ਬਾਲੀਵੁੱਡ ਨੂੰ ਲੱਗਿਆ ਇਕ ਹੋਰ ਵੱਡਾ ਝਟਕਾ, ਮਸ਼ਹੂਰ ਕੋਰੀਓਗ੍ਰਾਫਰ ਸਰੋਜ ਖਾਨ ਦਾ ਦੇਹਾਂਤ

TeamGlobalPunjab
2 Min Read

ਮੁੰਬਈ : ਬਾਲੀਵੁੱਡ ਦੀ ਮਸ਼ਹੂਰ ਕੋਰੀਓਗ੍ਰਾਫਰ ਸਰੋਜ ਖਾਨ ਦਾ 72 ਸਾਲ ਦੀ ਉਮਰ ‘ਚ ਦੇਹਾਂਤ ਹੋ ਗਿਆ ਹੈ। ਉਨ੍ਹਾਂ ਦੀ ਮੌਤ ਨਾਲ ਬਾਲੀਵੁੱਡ ਨੂੰ ਇੱਕ ਬਹੁਤ ਵੱਡਾ ਘਾਟਾ ਪਿਆ ਹੈ। ਸਾਹ ਲੈਣ ‘ਚ ਸ਼ਿਕਾਇਤ ਤੋਂ ਬਾਅਦ ਸਰੋਜ ਖਾਨ ਨੂੰ 20 ਜੂਨ ਨੂੰ ਮੁੰਬਈ ਦੇ ਗੁਰੂ ਨਾਨਕ ਹਸਪਤਾਲ ‘ਚ ਦਾਖਲ ਕਰਵਾਇਆ ਗਿਆ ਸੀ। ਜਿਥੇ ਸ਼ੁੱਕਰਵਾਰ ਸਵੇਰੇ ਕਾਰਡੀਅਕ ਅਰੈਸਟ ਕਾਰਨ ਉਨ੍ਹਾਂ ਦਾ ਦੇਹਾਂਤ ਹੋ ਗਿਆ। ਉਨ੍ਹਾਂ ਦੀ ਦੇਹ ਨੂੰ ਅੱਜ ਮਲਾਡ ਦੇ ਮਾਲਵਾਣੀ ਕਬਰਸਤਾਨ ‘ਚ ਸਪੁਰਦ-ਏ-ਖਾਕ ਕੀਤਾ ਜਾਵੇਗਾ। ਦੱਸ ਦਈਏ ਕਿ ਕੁਝ ਦਿਨ ਪਹਿਲਾਂ ਉਨ੍ਹਾਂ ਦਾ ਕੋਰੋਨਾ ਟੈਸਟ ਵੀ ਕਰਵਾਇਆ ਗਿਆ ਸੀ ਜਿਸ ਦੀ ਰਿਪੋਰਟ ਨੈਗੇਟਿਵ ਆਈ ਸੀ।

ਸਰੋਜ ਖਾਨ ਨੇ ਮਾਧੁਰੀ ਦੀਕਸ਼ਿਤ ਅਤੇ ਸ਼੍ਰੀਦੇਵੀ ਸਮੇਤ ਕਈ ਮਸ਼ਹੂਰ ਬਾਲੀਵੁੱਡ ਅਦਾਕਾਰਾਂ ਨੂੰ ਡਾਂਸ ਸਿਖਾਇਆ। ਸਰੋਜ ਖਾਨ ਨੇ 2000 ਤੋਂ ਵੱਧ ਗੀਤਾਂ ਦੀ ਕੋਰੀਓਗ੍ਰਾਫੀ ਕੀਤੀ ਹੈ। ਬਹੁਤ ਘੱਟ ਲੋਕ ਜਾਣਦੇ ਹਨ ਕਿ ਸਰੋਜ ਖਾਨ ਦਾ ਅਸਲ ਨਾਮ ਨਿਰਮਲਾ ਨਾਗਪਾਲ ਸੀ। ਵੰਡ ਤੋਂ ਬਾਅਦ ਸਰੋਜ ਖਾਨ ਦਾ ਪਰਿਵਾਰ ਪਾਕਿਸਤਾਨ ਤੋਂ ਭਾਰਤ ਆ ਗਿਆ। ਸਰੋਜ ਨੇ ਸਿਰਫ 3 ਸਾਲ ਦੀ ਉਮਰ ਵਿੱਚ ਬਾਲ ਕਲਾਕਾਰ ਵਜੋਂ ਫਿਲਮਾਂ ਵਿੱਚ ਕੰਮ ਕਰਨਾ ਸ਼ੁਰੂ ਕੀਤਾ। ਉਨ੍ਹਾਂ ਦੀ ਪਹਿਲੀ ਫਿਲਮ ‘ਨਜ਼ਰਾਨਾ’ ਸੀ ਜਿਸ ਵਿਚ ਉਨ੍ਹਾਂ ਨੇ ਸ਼ਿਆਮਾ ਨਾਮ ਦੀ ਲੜਕੀ ਦਾ ਕਿਰਦਾਰ ਨਿਭਾਇਆ ਸੀ।

50 ਦੇ ਦਹਾਕੇ ਵਿਚ ਸਰੋਜ ਨੇ ਬੈਕਗ੍ਰਾਉਂਡ ਡਾਂਸਰ ਵਜੋਂ ਕੰਮ ਕਰਨਾ ਸ਼ੁਰੂ ਕੀਤਾ। ਉਨ੍ਹਾਂ ਨੇ ਕੋਰੀਓਗ੍ਰਾਫਰ ਬੀ. ਸੋਹਣਲਾਲ ਤੋਂ ਟ੍ਰੇਨਿੰਗ ਲਈ। 1974 ਵਿਚ ਰਿਲੀਜ਼ ਹੋਈ ਫਿਲਮ “ਗੀਤਾ ਮੇਰਾ ਨਾਮ” ਨਾਲ ਸਰੋਜ ਇਕ ਸੁਤੰਤਰ ਕੋਰੀਓਗ੍ਰਾਫਰ ਵਜੋਂ ਜੁੜ੍ਹੀ, ਹਾਲਾਂਕਿ ਉਹਨਾਂ ਦੇ ਕੰਮ ਨੂੰ ਕਾਫੀ ਸਮੇਂ ਬਾਅਦ ਪਹਿਚਾਣ ਮਿਲੀ। ਸਰੋਜ ਖਾਨ ਦੀਆਂ ਮੁੱਖ ਫਿਲਮਾਂ ਮਿਸਟਰ ਇੰਡੀਆ, ਨਗੀਨਾ, ਚਾਂਦਨੀ, ਤੇਜਾਬ, ਥਾਣੇਦਾਰ ਅਤੇ ਬੇਟਾ ਹਨ।

Share this Article
Leave a comment