ਬਾਇਡਨ ਨੇ ਗ੍ਰੀਨ ਕਾਰਡ ‘ਤੇ ਲੱਗੀ ਰੋਕ ਹਟਾਈ, ਕਿਹਾ ਸਾਬਕਾ ਰਾਸ਼ਟਰਪਤੀ ਦੀ ਨੀਤੀ ਨਹੀਂ ਸੀ ਅਮਰੀਕਾ ਦੇ ਹਿੱਤ ‘ਚ

TeamGlobalPunjab
3 Min Read

 ਵਾਸ਼ਿੰਗਟਨ:– ਅਮਰੀਕਾ ਦੇ ਰਾਸ਼ਟਰਪਤੀ ਜੋਅ ਬਾਇਡਨ ਨੇ ਆਪਣੇ ਤੋਂ ਪਹਿਲਾਂ ਦੇ ਰਾਸ਼ਟਰਪਤੀ ਡੋਨਲਡ ਟਰੰਪ ਦਾ ਇਕ ਹੋਰ ਫ਼ੈਸਲਾ ਪਲਟ ਦਿੱਤਾ। ਉਨ੍ਹਾਂ ਨੇ ਗ੍ਰੀਨ ਕਾਰਡ ਜਾਰੀ ਕਰਨ ‘ਤੇ ਲੱਗੀ ਰੋਕ ਹਟਾ ਦਿੱਤੀ ਹੈ। ਇਸ ਨਾਲ ਅਮਰੀਕਾ ‘ਚ ਐੱਚ-1ਬੀ ਵੀਜ਼ਾ ‘ਤੇ ਕੰਮ ਕਰ ਰਹੇ ਭਾਰਤੀ ਪੇਸ਼ੇਵਰਾਂ ਨੂੰ ਲਾਭ ਹੋਵੇਗਾ। ਟਰੰਪ ਨੇ ਕੋਰੋਨਾ ਮਹਾਮਾਰੀ ਦੌਰਾਨ ਇਸ ਕਾਰਡ ‘ਤੇ ਰੋਕ ਲਗਾ ਦਿੱਤੀ ਸੀ। ਗ੍ਰੀਨ ਕਾਰਡ ਨਾਲ ਅਮਰੀਕਾ ‘ਚ ਸਥਾਈ ਤੌਰ ‘ਤੇ ਕੰਮ ਕਰਨ ਤੇ ਵਸਣ ਦਾ ਅਧਿਕਾਰ ਮਿਲ ਜਾਂਦਾ ਹੈ।

ਗ੍ਰੀਨ ਕਾਰਡ ਇੱਛੁਕਾਂ ਲਈ ਰਸਤਾ ਖੋਲ੍ਹਦੇ ਹੋਏ ਬਾਇਡਨ ਨੇ ਬੀਤੇ ਬੁੱਧਵਾਰ ਨੂੰ ਕਿਹਾ ਕਿ ਸਾਬਕਾ ਰਾਸ਼ਟਰਪਤੀ ਦੀ ਨੀਤੀ ਅਮਰੀਕਾ ਦੇ ਹਿੱਤ ‘ਚ ਨਹੀਂ ਸੀ। ਬਾਇਡਨ ਨੇ ਕਿਹਾ ਕਿ ਇਸ ਨਾਲ ਅਮਰੀਕਾ ਨੂੰ ਨੁਕਸਾਨ ਪਹੁੰਚਦਾ ਹੈ, ਕਿਉਂਕਿ ਕੁਝ ਅਮਰੀਕੀ ਨਾਗਰਿਕਾਂ ਤੇ ਕਾਨੂੰਨੀ ਤਰੀਕੇ ਨਾਲ ਸਥਾਈ ਤੌਰ ‘ਤੇ ਵਸੇ ਪਰਿਵਾਰਾਂ ਦੇ ਮੈਂਬਰਾਂ ਨੂੰ ਇੱਥੇ ਉਨ੍ਹਾਂ ਦੇ ਪਰਿਵਾਰਾਂ ਨੂੰ ਮਿਲਣ ਤੋਂ ਰੋਕਿਆ ਜਾ ਰਿਹਾ ਸੀ। ਬਾਇਡਨ ਨੇ ਆਪਣੀ ਚੋਣ ਮੁਹਿੰਮ ਦੌਰਾਨ ਇਹ ਵਾਅਦਾ ਕੀਤਾ ਸੀ ਕਿ ਉਹ ਐੱਚ-1ਬੀ ਵੀਜ਼ਾ ਸਮੇਤ ਵਰਕ ਵੀਜ਼ਾ ਤੇ ਗ੍ਰੀਨ ਕਾਰਡ ‘ਤੇ ਲੱਗੀਆਂ ਪਾਬੰਦੀਆਂ ਖ਼ਤਮ ਕਰਨਗੇ। ਬਾਇਡਨ ਨੇ ਟਰੰਪ ਦੀਆਂ ਨੀਤੀਆਂ ਨੂੰ ਕਰੂਰ ਕਰਾਰ ਦਿੱਤਾ ਸੀ।

ਦੱਸ ਦਈਏ ਟਰੰਪ ਨੇ ਬੀਤੇ ਸਾਲ 22 ਅਪ੍ਰਰੈਲ ਤੇ 22 ਜੂਨ ਨੂੰ ਹੁਕਮ ਜਾਰੀ ਕਰ ਕੇ ਐੱਚ-1ਬੀ ਸਮੇਤ ਵੱਖ-ਵੱਖ ਤਰ੍ਹਾਂ ਦੇ ਵਰਕ ਵੀਜ਼ਾ ਤੇ ਗ੍ਰੀਨ ਕਾਰਡ ‘ਤੇ ਸਾਲ ਦੇ ਅਖ਼ੀਰ ਤਕ ਲਈ ਰੋਕ ਲਗਾ ਦਿੱਤੀ ਸੀ। ਉਨ੍ਹਾਂ ਨੇ ਬੀਤੀ 31 ਦਸੰਬਰ ਨੂੰ ਪਾਬੰਦੀ ਦਾ ਸਮਾਂ ਇਸ ਸਾਲ 31 ਮਾਰਚ ਤਕ ਲਈ ਵਧਾ ਦਿੱਤਾ ਸੀ। ਉਸ ਸਮੇਂ ਟਰੰਪ ਨੇ ਕਿਹਾ ਸੀ ਕਿ ਅਮਰੀਕੀ ਕਾਮਿਆਂ ਦੇ ਹਿੱਤਾਂ ਦੀ ਰਾਖੀ ਨੂੰ ਧਿਆਨ ‘ਚ ਰੱਖ ਕੇ ਇਹ ਕਦਮ ਚੁੱਕਿਆ ਗਿਆ ਹੈ। ਹਾਲਾਂਕਿ ਬਾਇਡਨ ਨੇ ਟਰੰਪ ਦੇ ਉਸ ਹੁਕਮ ਨੂੰ ਰੱਦ ਨਹੀਂ ਕੀਤਾ, ਜਿਸ ‘ਚ ਐੱਚ-1ਬੀ ਸਮੇਤ ਵਰਕ ਵੀਜ਼ਾ ‘ਤੇ ਅਮਰੀਕਾ ਆਉਣ ਵਾਲੇ ਲੋਕਾਂ ‘ਤੇ ਰੋਕ ਲਗਾਈ ਗਈ ਹੈ। ਟਰੰਪ ਨੇ ਬੀਤੇ ਜੂਨ ਮਹੀਨੇ ‘ਚ ਇਹ ਹੁਕਮ ਜਾਰੀ ਕੀਤਾ ਸੀ।

 ਗ੍ਰੀਨ ਕਾਰਡ ‘ਤੇ ਰੋਕ ਲੱਗਣ ਕਾਰਨ ਕਰੀਬ ਇਕ ਲੱਖ 20 ਲੋਕ ਪ੍ਰਭਾਵਿਤ ਹੋਏ। ਇਨ੍ਹਾਂ ਨੂੰ ਪਰਿਵਾਰ ਅਧਾਰਤ ਵੀਜ਼ੇ ਤੋਂ ਹੱਥ ਧੋਣਾ ਪਿਆ। ਗ੍ਰੀਨ ਕਾਰਡ ਮਿਲਣ ਨਾਲ ਅਮਰੀਕਾ ‘ਚ ਸਥਾਈ ਤੌਰ ‘ਤੇ ਕੰਮ ਕਰਨ ਤੇ ਵਸਣ ਦਾ ਅਧਿਕਾਰ ਮਿਲ ਜਾਂਦਾ ਹੈ। ਅਮਰੀਕਾ ‘ਚ ਐੱਚ-1ਬੀ ਵੀਜ਼ਾ ‘ਤੇ ਕੰਮ ਕਰ ਰਹੇ ਲੱਖਾਂ ਭਾਰਤੀਆਂ ਨੂੰ ਵੀ ਗ੍ਰੀਨ ਕਾਰਡ ਦੀ ਉਡੀਕ ਹੈ। ਜਦਕਿ ਐੱਚ-1ਬੀ ਵੀਜ਼ਾ ਭਾਰਤੀ ਆਈਟੀ ਪੇਸ਼ੇਵਰਾਂ ‘ਚ ਮਸ਼ਹੂਰ ਹੈ।

- Advertisement -

Share this Article
Leave a comment