ਨਵੀਂ ਦਿੱਲੀ: ਸਾਲ 2015 ‘ਚ ਵਾਪਰੇ ਕੁੱਟ ਮਾਰ ਦੇ ਇੱਕ ਮਾਮਲੇ ‘ਚ ਇਥੋਂ ਦੇ ਸਦਰ ਬਾਜ਼ਾਰ ਹਲਕੇ ਤੋਂ ਆਮ ਆਦਮੀ ਪਾਰਟੀ ਦੇ ਵਿਧਾਇਕ ਸੋਮ ਦੱਤ ਨੂੰ ਦਿੱਲੀ ਦੀ ਇੱਕ ਅਦਾਲਤ ਨੇ 6 ਮਹੀਨੇ ਦੀ ਸਜ਼ਾ ਸੁਣਾ ਕੇ ਤਿਹਾੜ ਜੇਲ੍ਹ ‘ਚ ਬੰਦ ਕਰਨ ਦੇ ਹੁਕਮ ਦਿੱਤੇ ਹਨ। ਇਸ ਕੇਸ ‘ਚ ਸੋਮ ਦੱਤ ਨੂੰ ਮੁੱਖ ਮੇਟ੍ਰੋਪੋਲੀਟਨ ਜੱਜ ਸਮਰ ਵਿਸ਼ਾਲ ਦੀ
ਹੇਠਲੀ ਅਦਾਲਤ ਨੇ ਵੀ ਦੋਸ਼ੀ ਠਹਿਰਾਇਆ ਸੀ ਜਿਸਦੇ ਖਿਲਾਫ ਉਸਨੇ ਅਪੀਲ ਦਾਇਰ ਕੀਤੀ ਸੀ, ਜਿਸ ਨੂੰ ਖ਼ਾਰਜ ਕਰਦਿਆਂ ਉਪਰਲੀ ਅਦਾਲਤ ਨੇ ਸੋਮ ਦੱਤ ਨੂੰ ਜੇਲ੍ਹ ਭੇਜ ਦਿੱਤਾ ਹੈ।
ਦੱਸ ਦਈਏ ਕਿ ਇਸ ਮਾਮਲੇ ‘ਚ ਸੰਜੀਵ ਰਾਣਾ ਨਾਮ ਦੇ ਸ਼ਿਕਾਇਤਕਰਤਾ ਨੇ ਵਿਧਾਇਕ ਸੋਮ ਦੱਤ ‘ਤੇ ਦੋਸ਼ ਲਾਉਂਦਿਆਂ ਪੁਲਿਸ ਕੋਲ ਸ਼ਿਕਾਇਤ ਦਰਜ਼ ਕਰਵਾਈ ਸੀ ਕਿ ਸੋਮ ਦੱਤ ਆਪਣੇ 50-60 ਸਾਥੀਆਂ ਨਾਲ ਉਸਦੇ ਘਰ ਆ ਵੜਿਆ ਸੀ ਤੇ ਉਨ੍ਹਾਂ ਲੋਕਾਂ ਨੇ ਉਸ ‘ਤੇ ਹਮਲਾ ਕਰਕੇ ਉਸ ਦੀ ਕੁੱਟਮਾਰ ਕੀਤੀ ਸੀ। ਮਾਮਲੇ ਦਾ ਅਦਾਲਤੀ ਟਰਾਇਲ ਖ਼ਤਮ ਹੋਣ ‘ਤੇ ਹੇਠਲੀ ਅਦਾਲਤ ਦੇ ਜੱਜ ਸਮਰ ਵਿਸ਼ਾਲ ਨੇ 29 ਜੂਨ ਵਾਲੇ ਦਿਨ ਸੋਮ ਦੱਤ ਨੂੰ ਦੋਸ਼ ਕਰਾਰ ਦਿੰਦਿਆਂ ਸਜ਼ਾ ਤਾਂ ਸੁਣਾ ਦਿੱਤੀ ਪਰ ਇਸਦੇ ਨਾਲ ਹੀ ਉਸ ਸਜ਼ਾ ਦੇ ਖਿਲਾਫ ਅਪੀਲ ਕਰਨ ਦੀ ਇਜ਼ਾਜ਼ਤ ਵੀ ਦੇ ਦਿੱਤੀ ਸੀ। ਜਿਸ ਤੇ ਹੁਣ ਫੈਸਲਾ ਆਇਆ ਹੈ।
ਦਿੱਲੀ ‘ਚ ਹੋਣ ਵਾਲੀਆਂ ਵਿਧਾਨ ਸਭਾ ਚੋਣਾਂ ਤੋਂ ਪਹਿਲਾਂ ਆਇਆ ਇਹ ਫੈਸਲਾ ਨਾ ਸਿਰਫ ਆਪ ਸੁਪਰੀਮੋ ਅਰਵਿੰਦ ਕੇਜਰੀਵਾਲ ਲਈ ਵੱਡਾ ਝਟਕਾ ਮੰਨਿਆ ਜਾ ਰਿਹਾ ਹੈ ਬਲਕਿ ਪੰਜਾਬ ਵਿੱਚ ਆਪ ਦੇ ਪ੍ਰਧਾਨ ਭਗਵੰਤ ਮਾਨ ਲਈ ਵੀ ਸਿਆਸੀ ਮੁਸ਼ਕਲਾਂ ਖੜ੍ਹੀਆਂ ਕਰ ਗਿਆ ਹੈ।