ਬੈਂਗਲੁਰੂ: ਕਰਨਾਟਕ ਪੁਲਿਸ ਨੇ ਸਲਮਾਨ ਖਾਨ ਨੂੰ ਧਮ.ਕੀ ਦੇਣ ਵਾਲੇ ਵਿਅਕਤੀ ਨੂੰ ਹਾਵੇਰੀ ਤੋਂ ਗ੍ਰਿਫਤਾਰ ਕੀਤਾ ਹੈ। ਪੁਣੇ ਪੁਲਿਸ ਦੀ ਸੂਚਨਾ ‘ਤੇ ਹਾਵੇਰੀ ਪੁਲਿਸ ਨੇ ਬਿਕਰਮ ਬਿਸ਼ਨੋਈ ਨਾਂ ਦੇ ਵਿਅਕਤੀ ਨੂੰ ਹਿਰਾਸਤ ‘ਚ ਲਿਆ ਹੈ। ਉਸ ਨੇ ਕਥਿਤ ਤੌਰ ‘ਤੇ ਸਲਮਾਨ ਖਾਨ ਦੇ ਦਫਤਰ ‘ਚ ਧਮ.ਕੀ ਭਰੀ ਕਾਲ ਕੀਤੀ ਸੀ। ਉਸ ਨੂੰ ਪੁਣੇ ਪੁਲਿਸ ਦੇ ਹਵਾਲੇ ਕਰ ਦਿੱਤਾ ਗਿਆ ਹੈ। ਉਹ ਰਾਜਸਥਾਨ ਦਾ ਰਹਿਣ ਵਾਲਾ ਹੈ ਅਤੇ ਪਿਛਲੇ 3 ਮਹੀਨਿਆਂ ਤੋਂ ਹਵੇਰੀ ਵਿੱਚ ਰਹਿ ਰਿਹਾ ਸੀ।
ਅਧਿਕਾਰੀਆਂ ਅਨੁਸਾਰ, ਬਿਕਰਮ ਮੂਲ ਰੂਪ ਤੋਂ ਰਾਜਸਥਾਨ ਦਾ ਰਹਿਣ ਵਾਲਾ ਹੈ, ਇੱਕ ਉਸਾਰੀ ਵਾਲੀ ਥਾਂ ‘ਤੇ ਕੰਮ ਕਰਦਾ ਸੀ ਅਤੇ ਹਾਵੇਰੀ ਦੇ ਗੌਦਰ ਇਲਾਕੇ ਵਿੱਚ ਹੋਰ ਮਜ਼ਦੂਰਾਂ ਨਾਲ ਇੱਕ ਕਮਰੇ ਵਿੱਚ ਰਹਿ ਰਿਹਾ ਸੀ। ਬਿਕਰਮ ਦੇ ਟਿਕਾਣੇ ਦੀ ਸੂਚਨਾ ਮਿਲਣ ਤੋਂ ਬਾਅਦ ਮੁੰਬਈ ਪੁਲਿਸ ਨੇ ਹਾਵੇਰੀ ਪੁਲਿਸ ਨੂੰ ਸੂਚਨਾ ਦਿੱਤੀ, ਜਿਸ ਤੋਂ ਬਾਅਦ ਉਸ ਨੂੰ ਤੁਰੰਤ ਗ੍ਰਿਫਤਾਰ ਕਰ ਲਿਆ ਗਿਆ।
ਹਾਵੇਰੀ ਦੇ ਐਸਪੀ ਅੰਸ਼ੂ ਕੁਮਾਰ ਨੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਇਸ ਘਟਨਾ ਦੀ ਜਾਣਕਾਰੀ ਦਿੱਤੀ। ਉਸ ਨੇ ਦੱਸਿਆ ਕਿ ਸਲਮਾਨ ਖਾਨ ਨੂੰ ਮੁੰਬਈ ਦੇ ਵਰਲੀ ਇਲਾਕੇ ‘ਚ ਟਰੈਫਿਕ ਕੰਟਰੋਲ ਰੂਮ ‘ਚ ਭੇਜੇ ਸੰਦੇਸ਼ ਦੇ ਰੂਪ ‘ਚ ਧਮਕੀ ਦਿੱਤੀ ਗਈ ਸੀ। ਸੰਦੇਸ਼ ਵਿੱਚ, ਬਿਸ਼ਨੋਈ ਭਾਈਚਾਰੇ ਦੇ ਮੈਂਬਰ ਹੋਣ ਦਾ ਦਾਅਵਾ ਕਰਨ ਵਾਲੇ ਕਿਸੇ ਵਿਅਕਤੀ ਨੇ ਮੰਗ ਕੀਤੀ ਕਿ ਅਦਾਕਾਰ ਜਾਂ ਤਾਂ ਉਨ੍ਹਾਂ ਦੇ ਮੰਦਿਰ ਵਿੱਚ ਜਾ ਕੇ ਕਾਲੇ ਹਿਰਨ ਦੇ ਕ.ਤਲ ਲਈ ਮੁਆਫੀ ਮੰਗੇ ਜਾਂ ਫਿਰ 2 ਕਰੋੜ ਰੁਪਏ ਦੀ ਫਿਰੌਤੀ ਅਦਾ ਕਰਨ।