ਭਰੋਸਾ ਗੁਆ ਚੁੱਕੇ ਲੀਡਰਾਂ ਦੀ ਅਗਵਾਈ ਕਬੂਲ ਨਹੀਂ ਕਰਦੇ ਪੰਜਾਬ ਦੇ ਲੋਕ: ਭਗਵੰਤ ਮਾਨ

TeamGlobalPunjab
2 Min Read

ਚੰਡੀਗੜ੍ਹ: ਆਮ ਆਦਮੀ ਪਾਰਟੀ (ਆਪ) ਪੰਜਾਬ ਦੇ ਪ੍ਰਧਾਨ ਅਤੇ ਸੰਸਦ ਮੈਂਬਰ ਭਗਵੰਤ ਮਾਨ ਨੇ ਮੁੱਖ ਮੰਤਰੀ ਅਮਰਿੰਦਰ ਸਿੰਘ ਅਤੇ ਅਕਾਲੀ ਦਲ (ਬਾਦਲ) ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਵੱਲੋਂ ਖੇਤੀ ਬਿੱਲਾਂ ਬਾਰੇ ਕੀਤੀ ਜਾ ਰਹੀ ਬਿਆਨਬਾਜ਼ੀ ਪੰਜਾਬ ਦੇ ਲੋਕਾਂ ਖ਼ਾਸ ਕਰਕੇ ਕਿਸਾਨ ਸੰਗਠਨਾਂ ਨੂੰ ਸੁਚੇਤ ਰਹਿਣ ਦੀ ਅਪੀਲ ਕੀਤੀ ਹੈ।

ਪਾਰਟੀ ਹੈੱਡਕੁਆਟਰ ਤੋਂ ਜਾਰੀ ਬਿਆਨ ਰਾਹੀਂ ਭਗਵੰਤ ਮਾਨ ਨੇ ਕਿਹਾ ਕਿ ਅਮਰਿੰਦਰ ਸਿੰਘ ਅਤੇ ਬਾਦਲ ਪੰਜਾਬ ਦੇ ਲੋਕਾਂ ਨਾਲ ਕਦਮ-ਕਦਮ ‘ਤੇ ਧੋਖਾ ਕਰਨ ਦੀ ਤਾਕ ‘ਚ ਰਹਿੰਦੇ ਹਨ ਅਤੇ ਗੁਮਰਾਹਕੁਨ ਬਿਆਨਬਾਜ਼ੀ ਕਰਦੇ ਹਨ, ਜਿਸ ਦਾ ਇੱਕ ਮਾਤਰ ਮਕਸਦ ਸੱਤਾ ਸੁੱਖ ਭੋਗਣਾ ਹੈ।

ਭਗਵੰਤ ਮਾਨ ਮੁੱਖ ਮੰਤਰੀ ਅਮਰਿੰਦਰ ਸਿੰਘ ਨੂੰ ਘੇਰਦਿਆਂ ਕਿਹਾ, ”ਅੱਜ ਮੁੱਖ ਮੰਤਰੀ ਸਾਹਿਬ ਮੋਦੀ ਦੇ ਕਾਲੇ ਕਾਨੂੰਨਾਂ ਵਿਰੁੱਧ ਜਾਰੀ ਲੜਾਈ ਦੀ ਅਗਵਾਈ ਕਰਨ ਦੀ ਪੇਸ਼ਕਸ਼ ਕਰ ਕੇ ਕਿਸ ਨੂੰ ਬੇਵਕੂਫ਼ ਬਣਾਉਣ ਦੀ ਕੋਸ਼ਿਸ਼ ਕਰ ਰਹੇ ਹਨ? ਜਦਕਿ ਪੰਜਾਬ ਦੇ ਲੋਕਾਂ ਨੇ 2017 ‘ਚ ਸਾਰੇ ਪੰਜਾਬ ਅਤੇ ਪੰਜਾਬੀਆਂ ਦੀ ਅਗਵਾਈ ਕਰਨ ਦਾ ਜ਼ਿੰਮਾ ਬੜੀਆਂ ਉਮੀਦਾਂ ਅਤੇ ਪ੍ਰਚੰਡ ਬਹੁਮਤ ਨਾਲ ਅਮਰਿੰਦਰ ਸਿੰਘ ਨੂੰ ਸੌਂਪਿਆ ਸੀ, ਪਰੰਤੂ ਪੌਣੇ ਚਾਰ ਸਾਲਾਂ ‘ਚ ਅਮਰਿੰਦਰ ਸਿੰਘ ਕਿਸੇ ਇੱਕ ਵੀ ਵਰਗ ਦੀਆਂ ਉਮੀਦਾਂ ‘ਤੇ ਖਰੇ ਨਹੀਂ ਉੱਤਰੇ।

ਧੋਖਾ ਕਰਨ ‘ਚ ਗੁਰੂ ਵੀ ਨਹੀਂ ਬਖ਼ਸ਼ਿਆ ਕਿਉਂਕਿ ਤਖ਼ਤ ਸ੍ਰੀ ਦਮਦਮਾ ਸਾਹਿਬ ਨੂੰ ਹਾਜ਼ਰ-ਨਾਜ਼ਰ ਮੰਨਦਿਆਂ ਸ੍ਰੀ ਗੁਟਕਾ ਸਾਹਿਬ ਦੀ ਸਹੁੰ ਚੁੱਕ ਕੇ ਕੀਤੇ ਵਾਅਦੇ ਵੀ ਨਹੀਂ ਨਿਭਾਏ। ਇਸੇ ਤਰਾਂ ਜਦੋਂ 24 ਜੂਨ ਨੂੰ ਸਰਬ ਪਾਰਟੀ ਬੈਠਕ ਦੌਰਾਨ ਬਾਦਲਾਂ ਨੂੰ ਛੱਡ ਕੇ ਬਾਕੀ ਸਾਰੀਆਂ ਸਿਆਸੀ ਧਿਰਾਂ ਨੇ ਮੁੱਖ ਮੰਤਰੀ ਦੀ ਅਗਵਾਈ ਹੇਠ ਦਿੱਲੀ ਤੱਕ ਜਾਣ ਦੀ ਸਹਿਮਤੀ ਦੇ ਦਿੱਤੀ ਸੀ ਤਾਂ ਤਿੰਨ ਮਹੀਨਿਆਂ ‘ਚ ਅਗਵਾਈ ਕਰਨ ਦੀ ਥਾਂ ਆਪਣੇ ‘ਸ਼ਾਹੀ ਫਾਰਮ-ਹਾਊਸ’ ‘ਚ ਹੀ ਕਿਉਂ ਦੜੇ ਰਹੇ?

- Advertisement -

ਭਗਵੰਤ ਮਾਨ ਨੇ ਕਿਹਾ ਕਿ ਬਾਦਲਾਂ ਵਾਂਗ ਅਮਰਿੰਦਰ ਸਿੰਘ ਵੀ ‘ਡਬਲ ਗੇਮ’ ਖੇਡ ਕੇ ਪੰਜਾਬੀਆਂ ਖਾਸ ਕਰਕੇ ਕਿਸਾਨਾਂ ਨੂੰ ਧੋਖੇ ‘ਚ ਰੱਖ ਰਹੇ ਹਨ। ਹਾਈਪਾਵਰ ਕਮੇਟੀ ਦੌਰਾਨ ਇਨ੍ਹਾਂ ਕਾਲੇ ਕਾਨੂੰਨਾਂ ਨੂੰ ਚੁੱਪ-ਚਾਪ ਸਹਿਮਤੀ ਅਤੇ ਮੌਂਟੇਕ ਸਿੰਘ ਆਹਲੂਵਾਲੀਆ ਕਮੇਟੀ ਦਾ ਗਠਨ ਵਰਗੇ ਫ਼ੈਸਲੇ ਅਮਰਿੰਦਰ ਸਰਕਾਰ ਦੇ ਦੋਗਲੇਪਣ ਨੂੰ ਨੰਗਾ ਕਰ ਰਹੇ ਹਨ। ਇਸ ਲਈ ਨਾ ਤਾਂ ਅਮਰਿੰਦਰ ਸਿੰਘ ਅਗਵਾਈ ਕਰਨ ਦੇ ਯੋਗ ਹਨ ਅਤੇ ਨਾ ਹੀ ਪੰਜਾਬ ਦੇ ਲੋਕਾਂ ਦਾ ਅਮਰਿੰਦਰ ਸਿੰਘ ‘ਤੇ ਕੋਈ ਭਰੋਸਾ ਰਿਹਾ ਹੈ।

Share this Article
Leave a comment