ਕੈਨੇਡਾ ਦੇ ਪ੍ਰਧਾਨ ਮੰਤਰੀ ਨੇ ਭਾਰਤ ਤੋਂ ਮੰਗੀ ਕੋਰੋਨਾ ਟੀਕਾਕਰਨ ‘ਚ ਮਦਦ, ਪੀਐਮ ਮੋਦੀ ਨੂੰ ਕੀਤਾ ਫੋਨ

TeamGlobalPunjab
2 Min Read

ਨਵੀਂ ਦਿੱਲੀ: ਫਰਵਰੀ ਮਹੀਨੇ ਭਾਰਤ ਦੁਨੀਆਂ ਦੇ 25 ਦੇਸ਼ਾਂ ਨੂੰ ਦੋ ਕਰੋੜ ਤੋਂ ਵੱਧ ਵੈਕਸਿਨ ਦੀ ਡੋਜ਼ ਦੇਣ ਜਾ ਰਿਹਾ ਹੈ। ਜਿਸ ਨੂੰ ਦੇਖਦੇ ਹੋਏ ਕੈਨੇਡਾ ਦੇ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਵੱਲੋਂ ਪੀਐਮ ਨਰਿੰਦਰ ਮੋਦੀ ਨੂੰ ਬੀਤੇ ਦਿਨੀਂ ਫੋਨ ਕੀਤਾ ਗਿਆ। ਗੱਲਬਾਤ ਦੌਰਾਨ ਕੈਨੇਡਾ ਦੇ ਪ੍ਰਧਾਨ ਮੰਤਰੀ ਨੇ ਭਾਰਤ ਤੋਂ ਵੈਕਸੀਨ ਦੀ ਡੋਜ਼ ਦੀ ਮੰਗ ਕੀਤੀ ਹੈ। ਜਿਸ ਤੋਂ ਬਾਅਦ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਜਸਟਿਨ ਟਰੂਡੋ ਨੂੰ ਵਿਸ਼ਵਾਸ ਦਿਵਾਇਆ ਕਿ ਭਾਰਤ ਕੈਨੇਡਾ ‘ਚ ਟੀਕਾਕਰਨ ਪੂਰਾ ਕਰਨ ਵਿੱਚ ਸਹਿਯੋਗ ਕਰੇਗਾ।

ਪੀਐਮਓ ਦਫ਼ਤਰ ਵਲੋਂ ਜਾਰੀ ਬਿਆਨ ਦੇ ਮੁਤਾਬਕ ਜਸਟਿਨ ਟਰੂਡੋ ਨੂੰ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਕਿਹਾ ਕਿ ਭਾਰਤ ਜਿਵੇਂ ਬਾਕੀ ਦੇਸ਼ਾਂ ਦੇ ਲਈ ਕਰ ਰਿਹਾ ਹੈ ਠੀਕ ਉਸੇ ਤਰ੍ਹਾਂ ਕੈਨੇਡਾ ‘ਚ ਵੀ ਟੀਕਾਕਰਨ ਲਈ ਪੂਰਾ ਸਹਿਯੋਗ ਦੇਵੇਗਾ। ਇਸ ਮੌਕੇ ਜਸਟਿਨ ਟਰੂਡੋ ਨੇ ਕਿਹਾ ਕਿ ਕੋਵਿਡ-19 ਦੇ ਖਿਲਾਫ ਲੜਾਈ ‘ਚ ਭਾਰਤ ਦੀ ਵੈਕਸੀਨ ਦਾ ਮਹੱਤਵਪੂਰਨ ਯੋਗਦਾਨ ਹੋਵੇਗਾ। ਟਰੂਡੋ ਨੇ ਭਾਰਤ ਦੀ ਇਸ ਸਮਰੱਥਾ ਨੂੰ ਵਿਸ਼ਵ ਦੇ ਨਾਲ ਸਾਂਝਾ ਕਰਨ ਲਈ ਪ੍ਰਧਾਨਮੰਤਰੀ ਨਰਿੰਦਰ ਮੋਦੀ ਦੀ ਸ਼ਲਾਘਾ ਕੀਤੀ।

ਭਾਰਤ ਵੱਲੋਂ ਕੈਨੇਡਾ ਨੂੰ ਟੀਕਾਕਰਨ ਲਈ ਦਿੱਤੀ ਜਾਣ ਵਾਲੀ ਮਦਦ ਦੇ ਲਈ ਜਸਟਿਨ ਟਰੂਡੋ ਨੇ ਪੀਐਮ ਮੋਦੀ ਦਾ ਧੰਨਵਾਦ ਕੀਤਾ। ਇਸ ਤੋਂ ਇਲਾਵਾ ਦੋਵੇਂ ਲੀਡਰਾਂ ਨੇ ਜਲਵਾਯੂ ਤਬਦੀਲੀ ਅਤੇ ਕੋਰੋਨਾ ਮਹਾਂਮਾਰੀ ਵਿਚਾਲੇ ਦੁਨੀਆਂ ‘ਚ ਛਾਈ ਆਰਥਿਕ ਮੰਦੀ ਸਣੇ ਹੋਰ ਮੁੱਦਿਆਂ ‘ਤੇ ਵੀ ਗੱਲਬਾਤ ਕੀਤੀ।

Share this Article
Leave a comment