਹੈ। ਪਿਆਜ਼ ਦੇ ਨਿਰਯਾਤ ਵਿੱਚ ਭਾਰਤ ਸੰਸਾਰ ਵਿੱਚ ਪਹਿਲੇ ਨੰਬਰ ਤੇ ਆਉਂਦਾ ਹੈ। ਭਾਰਤ ਵਿੱਚ ਤਿੰਨ ਕਿਸਮਾਂ ਦੇ ਪਿਆਜ਼ਾਂ ਦੀ ਪੈਦਾਵਾਰ ਹੁੰਦੀ ਹੈ ਜਿਵੇਂ ਕਿ ਲਾਲ, ਪੀਲੇ ਤੇ ਚਿੱਟੇ ਪਿਆਜ਼। ਭਾਰਤ ਵਿੱਚ ਪਿਆਜ਼ ਦੀਆਂ ਸਾਲ ਵਿੱਚ ਦੋ ਫਸਲਾਂ ਹੁੰਦੀਆਂ ਹਨ। ਪਹਿਲੀ ਫ਼ਸਲ ਨਵੰਬਰ ਤੋਂ ਜਨਵਰੀ ਅਤੇ ਦੂਜੀ ਫ਼ਸਲ ਜਨਵਰੀ ਤੋਂ ਮਈ ਹੁੰਦੀ ਹੈ।

ਸਾਲ 2019 ਦੀ ਪਿਛਲੀ ਚੌਥਾਈ ਵਿੱਚ ਪਿਆਜ਼ ਦੀਆਂ ਕੀਮਤਾਂ ਆਸਮਾਨ ਨੂੰ ਛੂਹਣ ਲੱਗ ਪਈਆਂ ਤੇ ਪਿਆਜ਼ ਦੀ ਕੀਮਤ 40 ਰੁਪਏ ਤੋਂ 120 ਰੁਪਏ ਹੋ ਗਈ। ਇਸ ਦਾ ਮੁੱਖ ਕਾਰਨ ਸੀ ਜ਼ਿਆਦਾ ਬਾਰਿਸ਼ ਜਿਸਦੇ ਕਾਰਨ ਕਿਸਾਨ ਸਮੇਂ ਸਿਰ ਪਿਆਜ਼ ਦੀ ਪੁਟਾਈ ਨਹੀਂ ਕਰ ਸਕੇ। ਪਿਆਜ਼ ਦੀ ਥੋਕ ਕੀਮਤ ਜੋ ਕਿ 1000 ਰੁਪਏ ਪ੍ਰਤੀ ਕੁਇੰਟਲ ਸੀ ਇਕਦਮ 4000 ਰੁਪਏ ਪ੍ਰਤੀ ਕੁਇੰਟਲ ਹੋ ਗਈ ।

ਪਿਆਜ਼ ਦੀ ਵਧਦੀ ਕੀਮਤ ਦੇ ਸੰਕਟ ਨੂੰ ਮੁੱਖ ਰੱਖਦੇ ਹੋਏ ਪੰਜਾਬ ਐਗਰੀਕਲਚਰਲ ਯੂਨੀਵਰਸਿਟੀ ਲੁਧਿਆਣਾ ਨੇ ਤਕਨੀਕ ਅਪਣਾਈ ਹੈ ਜਿਸਦੇ ਦੁਆਰਾ ਪਿਆਜ਼ ਨੂੰ ਪ੍ਰੋਸੈਸ ਕਰਕੇ ਹਰ ਰੋਜ਼ ਦੀ ਜ਼ਿੰਦਗੀ ਵਿਚ ਇਸਤੇਮਾਲ ਹੋਣ ਵਾਲੇ ਪਦਾਰਥਾਂ (ਪੇਸਟ, ਪਿਊਰੀ, ਫਲੇਕਸ ਆਦਿ) ਦੇ ਰੂਪ ਵਿਚ ਤਿਆਰ ਕੀਤਾ ਜਾਵੇਗਾ ਤਾਂ ਕਿ ਇਨ੍ਹਾਂ ਨੂੰ ਸਾਰਾ ਸਾਲ ਲੋੜ ਮੁਤਾਬਕ ਇਸਤੇਮਾਲ ਕੀਤਾ ਜਾ ਸਕੇ। ਇਨ੍ਹਾਂ ਪਦਾਰਥਾਂ ਨੂੰ ਛੇ ਮਹੀਨੇ ਤੱਕ ਕਮਰੇ ਦੇ ਤਾਪਮਾਨ ਤੇ ਸੰਭਾਲਿਆ ਜਾ ਸਕਦਾ ਹੈ। ਇਸ ਤਕਨੀਕ ਨਾਲ ਤਿਆਰ ਕੀਤੇ ਪਦਾਰਥ ਵੈਸ਼ਨੂੰ ਤੇ ਸ਼ਾਕਾਹਾਰੀ ਪਦਾਰਥਾਂ ਵਿੱਚ ਵੀ ਇਸਤੇਮਾਲ ਹੋ ਸਕਦੇ ਹਨ। ਪਿਆਜ਼ ਨੂੰ ਆਧੁਨਿਕ ਤਕਨੀਕ ਨਾਲ ਇਸ ਵਿਚਲਾ ਪਾਣੀ ਸੁਕਾ ਕੇ ਪਾਊਡਰ ਬਣਾਇਆ ਜਾ ਸਕਦਾ ਹੈ। ਜਿਸ ਨੂੰ ਇਕ ਸਾਲ ਤੱਕ ਇਸਤੇਮਾਲ ਕੀਤਾ ਜਾ ਸਕਦਾ ਹੈ।

ਪਿਆਜ਼ ਦਾ ਮਿਆਰ ਵਧਾਉਣਾ

1. ਪਿਆਜ਼ ਦਾ ਸੁੱਕਾ ਪਾਊਡਰ : ਪਿਆਜ਼ ਦਾ ਛਿਲਕਾ ਉਤਾਰ ਕੇ ਇਸਦੇ ਸਟੇਨਲੈਸ ਸਟੀਲ ਦੇ ਚਾਕੂ ਨਾਲ ਟੁਕੜੇ ਕਰ ਲਏ ਜਾਂਦੇ ਹਨ। ਫਿਰ ਇਨ੍ਹਾਂ ਟੁਕੜਿਆਂ ਨੂੰ 0.25% ਪੋਟਾਸ਼ੀਅਮ ਮੈਟਾਬਾਈਸਲਫਾਈਟ ਘੋਲ਼ ਵਿੱਚ ਪਾਇਆ ਜਾਂਦਾ ਹੈ ਤਾਂ ਕਿ ਪਿਆਜ਼ਾਂ ਦੇ ਕੁਦਰਤੀ ਰੰਗ ਵਿੱਚ ਤਬਦੀਲੀ ਨਾ ਆਵੇ। 15 ਮਿੰਟ ਘੋਲ਼ ਵਿੱਚ ਰੱਖਣ ਤੋਂ ਬਾਅਦ, ਪਿਆਜ਼ਾਂ ਨੂੰ ਭਾਫ਼ ਦਿੱਤੀ ਜਾਂਦੀ ਹੈ। ਫਿਰ ਉਨ੍ਹਾਂ ਨੂੰ ਸੁਕਾਉਣ ਲਈ ਪਲੇਟ ਉਤੇ ਰੱਖ ਕੇ 50 ਡਿਗਰੀ ਤਾਪਮਾਨ ‘ਤੇ 6-8 ਘੰਟੇ ਲਈ ਡ੍ਰਾਇਅਰ ਵਿੱਚ ਰੱਖਿਆ ਜਾਂਦਾ ਹੈ। ਸੁੱਕਣ ਤੋ ਬਾਅਦ ਇਸਨੂੰ ਰੂਮ ਤਾਪਮਾਨ ਤੇ ਕੁਝ ਸਮਾਂ ਰੱਖ ਕੇ ਪੋਲੀਥੀਨ ਦੇ ਪੈਕੇਟਾਂ ਵਿੱਚ ਭਰ ਕੇ ਸੀਲ ਕਰ ਦਿੱਤਾ ਜਾਂਦਾ ਹੈ।

- Advertisement -

2. ਪਿਆਜ਼ ਦੀ ਪਿਊਰੀ : ਇਸ ਤਕਨੀਕ ਦੁਆਰਾ ਤਾਜ਼ੇ ਪਿਆਜ਼ ਨੂੰ ਸਾਫ਼ ਕਰਕੇ ਉਸਦੇ ਛਿਲਕੇ ਉਤਾਰ ਲਏ ਜਾਂਦੇ ਹਨ। ਫਿਰ ਉਨ੍ਹਾਂ ਨੂੰ 0.25% ਖੰਡ ਘੋਲ਼ ਵਿੱਚ ਰੱਖਿਆ ਜਾਂਦਾ ਹੈ ਤਾਂ ਕਿ ਇਸ ਦੇ ਕੁਦਰਤੀ ਰੂਪ ਨੂੰ ਸੁਰੱਖਿਅਤ ਰੱਖਿਆ ਜਾ ਸਕੇ। ਫਿਰ ਉਨ੍ਹਾਂ ਨੂੰ ਗਰਾਇੰਡਰ ਵਿੱਚ ਰਗੜਿਆ ਜਾਂਦਾ ਹੈ ਤਾਂ ਕਿ ਇਨ੍ਹਾਂ ਨੂੰ ਇਕ ਚੰਗੀ ਪਿਊਰੀ ਦਾ ਰੂਪ ਦਿੱਤਾ ਜਾ ਸਕੇ। ਫਿਰ ਇਸ ਦੇ ਤੱਤਾਂ ਨੂੰ ਰੀਫ੍ਰੈਕਟੋਮੀਟਰ ਨਾਲ ਚੈਕ ਕੀਤਾ ਜਾਂਦਾ ਹੈ। ਇਸ ਤਰ੍ਹਾਂ ਤਿਆਰ ਕੀਤੀ ਪਿਊਰੀ ਵੀ 80-85 ਦੇ ਤਾਪਮਾਨ ਦੇ 2 ਮਿੰਟ ਲਈ ਪੈਸਚੂਰਾਇਜ਼ ਕੀਤਾ ਜਾਂਦਾ ਹੈ ਅਤੇ ਇਸ ਵਿੱਚ ਕਲਾਸ ਪ੍ਰਜਰਵੇਟਵ ਜਿਵੇਂ ਕਿ ਸਿਟਰਕ ਐਸਿਡ ਅਤੇ ਕਲਾਸ ਪ੍ਰਜਰਵੇਟਵ (ਸੋਡੀਅਮ ਬੈਨਜੋਏਟ) ਪਾਇਆ ਜਾਂਦਾ ਹੈ ਤਾਂ ਕਿ ਇਸਨੂੰ ਲੰਮੇ ਸਮੇਂ ਤੱਕ ਸੰਭਾਲ ਕੇ ਰੱਖਿਆ ਜਾ ਸਕੇ । ਫਿਰ ਤਿਆਰ ਕੀਤੀ ਪਿਆਜ਼ ਦੀ ਪਿਊਰੀ ਨੂੰ ਰਿਟੋਰਟ ਪੈਕੇਟਾਂ ਅਤੇ ਕੱਚ ਦੇ ਬਰਤਨਾਂ ਵਿੱਚ ਬੰਦ ਜਾਂਦਾ ਹੈ। ਇਨ੍ਹਾਂ ਉਬਲਦੇ ਪਾਣੀ ਇੰਚ 20 ਮਿੰਟ ਰੱਖ ਕੇ ਕੀਟਾਣੂੰ – ਰਹਿਤ ਕੀਤਾ ਜਾਂਦਾ ਹੈ। ਫਿਰ ਇਨ੍ਹਾਂ ਨੂੰ ਚਲਦੇ ਪਾਣੀ ਵਿੱਚ ਰੱਖ ਕੇ ਠੰਢਾ ਕੀਤਾ ਜਾਂਦਾ ਅਤੇ ਰੂਮ ਤਾਪਮਾਨ ਤੇ ਰੱਖਿਆ ਜਾਂਦਾ ਹੈ।

3. ਪਿਆਜ਼ ਦੀ ਪੇਸਟ ਬਣਾਉਣਾ: ਤਾਜ਼ੇ ਪਿਆਜ਼ ਦੇ ਛਿਲਕੇ ਉਤਾਰ ਕੇ ਇਸ ਨੂੰ 0.25% ਖੰਸ਼ ਘੋਲ਼ ਵਿੱਚ ਰੱਖਿਆ ਜਾਂਦਾ ਹੈ ਤਾਂ ਕਿ ਇਸ ਦੇ ਕੁਦਰਤੀ ਰੰਗ ਵਿੱਚ ਕੋਈ ਤਬਦੀਲੀ ਨਾ ਆਵੇ। ਫਿਰ ਇਨ੍ਹਾਂ ਨੂੰ ਗਰਾਇੰਡਰ ਵਿੱਚ ਰਗੜ ਕੇ ਪਿਊਰੀ ਦਾ ਰੂਪ ਦਿੱਤਾ ਜਾਂਦਾ ਹੈ। ਇਸ ਵਿੱਚ ਲੋੜ ਅਨੁਸਾਰ ਪ੍ਰਜਰਵੇਟਵ ਪਾਏ ਜਾਂਦੇ ਹਨ। ਫਿਰ ਪਿਊਰੀ ਨੂੰ ਗਾੜ੍ਹਾ ਕਰਨ ਲਈ ਸਟੀਲ ਦੇ ਬਰਤਨ ਵਿੱਚ ਪਕਾਇਆ ਜਾਂਦਾ ਹੈ। ਫਿਰ ਤਿਆਰ ਪੇਸਟ ਨੂੰ ਕੱਚ ਦੇ ਬਰਤਨਾਂ ਵਿੱਚ ਪਾਇਆ ਜਾਂਦਾ ਹੈ ਤੇ ਉਨ੍ਹਾਂ ਨੂੰ 20 ਮਿੰਟ ਲਈ ਉਬਲਦੇ ਪਾਣੀ ਵਿੱਚ ਰੱਖਿਆ ਜਾਂਦਾ ਹੈ। ਫਿਰ ਇਹ ਚਲਦੇ ਪਾਣੀ ਵਿੱਚ ਰੱਖ ਕੇ ਠੰਡੇ ਕੀਤੇ ਜਾਂਦੇ ਹਨ ਅਤੇ ਇਨ੍ਹਾਂ ਨੂੰ ਰੂਮ ਤਾਪਮਾਨ ਤੇ ਰੱਖਿਆ ਜਾਂਦਾ ਹੈ।

ਪਿਆਜ਼ ਦੀ ਆਧੁਨਿਕ ਤਕਨੀਕਾਂ ਨਾਲ ਸਾਂਭ ਸੰਭਾਲ ਕਰਨੀ ਆਸਾਨ ਹੈ ਪ੍ਰੰਤੂ ਐਗਰੀਕਲਚਰਲ ਯੂਨੀਵਰਸਿਟੀ ਲੁਧਿਆਣਾ ਕੋਸ਼ਿਸ਼ ਕਰ ਰਹੀ ਹੈ ਕਿ ਅਜਿਹੀ ਤਕਨੀਕ ਅਪਨਾਈ ਜਾਵੇ ਜਿਸਦੀ ਲਾਗਤ ਵੀ ਜ਼ਿਆਦਾ ਨਾ ਆਵੇ ਅਤੇ ਕਿਸਾਨ ਪਿੰਡ ਪੱਧਰ ਤੇ ਪਿਆਜ਼ ਦੀ ਸਾਂਭ -ਸੰਭਾਲ ਅਤੇ ਆਸਾਨੀ ਨਾਲ ਮਾਰਕੀਟਿੰਗ ਕਰ ਸਕਣ । ਅੱਜ ਦੇ ਯੁਗ ਵਿੱਚ ਇਸ ਤਰ੍ਹਾਂ ਤਿਆਰ ਕੀਤੇ ਪਦਾਰਥਾਂ ਦੀ ਬਹੁਤ ਮੰਗ ਹੈ। ਪੀ.ਏ.ਯੂ. ਨੇ ਇਸ ਤਕਨੀਕ ਦੀ ਆਮ ਲੋਕਾਂ ਤੇ ਪ੍ਰਾਈਵੇਟ ਸੈਕਟਰ ਦੇ ਉਦਯੋਗਾਂ ਨਾਲ ਭਾਗੀਦਾਰੀ ਕੀਤੀ ਹੈ ਅਤੇ ਯੂਨੀਵਰਸਿਟੀ ਵਿੱਚ ਮੌਜੂਦ ਤਕਨੀਕੀ ਸੁਵਿਧਾ ਨੂੰ ਪ੍ਰਦਾਨ ਕਰਵਾਇਆ ਹੈ। ਨੌਜਵਾਨ, ਅਤੇ ਉਦਯੋਗ ਸਥਾਪਕਾਂ ਨੂੰ ਟ੍ਰੇਨਿੰਗ ਦਿੱਤੀ ਜਾ ਰਹੀ ਹੈ ਤਾਂ ਕਿ ਉਹ ਆਪਣੀ ਫ਼ਸਲ ਦੀ ਆਧੁਨਿਕ ਤਕਨੀਕ ਨਾਲ ਗੁਣਵੱਤਾ ਵਧਾ ਸਕਣ। ਇਸ ਤਕਨੀਕ ਨਾਲ ਉਹ ਆਪਣੀ ਫਸਲ ਦੀ ਮਾਰਕੀਟਿੰਗ ਚੰਗੀ ਤਰ੍ਹਾਂ ਕਰ ਸਕਦੇ ਹਨ। ਜਦੋਂ ਪਿਆਜ਼ ਦੀ ਫਸਲ ਆਉਂਦੀ ਹੈ ਤਾਂ ਅਸੀਂ ਸਸਤੇ ਭਾਅ ਪਿਆਜ਼ ਲੈ ਕੇ ਉਸ ਦਾ ਮਸ਼ੀਨੀਕਰਨ ਕਰ ਸਕਦੇ ਹਾ ਅਤੇ ਮੰਗ ਅਨੁਸਾਰ ਚੰਗੀ ਕੀਮਤ ਵਸੂਲ ਕਰਨ ਲਈ ਮੰਡੀਕਰਨ ਕਰ ਸਕਦੇ ਹਾਂ।

Share this Article
Leave a comment