ਮਜੀਠੀਆ ਮਾਮਲੇ ‘ਚ ਟਕਰਾਅ ਚਾਰ ਦਿਨ ਹੋਰ ਰਿਮਾਂਡ

Global Team
3 Min Read

ਜਗਤਾਰ ਸਿੰਘ ਸਿੱਧੂ;

ਸ਼੍ਰੋਮਣੀ ਅਕਾਲੀ ਦਲ ਦੇ ਸੀਨੀਅਰ ਆਗੂ ਬਿਕਰਮ ਸਿੰਘ ਮਜੀਠੀਆ ਦੇ ਰਿਮਾਂਡ ਵਿੱਚ ਅਦਾਲਤ ਨੇ ਹੋਰ ਚਾਰ ਦਿਨਾਂ ਦਾ ਵਾਧਾ ਕਰ ਦਿੱਤਾ। ਇਸ ਤੋਂ ਪਹਿਲਾਂ ਸੱਤ ਦਿਨ ਦਾ ਰਿਮਾਂਡ ਵਿਜੀਲੈਂਸ ਨੇ ਹਾਸਲ ਕਰ ਲਿਆ ਸੀ ਜਿਸ ਦੀ ਮਿਆਦ ਅੱਜ ਪੂਰੀ ਹੋ ਗਈ ਸੀ। ਕਿਹਾ ਜਾ ਸਕਦਾ ਹੈ ਕਿ ਗਿਆਰਾਂ ਦਿਨ ਲਈ ਅਕਾਲੀ ਆਗੂ ਵਿਜੀਲੈਂਸ ਦੀ ਹਿਰਾਸਤ ਵਿੱਚ ਹੈ। ਉਸ ਵਿਰੁੱਧ ਆਮਦਨ ਤੋਂ ਵਧੇਰੇ ਜਾਇਦਾਦ ਬਣਾਉਣ ਦੇ ਮਾਮਲੇ ਵਿੱਚ ਐਫ ਆਈ ਆਰ ਦਰਜ ਹੈ। ਪਹਿਲਾਂ ਤਕਰੀਬਨ ਛੇ ਮਹੀਨੇ ਡਰਗ ਦੇ ਮਾਮਲੇ ਵਿੱਚ ਜੇਲ ਵਿੱਚ ਰਹੇ ਸਨ।

ਪਿਛਲੇ ਕਈ ਦਿਨਾਂ ਤੋਂ ਲਗਾਤਾਰ ਬਿਕਰਮ ਮਜੀਠੀਆ ਦਾ ਮੁੱਦਾ ਰਾਜਸੀ ਅਤੇ ਮੀਡੀਆ ਦੇ ਹਲਕਿਆਂ ਵਿੱਚ ਚਰਚਾ ਦਾ ਕੇਂਦਰ ਬਿੰਦੂ ਬਣਿਆ ਹੋਇਆ ਹੈ। ਪਹਿਲਾਂ ਵੀ ਭ੍ਰਿਸ਼ਟਾਚਾਰ ਅਤੇ ਹੋਰ ਮਾਮਲਿਆਂ ਨੂੰ ਲੈ ਕੇ ਪੰਜਾਬ ਦੇ ਕਈ ਸਾਬਕਾ ਮੰਤਰੀ ਜੇਲ੍ਹਾਂ ਵਿੱਚ ਰਹਿ ਚੁੱਕੇ ਹਨ ਪਰ ਕਦੇ ਪੰਜਾਬ ਦਾ ਚਰਚਾ ਦਾ ਕੇਂਦਰ ਬਿੰਦੂ ਨਹੀਂ ਬਣੇ ਸਨ। ਪੰਜਾਬ ਦੇ ਅਕਾਲੀ ਦਲ ਦੇ ਪਹਿਲੇ ਚੋਟੀ ਦੇ ਨੇਤਾ ਮਜੀਠੀਆ ਹਨ ਜਿਹੜੇ ਕਿ ਡਰਗ ਅਤੇ ਆਮਦਨ ਤੋਂ ਵੱਧ ਜਾਇਦਾਦ ਬਣਾਉਣ ਦੇ ਇਲਜ਼ਾਮ ਦਾ ਸਾਹਮਣਾ ਕਰ ਰਹੇ ਹਨ।

ਅੱਜ ਵਿਜੀਲੈਂਸ ਦੀ ਟੀਮ ਨੂੰ ਅਦਾਲਤ ਨੇ ਮਜੀਠੀਆ ਦਾ ਚਾਰ ਦਿਨਾਂ ਦਾ ਜਿਹੜਾ ਰਿਮਾਂਡ ਦਿੱਤਾ ਹੈ ਉਸ ਮੌਕੇ ਵਿਜੀਲੈਂਸ ਦੇ ਵਕੀਲਾਂ ਨੇ ਸ਼ਿਮਲਾ ਦੇ ਕੇਸ ਵਿੱਚ ਸੈਂਕੜੇ ਏਕੜ ਜ਼ਮੀਨ ਮਜੀਠੀਆ ਪਰਿਵਾਰ ਕੋਲ ਹੋਣ ਦਾ ਮੁੱਦਾ ਲਿਆ ਹੈ ।ਪੰਜਾਬ ਦੇ ਜਿਲਿਆਂ ਅੰਦਰ ਵੀ ਕਰੋੜਾਂ ਰੁਪਏ ਦੀ ਮਜੀਠੀਆ ਪਰਿਵਾਰ ਵੱਲੋਂ ਰਦਲਬਦਲ ਕਰਕੇ ਜਮੀਨ ਲੈਣ ਦਾ ਮਾਮਲਾ ਹੈ। ਇਹ ਵੀ ਕਿਹਾ ਗਿਆ ਹੈ ਕਿ ਸਰਾਏ ਇੰਡਸਟਰੀ ਦੇ ਕਾਗਜ ਪੱਤਰ ਗੋਰਖਪੁਰ ਪਏ ਹਨ ਅਤੇ ਪੜਤਾਲ ਲਈ ਵਿਜੀਲੈਂਸ ਮਜੀਠੀਆ ਨੂੰ ਗੋਰਖਪੁਰ ਲੈਕੇ ਜਾਵੇਗੀ।

ਮਜੀਠੀਆ ਦੇ ਵਕੀਲਾਂ ਨੇ ਸਾਰੇ ਦੋਸ਼ਾਂ ਨੂੰ ਰਦ ਕੀਤਾ ਹੈ ਅਤੇ ਕਿਹਾ ਹੈ ਕਿ ਸਾਰੇ ਪੁਰਾਣੇ ਮਾਮਲਿਆਂ ਨੂੰ ਹੀ ਘੁਮਾਇਆ ਜਾ ਰਿਹਾ ਹੈ। ਮਜੀਠੀਆ ਨੇ ਇਸ ਸਾਰੇ ਮਾਮਲੇ ਨੂੰ ਪੰਜਾਬ ਅਤੇ ਹਰਿਆਣਾ ਹਾਈਕੋਰਟ ਵਿੱਚ ਵੀ ਚੁਣੌਤੀ ਦੇ ਦਿੱਤੀ ਹੈ।

ਇਸੇ ਦੌਰਾਨ ਅੱਜ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਦੀ ਅਗਵਾਈ ਹੇਠ ਸੀਨੀਅਰ ਆਗੂ ਅਤੇ ਹਮਾਇਤੀਆਂ ਨੇ ਮੋਹਾਲੀ ਗੁਰਦੁਆਰਾ ਅੰਬ ਸਾਹਿਬ ਵਿਖੇ ਇੱਕਠੇ ਹੋਣ ਦੀ ਕੋਸ਼ਿਸ਼ ਕੀਤੀ ਪਰ ਪੁਲਿਸ ਨੇ ਉਨਾਂ ਨੂੰ ਹਿਰਾਸਤ ਵਿੱਚ ਲੈ ਲਿਆ ਅਤੇ ਬਾਅਦ ਵਿੱਚ ਚੰਡੀਗੜ੍ਹ ਮੋਹਾਲੀ ਬਾਰਡਰ ਉੱਤੇ ਜਾਕੇ ਛੱਡ ਦਿੱਤਾ ਗਿਆ ।ਸੁਖਬੀਰ ਬਾਦਲ ਦਾ ਕਹਿਣਾ ਹੈ ਕਿ ਉਹ ਗੁਰਦੁਆਰਾ ਅੰਬ ਸਾਹਿਬ ਮੱਥਾ ਟੇਕਣ ਆਏ ਸਨ ਪਰ ਪੁਲਿਸ ਨੇ ਉਨਾਂ ਨੂੰ ਗ੍ਰਿਫ਼ਤਾਰ ਕਰ ਲਿਆ ।ਅਕਾਲੀ ਆਗੂ ਨੇ ਆਪ ਬਾਰੇ ਡਿਕਟੇਟਰ ਹੋਣ ਦੇ ਦੋਸ਼ ਲਾਏ ਅਤੇ ਕਿਹਾ ਹੈ ਕਿ ਲੜਾਈ ਜਾਰੀ ਰਹੇਗੀ ਆਪ ਦੇ ਸੀਨੀਅਰ ਨੇਤਾ ਅਤੇ ਵਿੱਤ ਮੰਤਰੀ ਹਰਪਾਲ ਸਿੰਘ ਚੀਮਾ ਨੇ ਜਵਾਬ ਵਿੱਚ ਕਿਹਾ ਕਿ ਥਾਣੇ ਤੋਂ ਲੈ ਕੇ ਅਦਾਲਤ ਤੱਕ ਮਾਮਲੇ ਦੀ ਛਾਣਬੀਣ ਹੁੰਦੀ ਹੈ ਅਤੇ ਸੱਚ ਸਾਹਮਣੇ ਆਉਂਦਾ ਹੈ ਪਰ ਅਕਾਲੀ ਸਰਕਾਰ ਵੇਲੇ ਤਾਲਿਬਾਨ ਫਰਮਾਨ ਜਾਰੀ ਹੁੰਦੇ ਸਨ ਤਾਂ ਹੀ ਸੁਖਬੀਰ ਬਾਦਲ ਅਜਿਹੇ ਬੇਤੁਕੇ ਬਿਆਨ ਦੇ ਰਿਹਾ ਹੈ।

ਸੰਪਰਕ: 9814002186

Share This Article
Leave a Comment