ਬਹਿਬਲ ਗੋਲੀਕਾਂਡ ਮਾਮਲਾ : ਸਰਕਾਰੀ ਵਕੀਲ ਦੇ ਤੌਰ ‘ਤੇ ਪੇਸ਼ ਹੋਏ ਆਰ.ਐੱਸ. ਬੈੰਸ, ਬਚਾਅ ਪੱਖ ਨੇ ਜਤਾਇਆ ਇਤਰਾਜ਼

TeamGlobalPunjab
3 Min Read

ਸ਼ਿਵ ਮਿਨਹਾਸ ਦੀ ਰਿਪੋਰਟ :-

ਫਰੀਦਕੋਟ : ਫਰੀਦਕੋਟ ਦੀ ਅਦਾਲਤ ‘ਚ ਮੰਗਲਵਾਰ ਨੂੰ ਬਹਿਬਲਕਲਾਂ ਗੋਲੀਕਾਂਡ ਮਾਮਲੇ ਦੀ ਸੁਣਵਾਈ ਹੋਈ । ਇਸ ਦੌਰਾਨ ਪੰਜਾਬ ਸਰਕਾਰ ਵੱਲੋਂ ਬੇਅਦਬੀ ਮਾਮਲੇ ਅਤੇ ਉਨ੍ਹਾਂ ਨਾਲ ਜੁੜੇ ਗੋਲੀਕਾਂਡ ਮਾਮਲਿਆਂ ਦੀ ਪੈਰਵੀ ਲਈ ਨਿਯੁਕਤ ਕੀਤੇ ਗਏ ਸੀਨੀਅਰ ਵਕੀਲ ਆਰ ਐੱਸ ਬੈੰਸ  ਪੇਸ਼ ਹੋਏ, ਪਰ ਦੂਜੇ ਪਾਸੇ ਬਚਾਅ ਪੱਖ ਦੇ ਵਕੀਲਾਂ ਵੱਲੋਂ ਬੈਂਸ ਦੇ ਪਬਲਿਕ ਪ੍ਰਾਸੀਕਿਊਟਰ ਦੇ ਤੌਰ ‘ਤੇ ਪੇਸ਼ ਹੋਣ ਤੇ ਅਦਾਲਤ ‘ਚ ਇਤਰਾਜ਼ ਜਤਾਇਆ ਗਿਆ।

ਜਦਕਿ ਦੂਜੇ ਪਾਸੇ ਸਰਕਾਰੀ ਵਕੀਲ ਆਰ.ਐੱਸ. ਬੈੰਸ ਨੇ ਕਿਹਾ ਕਿ ਅੱਜ ਅਦਾਲਤ ‘ਚ ਉਨ੍ਹਾਂ ਦੀ ਹਾਜ਼ਰੀ ‘ਤੇ ਬਚਾਅ ਪੱਖ ਵੱਲੋਂ ਇਤਰਾਜ਼ ਉਠਾਏ ਗਏ ਸਨ, ਜੋ ਕਿ ਉਨ੍ਹਾਂ ਦਾ ਹੱਕ ਹੈ, ਪਰ ਅਦਾਲਤ ਕੋਲ ਪੂਰੇ ਅਧਿਕਾਰ ਹਨ । ਉਨ੍ਹਾਂ ਕਿਹਾ ਕਿ ਅਦਾਲਤ ‘ਚ ਬਚਾਅ ਪੱਖ ਵੱਲੋਂ ਅਰਜ਼ੀ ਦਾਇਰ ਕਰ ਚਲਾਨ ਦੀਆਂ ਕੁਝ ਕਾਪੀਆਂ ਮੁਹੱਈਆ ਕਰਵਾਉਣ ਦੀ ਮੰਗ ਕੀਤੀ ਗਈ ਸੀ, ਜਿਸ ‘ਤੇ ਅਦਾਲਤ ਵੱਲੋਂ ਉਨ੍ਹਾਂ ਨੂੰ ਕਾਪੀਆਂ ਮੁਹੱਈਆ ਕਰਵਾਈਆਂ ਗਈਆਂ ਹਨ।

- Advertisement -

ਬੈਂਸ ਨੇ ਕਿਹਾ ਕਿ ਆਰੋਪੀ ਰਸੂਖ਼ ਵਰਤ ਕੇ ਅਜਿਹੀਆਂ ਅਰਜ਼ੀਆਂ ਲਗਾ ਕੇ ਕੇਸ ਨੂੰ ਲੰਬਾ ਖਿੱਚਣਾ ਚਾਹੁੰਦੇ ਹਨ, ਕਿਉਕਿ ਹੁਣ ਤੱਕ ਇਸ ਮਾਮਲੇ ‘ਚ 42 ਸੁਨਵਾਈਆਂ ਹੋਣ ਦੇ ਬਾਵਜੂਦ ਵੀ ਹਾਲੇ ਤੱਕ ਆਰੋਪ ਤੈਅ ਨਹੀ ਹੋ ਸਕੇ । ਬੈਂਸ ਨੇ ਕਿਹਾ ਕਿ ਅੱਜ ਉਨ੍ਹਾਂ ਦਾ ਆਉਣ ਦਾ ਮਕਸਦ ਇਹੋ ਸੀ ਕਿ ਅਦਾਲਤ ਚ ਬੇਨਤੀ ਕਰ ਇਸ ਮਾਮਲੇ ਦੀ ਸੁਣਵਾਈ ‘ਚ ਤੇਜ਼ੀ ਲਿਆਂਦੀ ਜਾਵੇ ਕਿਉਂਕਿ ਇਸ ਮਾਮਲੇ ਨਾਲ ਲੱਖਾਂ ਲੋਕਾਂ ਦੀਆਂ ਭਾਵਨਾਵਾਂ ਜੁੜੀਆਂ ਹਨ, ਇਸ ਲਈ ਸੱਚਾਈ ਸਭ ਦੇ ਸਾਹਮਣੇ ਆਣੀ ਜਰੂਰੀ ਹੈ।

ਉਨ੍ਹਾਂ ਕਿਹਾ ਕਿ ਹਾਲੇ ਤੱਕ ਉਨ੍ਹਾਂ ਨੂੰ ਚਾਰ ਕੇਸਾਂ ਜਿਨ੍ਹਾਂ ‘ਚ ਦੋ ਕੋਟਕਪੂਰਾ ਅਤੇ ਦੋ ਥਾਣਾ ਬਾਜਾਖਾਨਾ ਰਜਿਸਟਰ ਨੇ ਉਨਾਂ ਦੀ ਪੈਰਵੀ ਲਈ ਆਏ ਹਨ। ਕੋਟਕਪੂਰਾ ਗੋਲੀਕਾਂਡ ਮਾਮਲੇ ‘ਚ ਵੀ ਉਨ੍ਹਾਂ ਕਿਹਾ ਕਿ 7 ਨਵੰਬਰ ਨੂੰ ‘ਨਵੀਂ ਸਿੱਟ’ ਵੱਲੋਂ ਜਾਂਚ ਦੇ ਛੇ ਮਹੀਨੇ ਪੂਰੇ ਹੋਣ ਜਾ ਰਹੇ ਹਨ ਉਮੀਦ ਹੈ ‘ਨਵੀ ਸਿੱਟ’ ਆਪਣੀ ਰਿਪੋਰਟ ਅਦਾਲਤ ਚ ਜਲਦ ਪੇਸ਼ ਕਰੇਗੀ।

ਦੂਜੇ ਪਾਸੇ ਬਹਿਬਲ ਗੋਲੀਕਾਂਡ ਮਾਮਲੇ ਦੇ ਆਰੋਪੀ ਸਾਬਕਾ ਐਸ.ਐਸ.ਪੀ. ਮੋਗਾ ਚਰਨਜੀਤ ਸ਼ਰਮਾ ਦੇ ਵਕੀਲ ਐਚ.ਐਸ. ਸੈਣੀ ਨੇ ਕਿਹਾ ਕਿ ਅੱਜ ਐਡਵੋਕੇਟ ਆਰ.ਐਸ.ਬੈੰਸ ਸੁਣਵਾਈ ਦੌਰਾਨ ਪੇਸ਼ ਹੋਏ ਸਨ, ਜਿਨਾਂ ‘ਤੇ ਅਸੀਂ ਇਤਰਾਜ਼ ਜਤਾਇਆ ਹੈ ਕਿ ਉਹ ਅਦਾਲਤ ‘ਚ ਸੁਣਵਾਈ ਦੌਰਾਨ ਪਬਲਿਕ ਪਰੋਸਿਕਿਊਟਰ ਦੇ ਤੌਰ ‘ਤੇ ਮਾਮਲੇ ਦੀ ਪੈਰਵੀ ਨਹੀਂ ਕਰ ਸਕਦੇ, ਕਿਉਂਕਿ ਪਹਿਲਾਂ ਹੀ ਉਨ੍ਹਾਂ ਵੱਲੋਂ 129 ਨੰਬਰ FIR ਜੋ ਕੋਟਕਪੂਰਾ ਦਰਜ਼ ਹੈ, ਵਿੱਚ ਸ਼ਿਕਾਇਤਕਰਤਾ ਵੱਲੋਂ ਹਾਈਕੋਰਟ ‘ਚ ਕੇਸ ਦੀ ਪੈਰਵੀ ਕਰ ਰਹੇ ਹਨ,  ਇਸ ਲਈ ਉਹ ਇਸ ਮਾਮਲੇ ‘ਚ ਸਰਕਾਰੀ ਵਕੀਲ ਦੇ ਤੌਰ ‘ਤੇ ਪੈਰਵੀ ਨਹੀਂ ਕਰ ਸਕਦੇ। ਉਨ੍ਹਾਂ ਕਿਹਾ ਕਿ ਅੱਜ ਅਦਾਲਤ ‘ਚ ਸਾਡੇ ਵੱਲੋਂ ਅਰਜ਼ੀ ਲਗਾ ਕੇ ਚਲਾਣ ਦੀਆਂ ਕੁਝ ਕਾਪੀਆਂ ਜੋ ਰਹਿ ਗਈਆਂ ਸਨ ਉਨ੍ਹਾਂ ਨੂੰ ਮੁਹੱਈਆ ਕਰਵਾਉਣ ਦੀ ਅਪੀਲ ਕੀਤੀ ਸੀ, ਜੋ ਹੁਣ ਸਾਨੂੰ ਮਿਲ ਚੁੱਕੀਆਂ ਹਨ ।

Share this Article
Leave a comment