ਵਾਸ਼ਿੰਗਟਨ : ਅਮਰੀਕੀ ਰਾਸ਼ਟਰਪਤੀ ਜੋਅ ਬਾਇਡਨ ਚੀਨ ਦੇ ਸ਼ਿਨਜਿਆਂਗ ਸੂਬੇ ‘ਚ ਮੁਸਲਮਾਨ ਉਈਗਰਾਂ ਤੋਂ ਕਰਾਈ ਜਾ ਰਹੀ ਬੰਧੂਆ ਮਜ਼ਦੂਰੀ ਰੋਕਣ ਲਈ ਨਵੇਂ ਸਿਰੇ ਤੋਂ ਕੋਸ਼ਿਸ਼ ਕਰਨਗੇ। ਵ੍ਹਾਈਟ ਹਾਊਸ ਨੇ ਇਸ ਗੱਲ ਦੀ ਜਾਣਕਾਰੀ ਦਿੰਦੇ ਹੋਏ ਕਿਹਾ ਕਿ ਰਾਸ਼ਟਰਪਤੀ ਬਾਇਡਨ ਬਰਤਾਨੀਆ ‘ਚ ਜੂਨ ‘ਚ ਹੋਣ ਵਾਲੀ ਜੀ-7 ਦੇਸ਼ਾਂ ਦੀ ਬੈਠਕ ‘ਚ ਨਿੱਜੀ ਰੂਪ ਨਾਲ ਹਿੱਸਾ ਲੈਣਗੇ। ਬੈਠਕ ਦੇ ਏਜੰਡੇ ਦੇ ਨਾਲ ਹੀ ਉਹ ਸ਼ਿਨਜਿਆਂਗ ‘ਚ ਬੰਧੂਆ ਮਜ਼ਦੂਰੀ ਦੇ ਮੁੱਦੇ ‘ਤੇ ਵੀ ਗੱਲਬਾਤ ਕਰਨਗੇ।
ਦੱਸ ਦਈਏ ਬਾਇਡਨ ਦੇ ਉਪ ਰਾਸ਼ਟਰੀ ਸੁਰੱਖਿਆ ਸਲਾਹਕਾਰ ਦਲੀਪ ਸਿੰਘ ਨੇ ਕਿਹਾ ਕਿ ਜੀ-7 ਦੀ ਬੈਠਕ ‘ਚ ਮੁੱਖ ਤੌਰ ‘ਤੇ ਮਹਾਮਾਰੀ, ਸਿਹਤ ਸੁਰੱਖਿਆ, ਆਰਥਿਕ ਸਥਿਤੀ ਤੇ ਪੌਣ-ਪਾਣੀ ਪਰਿਵਰਤਨ ਦੇ ਮੁੱਦੇ ‘ਤੇ ਗੱਲਬਾਤ ਹੋਵੇਗੀ।
ਇਸਤੋਂ ਇਲਾਵਾ ਦਲੀਪ ਸਿੰਘ ਨੇ ਕਿਹਾ ਕਿ ਵਾਸ਼ਿੰਗਟਨ ਪਹਿਲਾਂ ਹੀ ਸ਼ਿਨਜਿਆਂਗ ਸੂਬੇ ‘ਚ ਮਨੁੱਖੀ ਅਧਿਕਾਰਾਂ ਦੀ ਉਲੰਘਣਾ ਖ਼ਿਲਾਫ਼ ਸਖ਼ਤ ਕਾਰਵਾਈ ਨੂੰ ਹੋਰ ਜ਼ਿਆਦਾ ਅਸਰਦਾਰ ਬਣਾਏਗਾ। ਜਿਹੜੇ ਉਤਪਾਦ ਅਸੀਂ ਆਪਣੇ ਨਾਗਰਿਕਾਂ ਨੂੰ ਮੁਹੱਈਆ ਕਰਾਉਂਦੇ ਹਾਂ, ਉਨ੍ਹਾਂ ਸਬੰਧੀ ਉਹ ਜਾਣਨਾ ਚਾਹੁਣਗੇ ਕਿ ਇਹ ਉਤਪਾਦ ਕਿਨ੍ਹਾਂ ਹਾਲਾਤ ‘ਚ ਤੇ ਕਿਨ੍ਹਾਂ ਵੱਲੋਂ ਬਣਾਏ ਜਾ ਰਹੇ ਹਨ।