ਕਿਸਾਨਾਂ ਲਈ ਗੁਣਕਾਰੀ ਜਾਣਕਾਰੀ – ਅਲਸੀ ਦੀ ਤਕਨੀਕੀ ਢੰਗਾਂ ਨਾਲ ਕਾਸ਼ਤ

TeamGlobalPunjab
5 Min Read

-ਹਰਪ੍ਰੀਤ ਸਿੰਘ, ਮਨਦੀਪ ਕੌਰ ਸੈਣੀ ਅਤੇ ਸਤਵਿੰਦਰਜੀਤ ਕੌਰ;

ਅਲਸੀ, ਹਾੜ੍ਹੀ ਦੀਆਂ ਵਧੀਆ ਤੇਲ ਬੀਜ ਫ਼ਸਲਾਂ ਵਿੱਚੋਂ ਇੱਕ ਹੈ ਅਤੇ ਇਸ ਤੋਂ 33-47% ਤੇਲ ਪ੍ਰਾਪਤ ਕੀਤਾ ਜਾ ਸਕਦਾ ਹੈ।ਅਲਸੀ ਦਾ ਤੇਲ ਅਤੇ ਬੀਜ ਔਸ਼ਧਿਕ ਗੁਣਾਂ ਕਰਕੇ ਸਿਹਤ ਲਈ ਬਹੁਤ ਵਧੀਆ ਮੰਨੇ ਜਾਂਦੇ ਹਨ।ਇਸਦਾ ਸੇਵਨ ਵੱਖ-ਵੱਖ ਵਿਅੰਜਨਾਂ ਦੇ ਰੂਪ ਵਿੱਚ ਕੀਤਾ ਜਾਂਦਾ ਹੈ। ਇਸ ਵਿੱਚ ਪਾਏ ਜਾਣ ਵਾਲੇ ਫਾਈਬਰ, ਐਂਟੀ-ਆਕਸੀਡੈਂਟ, ਵਿਟਾਮਨ ਬੀ, ਓਮੇਗਾ 3 ਫੈਟੀ ਐਸਿਡ, ਲੋਹਾ ਅਤੇ ਪ੍ਰੋਟੀਨ ਸਿਹਤ ਲਈ ਬਹੁਤ ਫਾਇਦੇਮੰਦ ਹਨ। ਅਲਸੀ ਦੀ ਕਾਸ਼ਤ ਮੁੱਖ ਤੌਰ ਤੇ ਗੁਰਦਾਸਪੁਰ, ਹੁਸ਼ਿਆਰਪੁਰ ਅਤੇ ਰੂਪਨਗਰ ਜ਼ਿਲ੍ਹਿਆਂ ਵਿੱਚ ਕੀਤੀ ਜਾਂਦੀ ਹੈ।ਅਲਸੀ ਦੀ ਫ਼ਸਲ ਜ਼ਿਆਦਾ ਮੀਂਹ ਵਾਲੇ ਇਲਾਕਿਆਂ ਵਿੱਚ ਚੰਗੀ ਹੁੰਦੀ ਹੈ। ਜੇਕਰ ਇਸ ਫ਼ਸਲ ਦੀ ਕਾਸ਼ਤ ਪੰਜਾਬ ਐਗਰੀਕਲਚਰਲ ਯੂਨੀਵਰਸਿਟੀ ਵੱਲੋਂ ਦੱਸੇ ਉੱਨਤ ਤਕਨੀਕੀ ਢੰਗਾਂ ਨਾਲ ਕੀਤੀ ਜਾਵੇ ਤਾਂ ਇਸ ਫ਼ਸਲ ਤੋਂ ਵਧੀਆ ਝਾੜ ਲਿਆ ਜਾ ਸਕਦਾ ਹੈ।

ਅਲਸੀ ਦੀ ਫ਼ਸਲ ਲਈ ਚੰਗੇ ਜਲ ਨਿਕਾਸ ਵਾਲੀ ਮੈਰਾ ਤੋਂ ਚੀਕਣੀ ਜ਼ਮੀਨ ਲਈ ਢੁੱਕਵੀਂ ਹੈ। ਜੇ ਗੱਲ ਕਰੀਏ ਫ਼ਸਲੀ ਚੱਕਰ ਦੀ ਤਾਂ ਸਾਉਣੀ ਵਿੱਚ ਝੋਨੇ ਤੋਂ ਬਾਅਦ ਅਲਸੀ ਅਕਤੂਬਰ ਦੇ ਪਹਿਲੇ ਪੰਦਰ੍ਹਵਾੜੇ ਵਿੱਚ ਬੀਜੀ ਜਾ ਸਕਦੀ ਹੈ।

ਉੱਨਤ ਕਿਸਮਾਂ: ਪੰਜਾਬ ਵਿੱਚ ਅਲਸੀ ਦੀ ਕਾਸ਼ਤ ਲਈ ਪੰਜਾਬ ਐਗਰੀਕਲਚਰਲ ਯੂਨੀਵਰਸਿਟੀ ਵੱਲੋਂ ਮੁੱਖ ਤੌਰ ਤੇ ਦੋ ਕਿਸਮਾਂ ਦੀ ਸਿਫ਼ਾਰਸ਼ ਕੀਤੀ ਜਾਂਦੀ ਹੈ, ਜਿਨ੍ਹਾਂ ਦਾ ਵੇਰਵਾ ਹੇਠਾਂ ਸਾਰਣੀ ਵਿੱਚ ਦਿੱਤਾ ਗਿਆ ਹੈ:

ਸਾਰਣੀ ਨੰ. 1: ਪੰਜਾਬ ਐਗਰੀਕਲਚਰਲ ਯੂਨੀਵਰਸਿਟੀ ਵੱਲੋਂ ਸਿਫਾਰਸ਼ਸ਼ੁਦਾ ਅਲਸੀ ਦੀਆਂ ਕਿਸਮਾਂ ਦੀ ਵਿਸ਼ੇਸ਼ਤਾ, ਤੇਲ ਦੀ ਮਾਤਰਾ (%), ਪੱਕਣ ਲਈ ਦਿਨ ਅਤੇ ਔਸਤਨ ਝਾੜ (ਕੁ/ਏਕੜ)

ਕਿਸਮ         ਵੇਰਵਾ  ਤੇਲ ਦੀ ਮਾਤਰਾ (%) ਪੱਕਣ ਲਈ ਸਮਾਂ (ਦਿਨ) ਔਸਤਨ ਝਾੜ

(ਕੁ/ਏਕੜ)

ਐਲ ਸੀ 2063 ਇਹ ਭਰਪੂਰ ਸ਼ਾਖਾਵਾਂ ਵਾਲੀ ਲੰਮੀ ਅਤੇ ਨੀਲੇ ਫੁੱਲਾਂ ਵਾਲੀ ਕਿਸਮ ਹੈ। ਇਹ ਕਿਸਮ ਉਖੇੜੇ, ਕੁੰਗੀ ਅਤੇ ਚਿੱਟੇ ਰੋਗ ਦਾ ਟਾਕਰਾ ਕਰਨ ਦੀ ਸਮਰੱਥਾ ਰੱਖਦੀ ਹੈ। ਇਸ ਦੇ ਦਾਣੇ ਚਮਕੀਲੇ ਭੂਰੇ ਅਤੇ ਮੋਟੇ ਹਨ। 38.4 158 4.9

 

ਐਲ ਸੀ 2023 ਇਸ ਦੀ ਸਿਫ਼ਾਰਸ਼ ਬਰਾਨੀ ਅਤੇ ਸੇਂਜੂ ਦੋਹਾਂ ਹਾਲਤਾਂ ਲਈ ਕੀਤੀ ਗਈ ਹੈ। ਇਹ ਕਿਸਮ ਲੰਮੀ, ਨੀਲੇ ਫੁੱਲ ਅਤੇ ਵਧੇਰੇ ਘੁੰਡਰਾਂ ਵਾਲੀ ਹੈ। ਇਸ ਦੇ ਦਾਣੇ ਭੂਰੇ ਰੰਗ ਅਤੇ ਦਰਮਿਆਨੇ ਅਕਾਰ ਦੇ ਹੁੰਦੇ ਹਨ। ਇਸ ਦੀਆਂ ਪੱਤੀਆਂ ਗੂੜ੍ਹੇ ਹਰੇ ਰੰਗ ਦੀਆਂ ਹੁੰਦੀਆਂ ਹਨ। ਇਹ ਕਿਸਮ ਉਖੇੜੇ, ਕੁੰਗੀ ਅਤੇ ਚਿੱਟੇ ਰੋਗ ਦਾ ਟਾਕਰਾ ਕਰਨ ਦੀ ਸਮਰੱਥਾ ਰੱਖਦੀ ਹੈ। 37.4 163

(ਬਰਾਨੀ ਹਾਲਤਾਂ ਵਿੱਚ 158 ਦਿਨ)

4.5

ਖੇਤ ਦੀ ਤਿਆਰੀ: ਕਿਸੇ ਵੀ ਫ਼ਸਲ ਦੀ ਕਾਸ਼ਤ ਵਿੱਚ ਖੇਤ ਦੀ ਤਿਆਰੀ ਅਹਿਮ ਭੂਮਿਕਾ ਨਿਭਾਉਂਦੀ ਹੈ।ਖੇਤ ਨੂੰ ਕਿੰਨੀ ਵਾਰ ਵਾਹੁਣਾ ਹੈ, ਇਹ ਗੱਲ ਖੇਤ ਵਿੱਚ ਉੱਗੇ ਘਾਹ-ਫੂਸ ਤੇ ਨਿਰਭਰ ਕਰਦੀ ਹੈ।

ਬੀਜ ਦੀ ਮਾਤਰਾ ਅਤੇ ਬਿਜਾਈ ਦਾ ਸਮਾਂ: ਬੀਜ ਦੀ ਮਾਤਰਾ ਅਤੇ ਬਿਜਾਈ ਦਾ ਸਮਾਂ ਫ਼ਸਲ ਦੇ ਝਾੜ ਤੇ ਸਿੱਧਾ ਅਸਰ ਪਾਉਂਦੇ ਹਨ। ਅਲਸੀ ਦੀ ਬਿਜਾਈ ਲਈ 15 ਕਿਲੋ ਬੀਜ ਪ੍ਰਤੀ ਏਕੜ ਕਾਫ਼ੀ ਹੁੰਦਾ ਹੈ।ਪੰਜਾਬ ਵਿੱਚ ਅਲਸੀ ਦੀ ਬਿਜਾਈ ਲਈ ਢੁੱਕਵਾਂ ਸਮਾਂ ਅਕਤੂਬਰ ਦਾ ਪਹਿਲਾ ਪੰਦਰ੍ਹਵਾੜਾ ਹੈ।

ਬਿਜਾਈ ਦਾ ਢੰਗ: ਬਿਜਾਈ ਦਾ ਢੰਗ ਫ਼ਸਲ ਉਤਪਾਦਨ ਵਿੱਚ ਮੁੱਖ ਯੋਗਦਾਨ ਪਾਉਂਦਾ ਹੈ।ਅਲਸੀ ਦੀ ਬਿਜਾਈ 23 ਸੈਂਟੀਮੀਟਰ ਦੇ ਫ਼ਾਸਲੇ ਤੇ ਕਤਾਰਾਂ ਵਿੱਚ ਕਰੋ ਅਤੇ ਬੂਟੇ ਤੋਂ ਬੂਟੇ ਦਾ ਫ਼ਾਸਲਾ 7-10 ਸੈਂਟੀਮੀਟਰ ਰੱਖੋ। ਚੰਗਾ ਝਾੜ ਲੈਣ ਲਈ ਬਿਜਾਈ ਡਰਿਲ ਜਾਂ ਪੋਰੇ ਨਾਲ 4-5 ਸੈਂਟੀਮੀਟਰ ਡੂੰਘੀ ਕਰੋ। ਅਲਸੀ ਦੀ ਬਿਜਾਈ ਝੋਨੇ ਦੀ ਕਟਾਈ ਤੋਂ ਬਾਅਦ ਬਿਨਾਂ ਵਹਾਈ ਤੋਂ ਜ਼ੀਰੋ ਟਿਲ ਡਰਿਲ ਨਾਲ ਵੀ ਕੀਤੀ ਜਾ ਸਕਦੀ ਹੈ।

ਖਾਦਾਂ ਦੀ ਵਰਤੋਂ: ਅਲਸੀ ਦੀ ਫ਼ਸਲ ਤੋਂ ਵਧੇਰੇ ਝਾੜ ਲੈਣ ਲਈ ਬਿਜਾਈ ਤੋਂ ਪਹਿਲਾਂ 25 ਕਿਲੋ ਨਾਈਟ੍ਰੋਜਨ (55 ਕਿਲੋ ਯੂਰੀਆ), 16 ਕਿਲੋ ਫ਼ਾਸਫ਼ੋਰਸ (100 ਕਿਲੋ ਸੁਪਰਫ਼ਾਸਫੇਟ) ਬਿਜਾਈ ਵੇਲੇ ਪਾਓ। ਸਾਰੀ ਖਾਦ ਬਿਜਾਈ ਵੇਲੇ ਹੀ ਪਾ ਦਿਉ। ਫ਼ਾਸਫ਼ੋਰਸ ਤੱਤ ਸੁਪਰਫ਼ਾਸਫ਼ੇਟ ਖਾਦ ਰਾਹੀਂ ਪਾਉਣ ਨੂੰ ਹੀ ਤਰਜ਼ੀਹ ਦਿਉ।

ਨਦੀਨਾਂ ਦੀ ਰੋਕਥਾਮ: ਨਦੀਨ ਫ਼ਸਲਾਂ ਨਾਲ ਖੁਰਾਕੀ ਤੱਤਾਂ, ਰੌਸ਼ਨੀ, ਪਾਣੀ ਅਤੇ ਜਗ੍ਹਾ ਲਈ ਮੁਕਾਬਲਾ ਕਰਦੇ ਹਨ ਅਤੇ ਇਸ ਲਈ ਫ਼ਸਲ ਦੇ ਵਾਧੇ ਤੇ ਝਾੜ ਨੂੰ ਬੁਰੀ ਤਰ੍ਹਾਂ ਪ੍ਰਭਾਵਿਤ ਕਰਦੇ ਹਨ। ਇਸ ਲਈ ਨਦੀਨਾਂ ਦੀ ਸੁਚੱਜੇ ਢੰਗ ਨਾਲ ਅਤੇ ਸਹੀ ਸਮੇਂ ਤੇ ਰੋਕਥਾਮ ਕਰਨੀ ਬਹੁਤ ਜ਼ਰੂਰੀ ਹੈ।ਅਲਸੀ ਦੀ ਫ਼ਸਲ ਵਿੱਚੋਂ ਨਦੀਨਾਂ ਦੀ ਰੋਕਥਾਮ ਲਈ ਦੋ ਗੋਡੀਆਂ ਕਰੋ। ਪਹਿਲੀ ਗੋਡੀ ਬਿਜਾਈ ਤੋਂ ਤਿੰਨ ਹਫ਼ਤਿਆਂ ਬਾਅਦ ਅਤੇ ਦੂਜੀ ਗੋਡੀ ਬਿਜਾਈ ਤੋਂ ਛੇ ਹਫ਼ਤਿਆਂ ਬਾਅਦ ਕਰੋ।ਪਹੀਏ ਵਾਲੀ ਸੁਧਰੀ ਤ੍ਰਿਫਾਲੀ ਨਾਲ ਗੋਡੀ ਸਸਤੀ ਪੈਂਦੀ ਹੈ।

ਸਿੰਚਾਈ: ਅਲਸੀ ਦੀ ਫ਼ਸਲ ਨੂੰ ਤਿੰਨ ਤੋਂ ਚਾਰ ਸਿੰਚਾਈਆਂ ਕਾਫ਼ੀ ਹਨ। ਫੁੱਲ ਨਿੱਕਲਣ ਸਮੇਂ ਅਲਸੀ ਨੂੰ ਇੱਕ ਸਿੰਚਾਈ ਦੇਣਾ ਜ਼ਰੂਰੀ ਹੈ।

ਖਾਲਸ ਬੀਜ ਪੈਦਾ ਕਰਨਾ: ਅਲਸੀ ਦਾ ਖਾਲਸ ਬੀਜ ਪੈਦਾ ਕਰਨ ਲਈ ਫ਼ਸਲ ਵਿੱਚੋਂ ਫੁੱਲ ਪੈਣ ਅਤੇ ਕਟਾਈ ਸਮੇਂ ਓਪਰੇ ਬੂਟੇ ਬਾਹਰ ਕੱਢਣੇ ਜ਼ਰੂਰੀ ਹਨ। ਐਲ ਸੀ 2023 ਅਤੇ ਐਲ ਸੀ 2063 ਕਿਸਮਾਂ ਦੇ ਫੁੱਲਾਂ ਦਾ ਰੰਗ ਨੀਲਾ ਹੁੰਦਾ ਹੈ।

ਵਾਢੀ ਅਤੇ ਝੜਾਈ: ਅਲਸੀ ਦੀ ਫ਼ਸਲ ਅਪ੍ਰੈਲ ਦੇ ਮਹੀਨੇ ਵਿੱਚ ਕਟਾਈ ਲਈ ਤਿਆਰ ਹੋ ਜਾਂਦੀ ਹੈ।

ਆਸ ਕਰਦੇ ਹਾਂ ਕਿ ਕਿਸਾਨ ਵੀਰ ਅਲਸੀ ਦੀ ਫ਼ਸਲ ਦੀ ਕਾਸ਼ਤ ਲਈ ਤਕਨੀਕੀ ਢੰਗ ਅਪਣਾ ਕੇ ਵੱਧ ਤੋਂ ਵੱਧ ਝਾੜ ਪ੍ਰਾਪਤ ਕਰ ਸਕਣ।

(ਖੇਤਰੀ ਖੋਜ ਕੇਂਦਰ ਅਤੇ ਕ੍ਰਿਸ਼ੀ ਵਿਗਿਆਨ ਕੇਂਦਰ, ਗੁਰਦਾਸਪੁਰ)

Share This Article
Leave a Comment