ਲੁਧਿਆਣਾ : ਬੀਤੇ ਦਿਨੀਂ ਦੋ ਕਾਂਗਰਸੀ ਧੜਿਆਂ ਦੀ ਲੜਾਈ ਦੌਰਾਨ ਇੱਕ ਵਿਅਕਤੀ ਦੀ ਉਤਰੀ ਪੱਗ ਅਤੇ ਉਸ ਦੇ ਖੁੱਲ੍ਹੇ ਵਾਲਾਂ ਦਾ ਮਾਮਲਾ ਲਗਾਤਾਰ ਤੂਲ ਫੜਦਾ ਜਾ ਰਿਹਾ ਹੈ। ਇਹ ਮਾਮਲਾ ਹੁਣ ਇਸ ਕਦਰ ਭਖ ਗਿਆ ਹੈ ਕਿ ਸੀਨੀਅਰ ਅਕਾਲੀ ਆਗੂ ਬਿਕਰਮ ਸਿੰਘ ਮਜੀਠੀਆ ਨੇ ਇਹ ਮਾਮਲਾ ਸ੍ਰੀ ਅਕਾਲ ਤਖਤ ਸਾਹਿਬ ਤੱਕ ਲੈ ਕੇ ਜਾਣ ਦਾ ਐਲਾਨ ਕਰ ਦਿੱਤਾ ਹੈ। ਦੱਸਣਯੋਗ ਹੈ ਕਿ ਬੀਤੇ ਦਿਨੀਂ ਕੈਬਨਿਟ ਮੰਤਰੀ ਭਾਰਤ ਭੂਸ਼ਣ ਆਸ਼ੂ ਦੀ ਹਾਜ਼ਰੀ ਵਿੱਚ ਹੋਈ ਕਥਿਤ ਲੜਾਈ ਦੌਰਾਨ ਇੱਕ ਸਿੱਖ ਵਿਅਕਤੀ ਦੀ ਪੱਗ ਉਤਰ ਗਈ ਸੀ ਅਤੇ ਉਸ ਦੇ ਵਾਲ ਖੁੱਲ੍ਹ ਗਏ ਸਨ।
ਬਿਕਰਮ ਸਿੰਘ ਮਜੀਠੀਆ ਨੇ ਕਿਹਾ ਕਿ ਇਸ ਲੜਾਈ ਦੌਰਾਨ ਸਿੱਖ ਕਕਾਰਾਂ ਦੀ ਬੇਅਦਬੀ ਹੋਈ ਹੈ ਅਤੇ ਇਸ ਲਈ ਭਾਰਤ ਭੂਸ਼ਣ ਆਸ਼ੂ ਖਿਲਾਫ ਬੇਅਦਬੀ ਕਰਨ ਦਾ ਕੇਸ ਦਰਜ ਕੀਤਾ ਜਾਵੇ। ਇਸ ਮੌਕੇ ਮਜੀਠੀਆ ਦੇ ਨਾਲ ਉਸ ਪੀੜਤ ਦੱਸੇ ਜਾਂਦੇ ਨੌਜਵਾਨ ਦਾ ਸਾਥੀ ਤਰਨਦੀਪ ਸਿੰਘ ਵੀ ਸ਼ਾਮਲ ਸੀ। ਇਸ ਲੜਾਈ ਦੌਰਾਨ ਉਸ ਪੀੜਤ ਨੌਜਵਾਨ ਨੂੰ ਪੁਲਿਸ ਵੱਲੋਂ ਵੀ ਗ੍ਰਿਫਤਾਰ ਕੀਤਾ ਗਿਆ ਸੀ ਅਤੇ ਤਰਨਦੀਪ ਸਿੰਘ ਅਨੁਸਾਰ ਉਨ੍ਹਾਂ ਖਿਲਾਫ ਲੁੱਟਖੋਹ ਅਤੇ ਕੁੱਟਮਾਰ ਦਾ ਕੇਸ ਦਰਜ ਕੀਤਾ ਗਿਆ ਹੈ। ਇਸ ਤੋਂ ਬਾਅਦ ਤਰਨਦੀਪ ਸਿੰਘ ਨੇ ਵੀ ਬੋਲਦਿਆਂ ਗੰਭੀਰ ਦੋਸ਼ ਲਾਏ ਅਤੇ ਕਿਹਾ ਕਿ ਜੇਕਰ ਉਨ੍ਹਾਂ ਨੂੰ ਕੁਝ ਵੀ ਹੁੰਦਾ ਹੈ ਤਾਂ ਇਸ ਦੇ ਜਿੰਮੇਵਾਰ ਭਾਰਤ ਭੂਸ਼ਣ ਆਸ਼ੂ ਹੋਣਗੇ।