ਨਵੀਂ ਦਿੱਲੀ: ਦੇਸ਼ ਦੇ ਕਈ ਸੂਬਿਆਂ ‘ਚ ਬਰਡ ਫਲੂ ਕਾਰਨ ਸੈਂਕੜੇ ਪੰਛੀਆਂ ਦੀ ਮੌਤ ਤੋਂ ਬਾਅਦ ਸਰਕਾਰਾਂ ਦੀ ਚਿੰਤਾ ਵਧ ਗਈ ਹੈ। ਪੰਜਾਬ, ਮੱਧ ਪ੍ਰਦੇਸ਼ ਅਤੇ ਝਾਰਖੰਡ ਨੇ ਬਿਮਾਰੀ ਨੂੰ ਲੈ ਕੇ ਅਲਰਟ ਵੀ ਜਾਰੀ ਕਰ ਦਿੱਤਾ ਹੈ।
ਬਰਡ ਫਲੂ ਨੂੰ ਏਵੀਅਨ ਇਨਫਲੂਐਨਜ਼ਾ ਵੀ ਕਿਹਾ ਜਾਂਦਾ ਹੈ। ਇਹ ਵਾਇਰਲ ਸੰਕਰਮਣ ਹੈ ਜੋ ਨਾ ਸਿਰਫ ਪੰਛੀਆਂ ਨੂੰ ਸੰਕਰਮਿਤ ਕਰਦਾ ਹੈ ਸਗੋਂ ਇਨਸਾਨਾਂ ਤੋਂ ਇਲਾਵਾ ਹੋਰ ਜਾਨਵਰਾਂ ਨੂੰ ਵੀ ਲਪੇਟ ‘ਚ ਲੈਂਦਾ ਹੈ। ਹਾਲਾਂਕਿ ਬਰਡ ਫਲੂ ਦੀ ਕਈ ਕਿਸਮਾਂ ਹਨ ਪਰ ਏਵੀਅਨ ਇਨਫਲੂਐਨਜ਼ਾ ਦੀ ਸਭ ਤੋਂ ਆਮ ਕਿਸਮ ਪੰਛੀਆਂ ਤੱਕ ਸੀਮਤ ਹੁੰਦੀ ਹੈ। ਇਹ ਪੰਛੀਆਂ ਲਈ ਖਤਰਨਾਕ ਹੁੰਦਾ ਹੈ ਅਤੇ ਸੰਪਰਕ ਵਿੱਚ ਆਉਣ ਵਾਲੇ ਇਨਸਾਨਾਂ ਅਤੇ ਜਾਨਵਰਾਂ ਨੂੰ ਵੀ ਆਸਾਨੀ ਨਾਲ ਆਪਣੀ ਲਪੇਟ ‘ਚ ਲੈ ਸਕਦਾ ਹੈ।
ਫਿਲਹਾਲ ਇਨਸਾਨਾਂ ਤੋਂ ਇਨਸਾਨਾਂ ਤੱਕ ਵਾਇਰਸ ਫੈਲਣ ਦੀ ਪੁਸ਼ਟੀ ਨਹੀਂ ਹੋਈ ਹੈ, ਫਿਰ ਵੀ ਕੁਝ ਮਾਹਰਾਂ ਨੇ ਮਹਾਂਮਾਰੀ ਨੂੰ ਲੈ ਕੇ ਚਿੰਤਾ ਜ਼ਾਹਰ ਕੀਤੀ ਹੈ। ਸੰਕਰਮਿਤ ਪੰਛੀ ਦਾ ਮਲ ਅਤੇ ਲਾਰ 10 ਦਿਨ ਤੱਕ ਵਾਇਰਸ ਛੱਡਦਾ ਰਹਿੰਦਾ ਹੈ ਅਤੇ ਵਾਇਰਸ ਇਨਫੈਕਟਿਡ ਥਾਂ ਨੂੰ ਛੂਹਣ ਨਾਲ ਵੀ ਫੈਲਦਾ ਹੈ।
ਰਾਜਸਥਾਨ, ਹਿਮਾਚਲ ਪ੍ਰਦੇਸ਼ ਅਤੇ ਕੇਰਲ ਨੇ ਸੋਮਵਾਰ ਨੂੰ ਬਰਡ ਫਲੂ ਦੀ ਪੁਸ਼ਟੀ ਕੀਤੀ। ਸੈਂਕੜੇ ਪੰਛੀਆਂ ਦੀ ਮੌਤ ਦੇ ਪਿੱਛੇ ਬਰਡ ਫਲੂ ਕਾਰਨ ਮੰਨਿਆ ਗਿਆ। ਉਸ ਤੋਂ ਬਾਅਦ ਪੰਜਾਬ, ਮੱਧ ਪ੍ਰਦੇਸ਼ ਅਤੇ ਝਾਰਖੰਡ ਸਣੇ ਕਈ ਰਾਜਾਂ ਨੇ ਬਿਮਾਰੀ ਦਾ ਅਲਰਟ ਜਾਰੀ ਕੀਤਾ। ਸੋਮਵਾਰ ਨੂੰ ਮੁੱਖ ਵਣ ਵਿਭਾਗ ਨੇ ਦੱਸਿਆ ਕਿ ਹਿਮਾਚਲ ਪ੍ਰਦੇਸ਼ ਵਿੱਚ ਕਾਂਗੜਾ ਜ਼ਿਲ੍ਹੇ ਦੇ ਪੌਂਗ ਡੈਮ ਨੇੜੇ 2300 ਪਰਵਾਸੀ ਪੰਛੀਆਂ ਦੀ ਮੌਤ ਹੋ ਗਈ। ਸਾਵਧਾਨੀ ਵਜੋਂ ਰਾਜ ਸਰਕਾਰ ਨੇ ਜ਼ਿਲ੍ਹੇ ਦੇ ਕਈ ਇਲਾਕਿਆਂ ਵਿੱਚ ਪੰਛੀਆਂ ਦੀ ਖ਼ਰੀਦ ਅਤੇ ਵਿਕਰੀ ਨੂੰ ਬੈਨ ਕਰ ਦਿੱਤਾ।