Home / ਓਪੀਨੀਅਨ / ਬੇਗਮ ਪੁਰਾ ਸਹਰ ਕੋ ਨਾਉ॥ ਦੁਖੁ ਅੰਦੋਹੁ ਨਹੀ ਤਿਹਿ ਠਾਉ॥

ਬੇਗਮ ਪੁਰਾ ਸਹਰ ਕੋ ਨਾਉ॥ ਦੁਖੁ ਅੰਦੋਹੁ ਨਹੀ ਤਿਹਿ ਠਾਉ॥

-ਡਾ. ਚਰਨਜੀਤ ਸਿੰਘ ਗੁਮਟਾਲਾ

ਭਗਤ ਰਵਿਦਾਸ ਜੀ ਭਗਤੀ ਲਹਿਰ ਦੇ ਪ੍ਰਮੁੱਖ ਸੰਤਾਂ ਵਿੱਚੋਂ ਇੱਕ ਸਨ। ਉਹ ਭਾਵੇਂ ਅਖੌਤੀ ਸ਼ੂਦਰ ਵਰਗ ਵਿੱਚੋਂ ਸਨ, ਪਰ ਉਹ ਉੱਚ ਕੋਟੀ ਦੇ ਸੰਤ ਸਨ, ਜਿਨ੍ਹਾਂ ਨੇ ਸਮੁੱਚੀ ਮਾਨਵਤਾ ਲਈ ਬਾਣੀ ਰਚੀ। ਰਾਮਾਨੰਦ ਜੀ ਤੇ ਵਲਭਾਚਾਰੀਆ ਨੇ ਜਿਸ ਭਗਤੀ ਲਹਿਰ ਦਾ ਮੁੱਢ ਬੰਨ੍ਹਿਆ, ਉਸ ਨੂੰ ਭਗਤ ਰਵਿਦਾਸ ਜੀ, ਭਗਤ ਕਬੀਰ ਜੀ, ਭਗਤ ਨਾਮਦੇਵ ਜੀ ਆਦਿ ਭਗਤਾਂ ਨੇ ਅੱਗੋਂ ਤੋਰਿਆ ਤੇ ਸ੍ਰੀ ਗੁਰੂ ਨਾਨਕ ਦੇਵ ਜੀ ਨੇ ਸਿਖਰ ‘ਤੇ ਪਹੁੰਚਾਇਆ। ਆਪ ਜੀ ਨੇ ਮਾਘ ਸੁਦੀ 15 ਬਿਕ੍ਰਮੀ ਸੰਮਤ 1433( 2 ਜਨਵਰੀ 1377 ਈ.) ਨੂੰ ਅਵਤਾਰ ਧਾਰਿਆ। ਆਪ ਜੀ ਦੇ ਪਿਤਾ ਦਾ ਨਾਂ ਸ੍ਰੀ ਸੰਤੋਖ ਦਾਸ ਮਾਤਾ ਜੀ ਦਾ ਨਾਂ ਬੀਬੀ ਕਲਸੀ ਦੇਵੀ ਸੀ, ਜੋ ਬਨਾਰਸ ਦੇ ਨਜ਼ਦੀਕ ਪਿੰਡ ਸੀਰ ਗੋਵਰਧਨ ਵਿਖੇ ਰਹਿੰਦੇ ਸਨ। ਆਪ ਜੀ ਦਾ ਵਿਆਹ 12-13 ਸਾਲ ਦੀ ਉਮਰ ਵਿੱਚ ਬੀਬੀ ਲੋਨਾ ਨਾਲ ਹੋਇਆ। ਆਪ ਜੀ ਨੇ ਕੋਈ ਗੁਰੂ ਧਾਰਨ ਨਹੀਂ ਕੀਤਾ। ਇਸ ਲਈ ਆਪ ਜੀ ਨੂੰ ਪ੍ਰਮਾਤਮਾ ਦਾ ਭਗਤ ਮੰਨਿਆ ਜਾਂਦਾ ਹੈ। ਆਪ ਜੀ ਦੇ ਸਮੇਂ ਸਮਾਜ ਜਾਤ-ਪਾਤ ਵਿੱਚ ਵੰਡਿਆ ਹੋਇਆ ਸੀ ਤੇ ਪੜ੍ਹਨ-ਪੜ੍ਹਾਉਣ ਤੇ ਪੂਜਾ ਪਾਠ ਦਾ ਹੱਕ ਕੇਵਲ ਉੱਚੀ ਜਾਤਾਂ ਵਾਲਿਆਂ ਨੂੰ ਸੀ, ਇਸ ਲਈ ਆਪ ਜੀ ਨੇ ਕਿਸੇ ਆਸ਼ਰਮ ਵਿੱਚ ਵਿੱਦਿਆ ਪ੍ਰਾਪਤ ਨਹੀਂ ਸੀ ਕੀਤੀ। ਪਰ ਉਨ੍ਹਾਂ ਦੀ ਬਾਣੀ ਵਿੱਚੋਂ ਵੇਦਾਂ, ਪੁਰਾਣਾਂ, ਸਿਮ੍ਰਤੀਆਂ, ਪੌਰਾਣਿਕ ਅਤੇ ਇਤਿਹਾਸਿਕ ਅਤੇ ਮਿਥਿਆਸਕ ਘਟਨਾਵਾਂ ਦੇ ਹਵਾਲੇ ਮਿਲਦੇ ਹਨ, ਜਿਸ ਤੋਂ ਪਤਾ ਲੱਗਦਾ ਹੈ ਕਿ ਆਪ ਬਹੁਤ ਹੀ ਗਿਆਨਵਾਨ ਅਤੇ ਅਨੁਭਵੀ ਸ਼ਖਸੀਅਤ ਦੇ ਮਾਲਕ ਸਨ। ਆਪ ਜੀ ਨੇੇ ਪਿਤਾ-ਪੁਰਖੀ ਕਿੱਤਾ ਢੇਰ ਢੋਣਾ, ਜੁੱਤੀਆਂ ਗੰਢਣਾਂ ਅਪਣਾਇਆ, ਜਿਸ ਦੀ ਗਵਾਹੀ ਆਪ ਜੀ ਦੀ ਬਾਣੀ ਵਿੱਚੋਂ ਮਿਲਦੀ ਹੈ :- ਚਮਰਟਾ ਗਾਂਠਿ ਨ ਜਨਈ॥ ਲੋਗੁ ਗਠਾਵੈ ਪਨਹੀ॥ ॥ਰਹਾਉ॥ ਮੇਰੀ ਜਾਤਿ ਕੁਟ ਬਾਂਢਲਾ ਢੋਰ ਢੋਵੰਤਾ ਨਿਤਹਿ ਬਨਾਰਸੀ ਆਸਾ ਪਾਸਾ॥

ਭਾਈ ਗੁਰਦਾਸ ਜੀ ਨੇ ਦਸਵੀਂ ਵਾਰ ਜਿੱਥੇ ਆਪ ਜੀ ਦੀ ਉਸਤਤ ਕੀਤੀ ਹੈ, ਉੱਥੇ ਆਪ ਜੀ ਦੇ ਪੇਸ਼ੇ ਬਾਰੇ ਵੀ ਲਿਖਿਆ :-

ਭਗਤ ਭਗਤ ਜਗਿ ਵਜਿਆ ਚਹੁ ਚਕਾਂ ਦੇ ਵਿੱਚ ਚਮਰੇਟਾ, ਪਾਣਾ ਗੰਢੇ ਰਾਹ ਵਿਚਿ ਕੁਲਾ ਧਰਮ ਢੋਇ, ਢੋਰ ਸਮੇਟਾ।

ਹੋਰਨਾਂ ਭਗਤਾਂ ਵਾਂਗ ਆਪ ਜੀ ਨੇ ਅੰਧੇਰੇ ਵਿੱਚ ਭਟਕ ਰਹੀ ਲੋਕਾਈ ਨੂੰ ਗਿਆਨ ਦਾ ਚਾਨਣ ਵੰਡਣ ਲਈ ਬਿਹਾਰ, ਮਹਾਂਰਾਸ਼ਟਰ, ਮੱਧ ਪ੍ਰਦੇਸ਼, ਗੁਜ਼ਰਾਤ, ਰਾਜਸਥਾਨ ਤੇ ਹੋਰ ਪ੍ਰਦੇਸਾਂ ਦੀ ਯਾਤਰਾ ਕੀਤੀ। ਆਪ ਜੀ ਦੇ 40 ਪਦੇ ਸ੍ਰੀ ਗੁਰੂ ਗ੍ਰੰਥ ਸਾਹਿਬ ਵਿੱਚ ਦਰਜ਼ ਹਨ ਜੋ ਕਿ 16 ਰਾਗਾਂ ਵਿੱਚ ਹਨ। ਇਨ੍ਹਾਂ ਤੋਂ ਇਲਾਵਾ ਆਪ ਜੀ ਦੁਆਰਾ ਰਚੀ ਬਾਣੀ ਦੇ ਹੱਥ ਲਿਖਤ ਖਰੜੇ ਅਤੇ ਪ੍ਰਕਾਸ਼ਿਤ ਪੁਸਤਕਾਂ ਦੀ ਸੂਚੀ ਗੁਰੂ ਨਾਨਕ ਦੇਵ ਯੂਨੀਵਰਸਿਟੀ ਵੱਲੋਂ ਪ੍ਰਕਾਸ਼ਿਤ ਪੁਸਤਕ ‘ਭਗਤ ਰਵਿਦਾਸ ਸ੍ਰੋਤ ਪੁਸਤਕ’ ਤੋਂ ਵੇਖੀ ਜਾ ਸਕਦੀ ਹੈ। ਆਪ ਇੱਕ ਤੀਖਣ ਬੁੱਧੀ ਦੇ ਮਾਲਕ ਸਨ। ਆਪ ਜੀ ਨੇ ਸਾਦਗੀ ਭਰੀ ਜ਼ਿੰਦਗੀ ਬਤੀਤ ਕੀਤੀ ਤੇ ਹੱਥੀਂ ਕਿਰਤ ਕਰਕੇ ਨਿਰਬਾਹ ਕੀਤਾ। ਆਪ ਨਿਰਗੁਣ ਬ੍ਰਹਮ ਦੇ ਉਪਾਸ਼ਕ ਸਨ। ਆਪ ਜੀ ਨੇ ਬ੍ਰਹਮ ਨੂੰ ਓਅੰਕਾਰ ਰੂਪ ਵਿੱਚ ਚਿਤਰਿਆ ਹੈ ਜਿਸ ਦਾ ਤਿੰਨ ਲੋਕਾਂ ਵਿੱਚ ਵਾਸਾ ਹੈ :-

ਬਟਕ ਬੀਜ ਜੈਸਾ ਓਅੰਕਾਰ॥ ਪਸਰਿਯੋ ਤੀਨ ਲੋਕ ਵਿਸਤਾਰ॥ ਅਖਰ ਅਨਾਦਿ ਏਕ ਉਂਕਾਰਾ॥ ਤੀਨ ਲੋਕ ਜਿਨ ਕਿਆ ਪਸਾਰਾ॥

ਇਹ ਬ੍ਰਹਮ ਮਾਇਆ ਰਹਿਤ ਹੈ, ਜਿਸ ਦਾ ਕੋਈ ਸਰੂਪ ਨਹੀਂ ਤੇ ਨਾ ਹੀ ਕੋਈ ਜਾਤਿ ਹੈ। ਉਸ ਨੂੰ ਸਿਮਰਨ ਕਰਕੇ ਗੁਰੂ ਦੀ ਕ੍ਰਿਪਾ ਨਾਲ ਹੀ ਪ੍ਰਾਪਤ ਕੀਤਾ ਜਾ ਸਕਦਾ ਹੈ :- ਤੂੰ ਸਰਗੁਣ ਨਿਗੁਣ ਨਿਰਾਮਈ ਨਿਰਵਿਕਾਰ॥ ਹਰਿ ਅੰਜਨ ਨਿਰੰਜਨ ਬਿਮਲ ਅਪ੍ਰਮੇਵ॥

ਕਹਿ ਰਵਿਦਾਸ ਨਿਰੰਜਨ ਧਯਾਊਂ॥ ਗੁਰ ਪ੍ਰਸਾਦਿ ਨਿਰੰਜਨ ਪਾਵਉ॥

ਭਗਤ ਰਵਿਦਾਸ ਜੀ ਬ੍ਰਹਮ ਨੂੰ ਇਸ ਸੰਸਾਰ ਦਾ ਕਰਤਾ ਮੰਨਦੇ ਹਨ, ਜੋ ਸਾਰਿਆ ਵਿੱਚ ਵੱਸ ਰਿਹਾ ਹੈ :-

ਬਹੁ ਬਿਧਿ ਨਰਮ ਨਿਰੂਪੀਐ ਕਰਤਾ ਦੀਸੈ ਸਭ ਲੋਇ॥ ਸਰਬੈ ਏਕੁ ਅਨੇਕੈ ਸੁਆਮੀ ਸਭ ਘਟ ਭੋਗਵੈ ਸੋਈ॥

ਪ੍ਰਮਾਤਮਾ ਇੱਕ ਹੀ ਹੈ ਜੋ ਅਨੇਕਾਂ ਰੂਪਾਂ ਵਿੱਚ ਇਸ ਸੰਸਾਰ ਵਿੱਚ ਵਿਚਰ ਰਿਹਾ ਹੈ :-

ਏਕ ਹੀ ਏਕ ਅਨੇਕ ਹੋਇ ਬਿਸਥਰਿਓ ਆਨ ਰੇ ਆਨ ਭਰਪੂਰਿ ਸੋਊ॥

ਇਹ ਜਗਤ ਸਤਿ ਵੀ ਹੈ ਤੇ ਅਸਤਿ ਵੀ।ਪ੍ਰਮਾਤਮਾ ਦੀ ਕਿਰਤ ਹੋਣ ਕਰਕੇ ਜਗਤ ਸਤਿ ਹੈ। ਇਸ ਜਗਤ ਦੀ ਹਰ ਚੀਜ਼ ਨਾਸ਼ਮਾਨ ਹੈ, ਇਸ ਲਈ ਇਹ ਜਗਤ ਅਸਤਿ ਹੈ। ਬਗਤ ਰਵਿਦਾਸ ਜਗਤ ਨੂੰ ਫ਼ਾਨੀ ਦਰਸਾਉਂਦੇ ਹੋਏ ਲਿਖਦੇ ਹਨ :-

ਜੋ ਦਿਨ ਆਵਹਿ ਸੋ ਦਿਨ ਜਾਹੀ॥ ਕਰਨਾ ਕੂਚੁ ਰਹਨੁ ਥਿਰੁ ਨਾਹੀ॥ ਸੰਗੁ ਚਲਤ ਹੈ ਹਮ ਭੀ ਚਲਨਾ॥ ਦੂਰਿ ਗਵਨੁ ਸਿਰ ਊਪਰਿ ਮਰਨਾ ॥1॥ ਕਿਆ ਤੂ ਸੋਇਆ ਜਾਗੁ ਇਆਨਾ॥ ਤੈ ਜੀਵਨੁ ਜਗਿ ਸਚੁ ਕਰਿ ਜਾਨਾ॥1॥ ਰਹਾਉ॥…. ਕਹਿ ਰਵਿਦਾਸ ਨਿਦਾਨਿ ਦਿਵਾਨੇ॥ ਚੇਤਸਿ ਨਾਹੀ ਦੁਨੀਆ ਫਨ ਖਾਨੇ॥

ਇਸ ਜਗਤ ਵਿੱਚ ਜੋ ਦਿਸ ਰਿਹਾ ਹੈ, ਸਭ ਨਾਸ਼ਮਾਨ ਹੈ। ਉਹ ਲਿਖਦੇ ਹਨ : ਬਿਨ ਦੇਖੈ ਉਪਜੈ ਨਹੀ ਆਸਾ॥ ਜੋ ਦੀਜੈ ਸੋ ਹੋਇ ਬਿਨਾਸਾ॥

ਭਗਤ ਰਵਿਦਾਸ ਜੀ ਅਨੁਸਾਰ ਇਸ ਜਗਤ ਦਾ ਰੰਗ ਕਸੁੰਭੜੇ ਵਾਂਗ ਕੱਚਾ ਭਾਵ ਅਸਥਿਰ ਹੈ ਜਦ ਕਿ ਪ੍ਰਮਾਤਮਾ ਮਜੀਠ ਦੇ ਰੰਗ ਵਾਂਗ ਪੱਕਾ ਜਾਂ ਸਥਿਰ ਹੈ :-

ਜੈਸਾ ਰੰਗੁ ਕਸੁੰਭ ਕਾ ਤੈਸਾ ਇਹੁ ਸੰਸਾਰੁ॥ ਮੇਰੇ ਰਮਈਏ ਰੰਗੁ ਮਜੀਠ ਕਾ ਕਹੁ ਰਵਿਦਾਸ ਚਮਾਰ॥

ਰਵਿਦਾਸ ਜੀ ਨੇ ਇਸ ਜਗਤ ਨੂੰ ਬਾਜ਼ੀ ਤੇ ਪ੍ਰਮਾਤਮਾ ਨੂੰ ਬਾਜ਼ੀਗਰ ਦੀ ਸੰਗਿਆ ਦਿੱਤੀ ਹੈ। ਇਹ ਸੰਸਾਰ ਬਾਜ਼ੀਗਰ ਰੂਪੀ ਪ੍ਰਮਾਤਮਾ ਦੀ ਬਾਜ਼ੀ ਭਾਵ ਖੇਡ ਹੈ :-

ਕਹਿ ਰਵਿਦਾਸ ਬਾਜੀ ਜਗੁ ਭਾਈ॥ ਬਾਜੀਗਰ ਸਉ ਮੋਹਿ ਪ੍ਰੀਤਿ ਬਨਿ ਆਈ॥

ਆਪ ਪ੍ਰਮਾਤਮਾ ਨੂੰ ਸਰਬ-ਵਿਆਪਕ ਮੰਨਦੇ ਹਨ, ਜੋ ਅਨੇਕ ਰੂਪ ਬਣਾ ਕੇ ਸਾਰਿਆ ਵਿੱਚ ਵਸਦਾ ਹੈ। ਜੋ ਕੁਝ ਵੀ ਹੋ ਰਿਹਾ ਹੈ, ਉਸ ਦੀ ਰਜਾ ਵਿੱਚ ਹੋ ਰਿਹਾ ਹੈ :-

ਸਰਬੈ ਏਕ ਅਨੇਕੈ ਸੁਆਮੀ, ਸਭ ਘਟ ਭੂਗਾਵੈ ਸੋਈ॥ ਕਹਿ ਰਵਿਦਾਸ ਹਾਥ ਪੈ ਨੇਰੈ ਸਹਜੇ ਹੋਇ ਸੁ ਹੋਈ॥

ਇਸ ਤਰ੍ਹਾਂ ਆਪ ਨਿਰਗੁਣ ਧਾਰਾ ਦੇ ਸੰਤ ਕਵੀ ਸਨ, ਜਿਨ੍ਹਾਂ ਨੇ ਪੂਰਵ ਪ੍ਰਚਲਿਤ ਦਾਰਸ਼ਨਿਕ ਮਾਨਤਾਵਾਂ ਨੂੰ ਆਪਣੇ ਅਨੁਭਵ ਅਨੁਸਾਰ ਮੌਲਿਕ ਰੂਪ ਵਿੱਚ ਪੇਸ਼ ਕੀਤਾ। ਆਪ ਜੀ ਦਾ ਸੰਦੇਸ਼ ਜਨ-ਸਾਧਾਰਨ ਜਨਤਾ ਲਈ ਸੀ, ਜੋ ਅਖੌਤੀ ਭੇਖੀਆਂ, ਅੰਧ-ਵਿਸ਼ਵਾਸੀਆਂ ਤੇ ਧਰਮ ਦੇ ਠੇਕੇਦਾਰਾਂ ਦੀ ਘਿਰਣਾ ਦਾ ਸ਼ਿਕਾਰ ਸੀ।

ਆਪ ਜੀ ਨੇ ਉਸ ਸਮੇਂ ਪ੍ਰਚਲਿਤ ਕਰਮ ਕਾਂਡਾਂ ਦੀ ਥਾਂ ‘ਤੇ ਭਗਤੀ ਮਾਰਗ ਨੂੰ ਸਰਵ ਸ੍ਰੇਸ਼ਟ ਦੱਸਿਆ। ਤੀਰਥ ਇਸ਼ਨਾਨ ਨੂੰ ਹਾਥੀ ਦੇ ਇਸ਼ਨਾਨ ਵਾਂਗ ਬਾਹਰਮੁੱਖੀ ਕਰਾਰ ਦਿੱਤਾ। ਆਪ ਜੀ ਦੇ ਅਨੁਸਾਰ ਲੋਕ ਆਪਣੇ ਵੱਲੋਂ ਸੁੱਚਾ ਜਲ, ਦੁੱਧ, ਫਲ ਆਦਿ ਵਸਤੂਆਂ ਨਾਲ ਦੇਵੀ ਦੇਵਤਿਆਂ ਦੀ ਪੂਜਾ ਕਰਕੇ, ਉਨ੍ਹਾਂ ਨੂੰ ਪ੍ਰਸੰਨ ਕਰਨ ਦਾ ਯਤਨ ਕਰਦੇ ਹਨ ਪਰ ਇਹ ਵਸਤੂਆਂ ਪਹਿਲਾਂ ਹੀ ਜੂਠੀਆਂ ਹੁੰਦੀਆਂ ਹਨ। ਦੁੱਧ ਵੱਛੇ ਦੇ ਥਣਾਂ ਤੋਂ ਜੂਠਾ ਕੀਤਾ ਹੁੰਦਾ ਹੈ, ਫੁੱਲ ਭੋਰੇ ਨੇ ਜੂਠੇ ਕੀਤੇ ਹੁੰਦੇ ਹਨ ਤੇ ਜਲ ਮੱਛਲੀ ਨੇ ਖ਼ਰਾਬ ਕੀਤਾ ਹੁੰਦਾ ਹੈ। ਇਸ ਲਈ ਇਹ ਵਸਤੂਆਂ ਭੇਂਟ ਕਰਨ ਯੋਗ ਨਹੀਂ। ਪੂਜਾ ਦੀਆਂ ਬਾਕੀ ਵਸਤੂਆਂ ਚੰਦਨ, ਧੁਪ, ਦੀਪ, ਨੈਵੇਦਾ ਵੀ ਜੂਠੀਆਂ ਹੁੰਦੀਆਂ ਹਨ। ਚੰਦਨ ਦੇ ਬੂਟੇ ਨੂੰ ਸੱਪ ਚੰਬੜੇ ਹੁੰਦੇ ਹਨ। ਧੁਪ, ਦੀਪ ਤੇ ਨੈਵੇਦਾ ਸੁਗੰਧੀ ਆ ਜਾਣ ਕਰਕੇ ਜੂਠੇ ਹੁੰਦੇ ਹਨ। ਪੂਜਾ ਸਮੇਂ ਦੇਵਤਿਆਂ ਦੀ ਮੂਰਤੀਆਂ ਅੱਗੇ ਆਰਤੀ ਕੀਤੀ ਜਾਂਦੀ ਹੈ। ਇਸ ਕਰਮ-ਕਾਂਡ ਨੂੰ ਆਪ ਜੀ ਨੇ ਅਪ੍ਰਵਾਨ ਕੀਤਾ ਹੈ ਤੇ ਕਿਹਾ ਕਿ ਅਸਲ ਆਰਤੀ ਪ੍ਰਮਾਤਮਾ ਦਾ ਨਾਮ ਹੈ। ਰਾਗ ਧਨਾਸਰੀ ਵਿੱਚ ਉਚਾਰੇ ਸ਼ਬਦ ਤੋਂ ਆਪ ਜੀ ਦੀ ਭਗਤੀ ਸ਼ਪੱਸ਼ਟ ਹੋ ਜਾਂਦੀ ਹੈ। ਆਪ ਜੀ ਅਨੁਸਾਰ ਪ੍ਰਮਾਤਮਾ ਦਾ ਨਾਮ ਹੀ ਆਰਤੀ ਹੈ। ਹਰਿ ਦੇ ਬਿਨਾਂ ਸਾਰੇ ਅਡੰਬਰ ਕੂੜੇ ਹਨ :-

 

ਨਾਮ ਤੈਰੋ ਆਰਤੀ ਮਜਨੁ ਮੁਰਾਰੇ॥ ਹਰਿ ਕੇ ਨਾਮ ਬਿਨੁ ਝੈਠੇ ਸਗਲ ਪਸਾਰੇ॥

ਇਸ ਸ਼ਬਦ ਦੇ ਅੰਤ ਵਿੱਚ ਕਹਿੰਦੇ ਹਨ ਕਿ ਹੇ ਪ੍ਰਭੂ! ਤੇਰਾ ਨਾਮ ਹੀ ਮੇਰੇ ਲਈ ਤੇਰੀ ਆਰਤੀ ਹੈ ਤੇ ਸਦਾ ਕਾਇਮ ਰਹਿਣ ਵਾਲੇ ਨਾਮ ਦਾ ਹੀ ਭੋਗ ਮੈਂ ਤੈਨੂੰ ਲਾਉਂਦਾ ਹਾਂ :-

ਕਹੈ ਰਵਿਦਾਸ ਨਾਮ ਤੇਰੋ ਆਰਤੀ॥ ਸਤਿ ਨਾਮੁ ਹੈ ਹਰਿ ਭੋਗ ਤੁਹਾਰੈ॥4॥3॥

ਆਪ ਮੂਰਤੀ ਪੂਜਾ ਦੇ ਵਿਰੁੱਧ ਸਨ। ਆਪ ਜੀ ਅਨੁਸਾਰ ਸਿਮਰਨ ਕਰਨ ਨਾਲ ਹੀ ਮੁਕਤੀ ਮਿਲਦੀ ਹੈ ਤੇ ਨਰਕ ਤੋਂ ਛੁਟਕਾਰਾ ਮਿਲਦਾ ਹੈ। ਆਪ ਜੀ ਸੰਸਾਰਕ ਝਮੇਲਿਆਂ ਵਿੱਚੋਂ ਨਿਕਲ ਕੇ ਐਸੀ ਦੁਨੀਆਂ ਵਿੱਚ ਜਾਣਾ ਲੋਚਦੇ ਹਨ, ਜਿਸ ਨੂੰ ਆਪ ਜੀ ਬੇਗਮਪੁਰਾ ਕਹਿੰਦੇ ਹਨ, ਜਿਥੇ ਨਾ ਕੋਈ ਦੁੱਖ ਹੈ, ਨਾ ਚਿੰਤਾ ਹੈ ਅਤੇ ਨਾ ਹੀ ਕੋਈ ਘਬਰਾਹਟ ਹੈ। ਉੱਥੇ ਦੁਨੀਆਂ ਵਾਲੀ ਜਾਇਦਾਦ ਨਹੀਂ ਅਤੇ ਨਾ ਹੀ ਉਸ ਜਾਇਦਾਦ ਨੂੰ ਕੋਈ ਮਸੂਲ ਹੈ। ਉਸ ਅਵਸਥਾ ਵਿੱਚ ਪਾਪ ਕਰਨ ਦਾ ਕੋਈ ਖ਼ਤਰਾ ਨਹੀਂ, ਕੋਈ ਡਰ ਨਹੀਂ, ਕੋਈ ਗਿਰਾਵਟ ਨਹੀਂ :-

ਬੇਗਮ ਪੁਰਾ ਸਹਰ ਕੋ ਨਾਉ॥ ਦੁਖੁ ਅੰਦੋਹੁ ਨਹੀ ਤਿਹਿ ਠਾਉ॥ ਨਾਂ ਤਸਵੀਸ ਖਿਰਾਜੁ ਨ ਮਾਲੁ॥ ਖਉਫੁ ਨ ਖਤਾ ਨਾ ਤਰਸੁ ਜਵਾਲੁ॥

ਆਪ 151 ਸਾਲ ਦੀ ਆਯੂ ਭੋਗ ਕੇ 1528 ਈ. ਅਰਥਾਤ 1583 ਬਿਕਰਮੀ ਵਿੱਚ ਪ੍ਰਲੋਕ ਸੁਧਾਰ ਗਏ।

ਸੰਪਰਕ :919417533060 ਈ ਮੇਲ : gumtalacs@gmail.com

Check Also

ਕਿਸਾਨਾਂ ਲਈ ਮੁੱਲਵਾਨ ਜਾਣਕਾਰੀ: ਅੰਗੂਰਾਂ ਵਿੱਚ ਚੈਫਰ ਬੀਟਲ ਦਾ ਸਰਵ-ਪੱਖੀ ਪ੍ਰਬੰਧ

  -ਸੰਦੀਪ ਸਿੰਘ   ਚੈਫਰ ਬੀਟਲ/ਕੋਕਚੈਫਰ ਬੀਟਲ ਜਾਂ ਚਿੱਟਾ ਸੁੰਡ ਮਿੱਟੀ ਵਿੱਚ ਰਹਿਣ ਵਾਲਾ ਬਹੁ–ਪੱਖੀ …

Leave a Reply

Your email address will not be published. Required fields are marked *