ਭਗਵੰਤ ਮਾਨ ਨੇ ਖੋਲ੍ਹ ‘ਤੇ ਡੇਢ ਦਰਜ਼ਨ ਹਿਰਾਸਤੀ ਮੌਤਾਂ ਤੇ ਆਤਮ ਹੱਤਿਆਵਾਂ ਦੇ ਵੱਡੇ ਰਾਜ਼, ਕਿਹਾ ਨਸ਼ਾ ਤਸਕਰਾਂ ਨੂੰ ਬਚਾਉਣ ਲਈ ਸੋਚੀ ਸਮਝੀ ਸਾਜ਼ਿਸ਼ ਤਹਿਤ ਕੀਤੇ ਗਏ ਹਨ ਇਹ ਕਤਲ

TeamGlobalPunjab
4 Min Read

ਚੰਡੀਗੜ੍ਹ : ਅੰਮ੍ਰਿਤਸਰ ‘ਚ ਨਸ਼ਾ ਤਸਕਰੀ ਦੇ ਜ਼ੁਰਮ ਤਹਿਤ ਫੜੇ ਗਏ ਦੋ ਥਾਣੇਦਾਰਾਂ ਵਿੱਚੋਂ ਇੱਕ ਵੱਲੋਂ ਥਾਣੇ ਅੰਦਰ ਹਿਰਾਸਤ ਦੌਰਾਨ ਸੰਤਰੀ ਦੀ ਬੰਦੂਕ ਖੋਹ ਕੇ ਉਸ ਨਾਲ ਆਤਮ ਹੱਤਿਆ ਕਰ ਲੈਣ ਦੇ ਮਾਮਲੇ ਨੇ ਜ਼ਬਰਦਸਤ ਤੂਲ ਫੜ ਲਈ ਹੈ। ਇਸ ਸਬੰਧੀ ਆਮ ਆਦਮੀ ਪਾਰਟੀ ਦੇ ਪੰਜਾਬ ਪ੍ਰਧਾਨ ਤੇ ਹਲਕਾ ਸੰਗਰੂਰ ਤੋਂ ਸੰਸਦ ਮੈਂਬਰ ਭਗਵੰਤ ਮਾਨ ਨੇ ਕਿਹਾ ਹੈ ਕਿ ਪੰਜਾਬ ‘ਚ ਹੋ ਰਹੀਆਂ ਉਨ੍ਹਾਂ ਮੌਤਾਂ ਦੀ ਉੱਚ ਪੱਧਰੀ  ਸੀਬੀਆਈ ਜਾਂਚ ਕਰਵਾਏ ਜਾਣ ਦੀ ਲੋੜ ਹੈ ਜਿਹੜੀਆਂ ਕਿ ਜਾਂ ਤਾਂ ਭੇਦ ਭਰੇ ਢੰਗ ਨਾਲ ਹੋ ਰਹੀਆਂ ਹਨ ਤੇ ਜਾਂ ਫਿਰ ਮਰਨ ਵਾਲਿਆਂ ਵੱਲੋਂ ਆਤਮ ਹੱਤਿਆਵਾਂ ਕੀਤੀਆਂ ਜਾ ਰਹੀਆਂ ਹਨ। ਇਸ ਸਬੰਧ ਵਿੱਚ ਮੀਡੀਆ ਨੂੰ ਇੱਕ ਲਿਖਤੀ ਬਿਆਨ ਜਾਰੀ ਕਰਦਿਆਂ ਭਗਵੰਤ ਮਾਨ ਨੇ ਦਾਅਵਾ ਕੀਤਾ ਕਿ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਵੱਲੋਂ ਸਾਲ 2017 ਤੋਂ ਸੱਤਾ ਸੰਭਾਲਣ ਤੋਂ ਬਾਅਦ ਪੁਲਿਸ ਹਿਰਾਸਤਾਂ ਅਤੇ ਜੇਲ੍ਹ ਵਿੱਚ ਮਰਨ ਵਾਲਿਆਂ ਦੀ ਗਿਣਤੀ ਲਗਾਤਾਰ ਵਧਦੀ ਜਾ ਰਹੀ ਹੈ। ਜਿਹੜੀ ਕਿ ਹੁਣ ਡੇਢ ਦਰਜ਼ਨ ਦੇ ਕਰੀਬ ਹੋ ਚੁਕੀ ਹੈ। ਉਨ੍ਹਾਂ ਕਿਹਾ ਕਿ ਹਿਰਾਸਤ ਦੌਰਾਨ ਮਰਨ ਵਾਲੇ ਇਹ ਜਿਆਦਾਤਰ ਉਹ ਲੋਕ ਸਨ ਜਿਹੜੇ ਕਿ ਨਸ਼ਾ ਤਸਕਰੀ ਦੇ ਜ਼ੁਰਮਾਂ ਤਹਿਤ ਫੜੇ ਗਏ ਸਨ। ਜਿਸ ਦੀ ਤਾਜ਼ਾ ਮਿਸਾਲ ਅੰਮ੍ਰਿਤਸਰ ਦੇ ਇੱਕ ਥਾਣੇ ਵਿੱਚ ਏਐਸਆਈ ਅਵਤਾਰ ਸਿੰਘ ਵੱਲੋਂ ਆਪਣੇ ਆਪ ਨੂੰ ਹਿਰਾਸਤ ਦੌਰਾਨ ਗੋਲੀ ਮਾਰ ਲੈਣ ਤੋਂ ਮਿਲਦੀ ਹੈ, ਜਿਹੜਾ ਕਿ ਨਸ਼ਾ ਤਸਕਰੀ ਦੇ ਜ਼ੁਰਮ ਵਿੱਚ ਆਪਣੇ ਇੱਕ ਸਾਥੀ ਥਾਣੇਦਾਰ ਜੋਰਾਵਰ ਸਿੰਘ ਨਾਲ 11 ਅਗਸਤ ਨੂੰ ਫੜਿਆ ਗਿਆ ਸੀ ਤੇ  ਕੁਝ ਹੀ ਦੇਰ ਬਾਅਦ ਉਸ ਦੀ ਮੌਤ ਹੋ ਗਈ। ਉਨ੍ਹਾਂ ਕਿਹਾ ਕਿ ਇਹ ਮਾਮਲਿਆਂ ਦੀ ਉੱਚ ਪੱਧਰੀ ਜਾਂਚ ਕਰਵਾਏ ਜਾਣ ਦੀ ਲੋੜ ਹੈ।

ਭਗਵੰਤ ਮਾਨ ਨੇ ਦੋਸ਼ ਲਾਇਆ ਕਿ ਹਿਰਾਸਤ ਦੌਰਾਨ ਹੋ ਰਹੀਆਂ ਇਨ੍ਹਾਂ ਮੌਤਾਂ ਸਬੰਧੀ ਪੁਲਿਸ ਵੱਲੋਂ ਜਿਹੜੀਆਂ ਜਾਣਕਾਰੀਆਂ ਦਿੱਤੀਆਂ ਜਾ ਰਹੀਆਂ ਉਨ੍ਹਾਂ ਦੇ ਤੱਥ ਆਪਸ ਵਿੱਚ ਲਗਭਗ ਮਿਲਦੇ ਜੁਲਦੇ ਹਨ, ਜੋ ਕਿ ਸੱਕ ਦੇ ਬੀਜ਼ ਨੂੰ ਬੀਜਣ ਲਈ ਕਾਫੀ ਹੈ। ਭਗਵੰਤ ਮਾਨ ਨੇ ਇਹ ਕਹਿ ਕੇ ਧਮਾਕਾ ਕਰ ਦਿੱਤਾ ਕਿ ਹਿਰਾਸਤ ਦੌਰਾਨ ਹੋਈਆਂ ਇਹ ਮੌਤਾਂ ਜਾਂ ਆਤਮ ਹੱਤਿਆਵਾਂ ਨਸ਼ਾ ਤਸਕਰਾਂ ਅਤੇ ਰਸੂਖਦਾਰ ਲੋਕਾਂ ਵਿਚਕਾਰਲੀ ਸੰਢ-ਗੰਢ ਦੇ ਰਾਜ਼ ਖੁੱਲ੍ਹਣ ਦੇ ਡਰੋਂ ਸਾਜ਼ਿਸ਼ ਰਚ ਕੇ ਕਰਵਾਏ ਗਏ ਕਤਲ ਹੋ ਸਕਦੇ ਹਨ। ਜਿਸ ਦੀ ਕਿ ਸੀਬੀਆਈ ਵਰਗੀ ਜਾਂਚ ਏਜੰਸੀ ਤੋਂ ਵੱਡੇ ਪੱਧਰ ‘ਤੇ ਜਾਂਚ ਕਰਵਾਏ ਜਾਣ ਦੀ ਲੋੜ ਹੈ। ਇਸ ਮੌਕੇ ਭਗਵੰਤ ਮਾਨ ਨੇ ਅੰਮ੍ਰਿਤਸਰ ਵਾਸੀ ਗੁਰਪਿੰਦਰ ਸਿੰਘ ਨਾਮਕ ਨਮਕ ਵਪਾਰੀ ਦੀ ਹਿਰਾਸਤੀ ਮੌਤ ਉਸ ਵੇਲੇ ਹੋਈ ਜਦੋਂ ਉਸ ‘ਤੇ ਪਾਕਿਸਤਾਨ ‘ਚੋਂ ਅਰਬਾਂ ਰੁਪਏ ਦਾ ਚਿੱਟਾ ਨਮਕ ਦੀਆਂ ਬੋਰੀਆਂ ‘ਚ ਛੁਪਾ ਕੇ ਮੰਗਵਾਉਣ ਦੇ ਦੋਸ਼ ਲੱਗੇ ਤੇ ਉਸ ਨੂੰ ਗ੍ਰਿਫਤਾਰ ਕਰ ਲਿਆ ਗਿਆ। ਉਨ੍ਹਾਂ ਕਿਹਾ ਕਿ ਇਸੇ ਤਰ੍ਹਾਂ ਫ਼ਰੀਦਕੋਟ ਵਾਸੀ ਨਾ ਸਿਰਫ ਜਸਪਾਲ ਸਿੰਘ ਦੀ ਹਿਰਾਸਤ ਦੌਰਾਨ ਮੌਤ ਹੋ ਗਈ ਬਲਕਿ ਉੱਥੋਂ ਦੇ ਸੀਆਈਏ ਸਟਾਫ ਇੰਚਾਰਜ ਨਰਿੰਦਰ ਸਿੰਘ ਵੱਲੋਂ ਵੀ ਆਤਮ ਹੱਤਿਆ ਕਰ ਲੈਣ ਦਾ ਮਾਮਲਾ ਅਜੇ ਤੱਕ ਵੱਡਾ ਸਵਾਲੀਆ ਨਿਸ਼ਾਨ ਬਣਿਆ ਬੈਠਾ ਹੈ। ਮਾਨ ਨੇ ਦਾਅਵਾ ਕੀਤਾ ਕਿ ਕੈਪਟਨ ਅਮਰਿੰਦਰ ਸਿੰਘ ਦੀ ਮੌਜੂਦਾ ਸਰਕਾਰ ਬਣਨ ਤੋਂ ਬਾਅਦ ਲੁਧਿਆਣਾ ਪੁਲਿਸ ਦੀ ਹਿਰਾਸਤ ਵਿੱਚ ਮਰਨ ਜਾਂ ਆਤਮ ਹੱਤਿਆਵਾਂ ਕਰਨ ਦੇ ਮਾਮਲੇ ‘ਚ ਸਭ ਤੋਂ ਜਿਆਦਾ ਪ੍ਰਕਾਸ਼ ਵਿੱਚ ਆਏ ਹਨ।

 

Share this Article
Leave a comment