ਕੈਲੀਫੋਰਨੀਆ ‘ਚ ਮਹਾਤਮਾ ਗਾਂਧੀ ਦੇ ਬੁੱਤ ਦੀ ਤੋੜ-ਭੰਨ ‘ਤੇ ਬਾਇਡਨ ਦੇ ਪ੍ਰਸ਼ਾਸਨ ਨੇ ਕੀਤੀ ਨਿੰਦਾ

TeamGlobalPunjab
2 Min Read

ਵਾਸ਼ਿੰਗਟਨ – ਵ੍ਹਾਈਟ ਹਾਊਸ ਨੇ ਕੈਲੀਫੋਰਨੀਆ ‘ਚ ਮਹਾਤਮਾ ਗਾਂਧੀ ਦੇ ਬੁੱਤ ਨੂੰ ਢਾਹੁਣ ਦੀ ਸਖਤ ਨਿਖੇਧੀ ਕੀਤੀ ਹੈ। ਵ੍ਹਾਈਟ ਹਾਊਸ ਦੇ ਪ੍ਰੈਸ ਸਕੱਤਰ ਜੇਨ ਸਾਕੀ ਨੇ ਕਿਹਾ, “ਅਸੀਂ ਯਕੀਨਨ ਗਾਂਧੀ ਦੇ ਬੁੱਤ ਦੇ ਟੁੱਟਣ ਦੀ ਘਟਨਾ ਤੋਂ ਚਿੰਤਤ ਹਾਂ।” ਸਾਕੀ ਨੇ ਕਿਹਾ, ਅਸੀਂ ਜਾਇਦਾਦ ਨੂੰ ਨੁਕਸਾਨ ਪਹੁੰਚਾਉਣ ਲਈ ਕਿਸੇ ਕਾਰਵਾਈ ਦਾ ਸਮਰਥਨ ਨਹੀਂ ਕਰਦੇ। ਅਸੀਂ ਉਮੀਦ ਕਰਦੇ ਹਾਂ ਕਿ ਹਰ ਭਾਈਚਾਰਾ ਇਕ ਦੂਜੇ ਦਾ ਆਦਰ ਕਰੇਗਾ।

 ਦੱਸ ਦਈਏ ਕਿ ਉੱਤਰੀ ਕੈਲੀਫੋਰਨੀਆ ਦੇ ਸ਼ਹਿਰ ਡੇਵਿਸ ਦੇ ਸੈਂਟਰਲ ਪਾਰਕ ‘ਚ ਮਹਾਤਮਾ ਗਾਂਧੀ ਦੀ 294 ਕਿੱਲੋ ਦੀ ਇੱਕ 6 ਫੁੱਟ ਲੰਬੀ ਕਾਂਸੀ ਦੇ ਬੁੱਤ ਨੂੰ ਪਿਛਲੇ ਹਫਤੇ ਕੁਝ ਅਣਪਛਾਤੇ ਲੋਕਾਂ ਨੇ ਤੋੜ ਕੇ ਉਸ ਦੇ ਅਧਾਰ ਥੰਮ੍ਹ ਤੋਂ ਹਟਾ ਦਿੱਤਾ ਸੀ। ਜਦੋ ਇਸ ਸਬੰਧੀ ਸਾਕੀ ਤੋਂ ਪੁੱਛਿਆ ਗਿਆ ਤਾਂ ਸਾਕੀ ਨੇ ਕਿਹਾ, “ਅਸੀਂ ਇਕ ਅਜਿਹਾ ਸ਼ਹਿਰ ਬਣਾਉਣ ਲਈ ਵਚਨਬੱਧ ਹਾਂ ਜੋ ਸੰਮਲਿਤ ਹੈ ਤੇ ਸਾਡੇ ਸਿਧਾਂਤਾਂ ਨੂੰ ਪੂਰਾ ਕਰਦਾ ਹੈ। ਅਸੀਂ ਹਰ ਨਾਗਰਿਕ ਦੀ ਸਰੀਰਕ ਤੇ ਮਨੋਵਿਗਿਆਨਕ ਸੁਰੱਖਿਆ ਨੂੰ ਯਕੀਨੀ ਬਣਾਉਣ ਲਈ ਤਨਦੇਹੀ ਨਾਲ ਕੰਮ ਕਰਦੇ ਹਾਂ। ਅਜਿਹੀਆਂ ਕਾਰਵਾਈਆਂ ਹਿੰਸਕ ਹਨ ਤੇ ਸੁਰੱਖਿਆ ਲਈ ਖਤਰਾ ਹਨ।

 ਇਸਤੋਂ ਇਲਾਵਾ ਭਾਰਤੀ-ਅਮਰੀਕੀ ਕਮਿਊਨਿਟੀ ਨੇ ਕੈਲੀਫੋਰਨੀਆ ਦੇ ਸਿਟੀ ਪਾਰਕ ‘ਚ ਹਿੰਦੂ-ਅਮਰੀਕੀ ਸੰਗਠਨਾਂ ਨਾਲ ਕਮਿਊਨਿਟੀ ਜਲੂਸ ਕੱਢਿਆ। ਸੈਂਟਰਲ ਪਾਰਕ ‘ਚ ਜਲੂਸ ਨੂੰ ਸੰਬੋਧਨ ਕਰਦੇ ਹੋਏ ਡੇਵਿਸ ਦੇ ਮੇਅਰ ਗਲੋਰੀਆ ਪਾਰਟੀਡਾ ਨੇ ਇਸ ਘਟਨਾ ‘ਤੇ ਅਫਸੋਸ ਜ਼ਾਹਰ ਕਰਦਿਆਂ ਕਿਹਾ ਕਿ ਤੋੜ ਭੰਨ ਦੀ ਘਟਨਾ ਨੂੰ ਕਦੇ ਮੁਆਫ ਨਹੀਂ ਕੀਤਾ ਜਾ ਸਕਦਾ। ਗਾਂਧੀ ਸਾਡੀ ਪ੍ਰੇਰਣਾ ਹਨ ਤੇ ਅਸੀਂ ਇਸ ਤਰ੍ਹਾਂ ਦੇ ਕਿਸੇ ਵੀ ਕੰਮ ਦੀ ਆਗਿਆ ਨਹੀਂ ਦੇਵਾਂਗੇ। ਭਰਤਵੰਸ਼ੀ ਰੋ ਖੰਨਾ ਨੇ ਵੀ ਗਾਂਧੀ ਦੇ ਬੁੱਤ ਨੂੰ  ਢਾਹੁਣ ਦੀ ਨਿੰਦਾ ਕੀਤੀ।

Share this Article
Leave a comment