ਟੋਰਾਂਟੋ: ਪਿਛਲੇ ਸਾਲ ਸਤੰਬਰ ਤੋਂ ਕੈਨੇਡਾ ਅਤੇ ਭਾਰਤ ਵਿਚਾਲੇ ਚੱਲ ਰਹੇ ਤਣਾਅ ਨੇ ਉਨ੍ਹਾਂ ਭਾਰਤੀ ਨੌਜਵਾਨਾਂ ਨੂੰ ਪ੍ਰਭਾਵਿਤ ਕੀਤਾ ਹੈ ਜੋ ਕੈਨੇਡਾ ਵਿੱਚ ਪੱਕੇ ਤੌਰ ‘ਤੇ ਵਸਣ ਦਾ ਸੁਪਨਾ ਦੇਖ ਰਹੇ ਸਨ। ਅੰਕੜੇ ਦੱਸਦੇ ਹਨ ਕਿ ਦਸੰਬਰ 2023 ਵਿੱਚ ਕੈਨੇਡਾ ਵਿੱਚ ਸਥਾਈ ਨਿਵਾਸ ਲਈ ਭਾਰਤੀਆਂ ਵੱਲੋਂ ਦਰਖਾਸਤਾਂ ਦੀ ਗਿਣਤੀ ਵਿੱਚ 62 ਫੀਸਦੀ ਤੋਂ ਵੱਧ ਦੀ ਕਮੀ ਆਈ ਹੈ। ਵੱਡੀ ਗਿਣਤੀ ਵਿੱਚ ਨੌਜਵਾਨ ਭਾਰਤੀਆਂ ਦਾ ਕੈਨੇਡਾ ਵਿੱਚ ਸੈਟਲ ਹੋਣ ਦਾ ਸੁਪਨਾ ਹੈ। ਖਾਸ ਕਰਕੇ ਪੰਜਾਬ ਵਿੱਚ ਇਸ ਨੂੰ ਲੈ ਕੇ ਕਾਫੀ ਕ੍ਰੇਜ਼ ਹੈ।
ਕੈਨੇਡਾ ਸਰਕਾਰ ਦੇ ਡਿਪਾਰਟਮੈਂਟ ਆਫ ਇਮੀਗ੍ਰੇਸ਼ਨ, ਰਫਿਊਜੀਜ਼ ਐਂਡ ਸਿਟੀਜ਼ਨਸ਼ਿਪ (ਆਈਆਰਸੀਸੀ) ਦੇ ਅੰਕੜਿਆਂ ਮੁਤਾਬਕ ਇੱਕ ਸਾਲ ਪਹਿਲਾਂ ਯਾਨੀ ਦਸੰਬਰ 2022 ‘ਚ ਅਜਿਹੀਆਂ ਅਰਜ਼ੀਆਂ ਦੀ ਗਿਣਤੀ 16,796 ਸੀ, ਜੋ ਦਸੰਬਰ 2023 ‘ਚ ਘਟ ਕੇ 6329 ਰਹਿ ਗਈ ਹੈ। ਭਾਰਤੀਆਂ ਵੱਲੋਂ ਅਰਜ਼ੀਆਂ ਵਿੱਚ ਕਮੀ ਦਾ ਰੁਝਾਨ 2023 ਦੀ ਆਖਰੀ ਤਿਮਾਹੀ ਵਿੱਚ ਵੀ ਜਾਰੀ ਰਿਹਾ, ਜੋ ਪਿਛਲੀ ਤਿਮਾਹੀ ਦੇ ਮੁਕਾਬਲੇ 35735 ਤੋਂ ਘਟ ਕੇ 19579 ਅਰਜ਼ੀਆਂ ‘ਤੇ ਆ ਗਿਆ।
ਮੰਨਿਆ ਜਾ ਰਿਹਾ ਹੈ ਕਿ ਇਸ ਗਿਰਾਵਟ ਦਾ ਕਾਰਨ ਪਿਛਲੇ ਸਾਲ ਸਤੰਬਰ ਵਿੱਚ ਦੋਵਾਂ ਦੇਸ਼ਾਂ ਦੇ ਸਬੰਧਾਂ ਵਿੱਚ ਆਈ ਖਿੱਚੋਤਾਣ ਸੀ। ਪਿਛਲੇ ਸਾਲ 18 ਸਤੰਬਰ ਨੂੰ ਕੈਨੇਡੀਅਨ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਨੇ ਹਾਊਸ ਆਫ ਕਾਮਨਜ਼ ਵਿੱਚ ਦੋਸ਼ ਲਾਇਆ ਸੀ ਕਿ 18 ਜੂਨ ਨੂੰ ਬ੍ਰਿਟਿਸ਼ ਕੋਲੰਬੀਆ ਦੇ ਸਰੀ ਵਿੱਚ ਇੱਕ ਗੁਰਦੁਆਰੇ ਨੇੜੇ ਹਰਦੀਪ ਸਿੰਘ ਨਿੱਝਰ ਦੇ ਕਤਲ ਵਿੱਚ ਸ਼ਾਮਲ ਭਾਰਤੀ ਏਜੰਟਾਂ ਅਤੇ ਉਨ੍ਹਾਂ ਦਰਮਿਆਨ ਸੰਭਾਵੀ ਸਬੰਧ ਹਨ।
ਭਾਰਤ ਨੇ ਉਦੋਂ ਕੈਨੇਡਾ ਦੇ ਦੋਸ਼ਾਂ ਨੂੰ ਰੱਦ ਕੀਤਾ ਸੀ ਤੇ ਕਿਹਾ ਸੀ ਕਿ ਜੇਕਰ ਇਸ ਮਾਮਲੇ ਵਿੱਚ ਸਬੂਤ ਹਨ ਤਾਂ ਭਾਰਤ ਨੂੰ ਸੌਂਪੇ ਜਾਣ। ਇਸ ਘਟਨਾ ਤੋਂ ਬਾਅਦ ਦੋਹਾਂ ਦੇਸ਼ਾਂ ਦੇ ਰਿਸ਼ਤੇ ਵਿਗੜਦੇ ਗਏ।
- Advertisement -
ਨੋਟ: ਪੰਜਾਬੀ ਦੀਆਂ ਖ਼ਬਰਾਂ ਪੜ੍ਹਨ ਲਈ ਤੁਸੀਂ ਸਾਡੀ ਐਪ ਨੂੰ ਡਾਊਨਲੋਡ ਕਰ ਸਕਦੇ ਹੋ। ਜੇ ਤੁਸੀਂ ਵੀਡੀਓ ਵੇਖਣਾ ਚਾਹੁੰਦੇ ਹੋ ਤਾਂ Global Punjab TV ਦੇ YouTube ਚੈਨਲ ਨੂੰ Subscribe ਕਰੋ। ਤੁਸੀਂ ਸਾਨੂੰ ਫੇਸਬੁੱਕ, ਟਵਿੱਟਰ ‘ਤੇ ਵੀ Follow ਕਰ ਸਕਦੇ ਹੋ। ਸਾਡੀ ਵੈੱਬਸਾਈਟ https://globalpunjabtv.com/ ‘ਤੇ ਜਾ ਕੇ ਵੀ ਖ਼ਬਰਾਂ ਨੂੰ ਪੜ੍ਹ ਸਕਦੇ ਹੋ।