ਮੁੱਖ ਮੰਤਰੀ ਚੰਨੀ ਵੱਲੋਂ ਚੋਟੀ ਦੇ ਸਨਅਤਕਾਰਾਂ ਨੂੰ ਸੂਬੇ ‘ਚ ਨਿਵੇਸ਼ ਲਈ ਸਾਜ਼ਗਾਰ ਮਾਹੌਲ ਦਾ ਭਰੋਸਾ

TeamGlobalPunjab
4 Min Read

ਐਸ.ਏ.ਐਸ. ਨਗਰ : ਦੇਸ਼-ਵਿਦੇਸ਼ ਦੇ ਸਨਅਤੀ ਦਿੱਗਜ਼ਾਂ ਨੂੰ ਸੂਬੇ ਵਿਚ ਨਿਵੇਸ਼ ਲਈ ਸਾਜ਼ਗਾਰ ਮਾਹੌਲ ਮੁਹੱਈਆ ਕਰਵਾਉਣ ਦਾ ਭਰੋਸਾ ਦਿੰਦੇ ਹੋਏ ਪੰਜਾਬ ਦੇ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਨੇ ਅੱਜ ਉਦਯੋਗਿਕ ਖੇਤਰ ਲਈ ਉਨ੍ਹਾਂ ਦੀ ਸਰਕਾਰ ਵੱਲੋਂ ਅਸਲ ਮਦਦਗਾਰ ਅਤੇ ਸਹਿਯੋਗੀ ਵਜੋਂ ਆਪਣੀ ਭੂਮਿਕਾ ਨਿਭਾਉਣ ਦੀ ਦ੍ਰਿੜ ਵਚਨਬੱਧਤਾ ਦੁਹਰਾਈ। ਇਸ ਦੇ ਨਾਲ ਹੀ ਮੁੱਖ ਮੰਤਰੀ ਨੇ ਸਪੱਸ਼ਟ ਤੌਰ ਉਤੇ ਕਿਹਾ ਕਿ ਉਨ੍ਹਾਂ ਦੀ ਸਰਕਾਰ ਸਿਆਸੀ ਜਾਂ ਅਫਸਰਸ਼ਾਹੀ ਦੇ ਪੱਧਰ ਉਤੇ ਕਿਸੇ ਤਰ੍ਹਾਂ ਦੇ ਭ੍ਰਿਸ਼ਟਾਚਾਰ, ਨਾਕਾਰਤਮਕ ਰਵੱਈਏ, ਰੁਕਾਵਟਾਂ ਖੜ੍ਹੀਆਂ ਕਰਨ ਅਤੇ ਅਵੇਸਲਾਪਣ ਅਪਣਾਏ ਜਾਣ ਵਾਲਿਆਂ ਪ੍ਰਤੀ ਕੋਈ ਲਿਹਾਜ਼ ਨਹੀਂ ਵਰਤੇਗੀ।

ਅੱਜ ਇੱਥੇ ਭਾਰਤੀ ਸਕੂਲ ਆਫ ਬਿਜ਼ਨਸ ਵਿਖੇ ਚੌਥੇ ਪ੍ਰਗਤੀਸ਼ੀਲ ਨਿਵੇਸ਼ ਸੰਮੇਲਨ ਦੇ ਦੇਸ਼-ਵਿਦੇਸ਼ੀ ਤੋਂ ਵਰਚੂਅਲ ਤੌਰ ਉਤੇ ਉੱਦਮੀਆਂ ਦੀ ਸ਼ਮੂਲੀਅਤ ਵਾਲੇ ਸੈਸ਼ਨ ਦੌਰਾਨ ਆਪਣੇ ਸੰਬਧੋਨ ਵਿਚ ਮੁੱਖ ਮੰਤਰੀ ਨੇ ਕਿਹਾ ਕਿ ਸਨਅਤਕਾਰਾਂ ਦੀ ਉਮੀਦਾਂ ਉਤੇ ਪੰਜਾਬ ਖਰਾ ਉਤਰੇਗਾ ਕਿਉਂ ਜੋ ਸੂਬਾ, ਮੁਲਕ ਵਿਚ ਕਾਰੋਬਾਰ ਕਰਨ ਦਾ ਸਭ ਤੋਂ ਬਿਹਤਰ ਸਥਾਨ ਹੈ।

26 ਤੇ 27 ਅਕਤੂਬਰ, 2021 ਦੇ ਦੋ ਰੋਜ਼ਾ ‘ਪ੍ਰਗਤੀਸ਼ੀਲ ਪੰਜਾਬ ਨਿਵੇਸ਼ ਸੰਮੇਲਨ’ ਦੇ ਪਹਿਲੇ ਦਿਨ ਸ਼ਾਮਲ ਹੋਏ ਉੱਘੇ ਉਦਯੋਗਪਤੀਆਂ ਦਾ ਧੰਨਵਾਦ ਕਰਦੇ ਹੋਏ ਮੁੱਖ ਮੰਤਰੀ ਨੇ ਕਿਹਾ ਕਿ ਵੱਖ-ਵੱਖ ਸਨਅਤਕਾਰਾਂ ਦੇ ਕੀਮਤੀ ਸੁਝਾਵਾਂ ਮੁਤਾਬਕ ਸੂਬਾ ਸਰਕਾਰ ਆਪਣੀ ਮੌਜੂਦਾ ਉਦਯੋਗਿਕ ਨੀਤੀ ਵਿਚ ਲੋੜੀਂਦੀਆਂ ਸੋਧਾਂ ਕਰਕੇ ਇਸ ਨੂੰ ਹੋਰ ਵੀ ਨਿਵੇਸ਼ ਪੱਖੀ ਬਣਾਏਗੀ।

ਮੁੱਖ ਮੰਤਰੀ ਨੇ ਅੱਗੇ ਕਿਹਾ ਕਿ ਉਹ ਬਹੁਤ ਹੀ ਸਧਾਰਨ ਪਿਛੋਕੜ ਤੋਂ ਆਏ ਹਨ ਅਤੇ ਉਹ ਖੁਦ ਵੀ ਆਮ ਵਿਅਕਤੀ ਨੂੰ ਦਰਪੇਸ਼ ਰੋਜ਼ਮੱਰਾ ਦੀਆਂ ਚੁਣੌਤੀਆਂ ਵਿੱਚੋਂ ਗੁਜ਼ਰਦੇ ਰਹੇ ਹਨ ਜਿਸ ਕਰਕੇ ਉਹ ਸਮੱਸਿਆਵਾਂ ਤੋਂ ਭਲੀ-ਭਾਂਤ ਵਾਕਫ਼ ਹਨ। ਚੰਨੀ ਨੇ ਕਿਹਾ, “ਮੈਂ ਪੰਜਾਬ ਦੇ ਨੌਜਵਾਨਾਂ ਨੂੰ ਵੱਡੀਆਂ ਮੰਜ਼ਿਲਾਂ ਛੂਹ ਲੈਣ ਦੇ ਸੁਪਨੇ ਸੰਜੋਦੇ ਹੋਏ ਦੇਖਿਆ ਹੈ ਅਤੇ ਮੈਂ ਇਨ੍ਹਾਂ ਦੇ ਸੁਪਨੇ ਸਾਕਾਰ ਕਰਨ ਪ੍ਰਤੀ ਵਚਨਬੱਧ ਹਾਂ ਅਤੇ ਤੁਹਾਡੇ ਸਹਿਯੋਗ ਤੋਂ ਬਿਨਾਂ ਇਨ੍ਹਾਂ ਨੂੰ ਪੂਰਾ ਨਹੀਂ ਕੀਤਾ ਜਾ ਸਕਦਾ।” ਉਨ੍ਹਾਂ ਨੇ ਉਦਯੋਗਪਤੀਆਂ ਨੂੰ ਸਮਾਜ ਵਿਚ ਅਰਥਚਾਰੇ ਦੇ ਅਹਿਮ ਸਿਰਜਕ ਅਤੇ ਮੌਕਿਆਂ ਦਾ ਸਰੋਤ ਕਰਾਰ ਦਿੱਤਾ ਤਾਂ ਕਿ ਸੂਬੇ ਦੇ ਨੌਜਵਾਨ ਆਪਣੀਆਂ ਖਾਹਿਸ਼ਾਂ ਦੀ ਪੂਰਤੀ ਕਰ ਸਕਣ।

- Advertisement -

ਉਦਯੋਗਿਕ ਦਿੱਗਜ਼ਾਂ ਨੂੰ ਸੱਦੇ ਦਿੰਦੇ ਹੋਏ ਚੰਨੀ ਨੇ ਕਿਹਾ, “ਤੁਹਾਡੇ ਕੋਲ ਪੂੰਜੀ ਹੈ, ਤੁਸੀਂ ਜ਼ੋਖਮ ਉਠਾਉਣ ਦੀ ਸਮਰੱਥਾ ਰੱਖਦੇ ਹੋਏ ਅਤੇ ਤੁਹਾਡੇ ਕੋਲ ਕਾਰੋਬਾਰ ਕਰਨ ਦੀਆਂ ਯੋਜਨਾਵਾਂ ਹਨ। ਮੇਰੇ ਕੋਲ ਇੱਛਾ ਸ਼ਕਤੀ ਹੈ, ਮੈਂ ਇਰਾਦਾ ਧਾਰਿਆ ਹੋਇਆ ਹੈ ਅਤੇ ਮੈਂ ਵਚਨਬੱਧ ਹਾਂ। ਮੈਂ ਅੱਜ ਤਹਾਡੇ ਨਾਲ ਇਹ ਵਾਅਦਾ ਵੀ ਕਰਦਾ ਹਾਂ ਕਿ ਸਾਡੀ ਸਰਕਾਰ ਇਹ ਨਜ਼ਰ ਰੱਖਣ ਲਈ ਤਹਾਡੇ ਨਾਲ ਕਦਮ ਨਾਲ ਕਦਮ ਮਿਲਾ ਕੇ ਚੱਲੇਗੀ ਕਿ ਸਰਕਾਰ ਵੱਲੋਂ ਕੋਈ ਵੀ ਤੁਹਾਡੀ ਰਫ਼ਤਾਰ ਜਾਂ ਯੋਜਨਾਵਾਂ ਵਿਚ ਅੜਿੱਕੇ ਪੈਦਾ ਨਾ ਕਰੇ। ਆਓ, ਰਲ ਕੇ ਤੁਹਾਡੀ ਅਤੇ ਸਰਕਾਰ ਦੀ ਅਸਲ ਸਮਰੱਥਾ ਅਨੁਸਾਰ ਨਤੀਜੇ ਦੇਈਏ।

ਆਓ, ਦੁਵੱਲੇ ਵਿਕਾਸ ਤੇ ਤਰੱਕੀ ਲਈ ਇਕਜੁਟ ਹੋ ਕੇ ਕੰਮ ਕਰੀਏ।” ਚੰਨੀ ਨੇ ਸਿੱਧੇ ਵਿਦੇਸ਼ੀ ਨਿਵੇਸ਼ ਨੂੰ ਆਕਰਸ਼ਿਤ ਕਰਨ ਲਈ ਪੰਜਾਬ ਨੂੰ ਮੁਲਕ ਦੇ ਸਿਖਰਲੇ 10 ਸੂਬਿਆਂ ਵਿੱਚੋਂ ਸਿਖਰਲੇ 5 ਵਿਚ ਸ਼ੁਮਾਰ ਕਰਨ ਦੀ ਮਨਸ਼ਾ ਜ਼ਾਹਰ ਕੀਤੀ। ਉਨ੍ਹਾਂ ਕਿਹਾ ਕਿ ਸੂਬੇ ਵੱਲੋਂ ‘ਸਨਅਤ ਲਾਓ ਤੇ ਚਲਾਓ’ ਦੀ ਸਹੂਲਤ ਨਾਲ ਲੈਸ 6000 ਏਕੜ ਦੀ ਲੈਂਡ ਬੈਂਕ ਵਿਕਸਤ ਕੀਤੀ ਗਈ ਹੈ ਅਤੇ ਸਨਅਤ ਦੀ ਸਰਗਰਮ ਭਾਈਵਾਲੀ ਨਾਲ ਹੁਨਰ ਵਿਕਾਸ ਦੀ ਕਾਰਗਾਰ ਪ੍ਰਣਾਲੀ ਸਿਰਜੀ ਗਈ ਹੈ। ਪੰਜਾਬ ਹੁਨਰ ਵਿਕਾਸ ਮਿਸ਼ਨ ਦੀ ਵੀ ਕਾਇਆ ਕਲਪ ਕੀਤੀ ਜਾ ਚੁੱਕੀ ਹੈ ਤਾਂ ਕਿ ਉਦਯੋਗ ਲਈ ਭਵਿੱਖਮੁਖੀ ਹੁਨਰ ਪੈਦਾ ਕੀਤਾ ਜਾ ਸਕੇ।

ਮੁੱਖ ਮੰਤਰੀ ਨੇ ਦੇਸ਼ ਦੀਆਂ ਚੋਟੀ ਦੀਆਂ ਕੰਪਨੀਆਂ ਜਿਨ੍ਹਾਂ ਵਿੱਚ ਹੁਸ਼ਿਆਰਪੁਰ ਵਿਖੇ ਜਾਪਾਨੀ ਸਹਿਯੋਗ ਯਾਨਮਾਰ ਇੰਡੀਆ ਨਾਲ ਇੰਟਰਨੈਸ਼ਨਲ ਟਰੈਕਟਰਜ਼ ਲਿਮਟਿਡ, ਨਿੱਜੀ ਖੇਤਰ ਵਿੱਚ ਭਾਰਤ ਦੀ ਸਭ ਤੋਂ ਵੱਡੀ ਪੈਟਰੋਲੀਅਮ ਰਿਫਾਇਨਰੀ- ਐਚ.ਐਮ.ਈ.ਐਲ, ਬਠਿੰਡਾ, ਕਪੂਰਥਲਾ ਵਿਖੇ ਆਈ.ਟੀ.ਸੀਜ਼ ਦੀ ਉੱਤਰੀ ਭਾਰਤ ਦੀ ਸਭ ਤੋਂ ਵੱਡੀ ਫੂਡ ਪ੍ਰੋਸੈਸਿੰਗ ਯੂਨਿਟ, ਆਰਤੀ ਸਟੀਲ-ਈ.ਵੀ. ਜਾਇੰਟ ਟੈਸਲਾ ਦੀ ਆਲਮੀ ਚੇਨ ਦਾ ਹਿੱਸਾ, ਟੋਨਸਾ (ਮੋਹਾਲੀ) ਵਿਖੇ ਸਨ ਫਾਰਮਾਸਿਊਟੀਕਲ ਸਹੂਲਤਾਂ, ਬਰਨਾਲਾ ਵਿਖੇ ਟ੍ਰਾਈਡੈਂਟ ਯੂਨਿਟ ਅਤੇ ਹੀਰੋ ਸਾਈਕਲਜ਼ ਸ਼ਾਮਲ ਹਨ, ਵੱਲੋਂ ਸੂਬੇ ਦੇ ਉਦਯੋਗਿਕ ਵਿਕਾਸ ਵਿੱਚ ਪਾਏ ਅਥਾਹ ਯੋਗਦਾਨ `ਤੇ ਚਾਨਣਾ ਪਾਇਆ। ਚੰਨੀ ਨੇ ਕਿਹਾ ਕਿ ਇਹ ਸਭ ਕੁਝ ਸੂਬੇ ਵਿੱਚ ਸੁਖਾਵੇਂ ਮਾਹੌਲ ਤੋਂ ਬਿਨਾਂ ਸੰਭਵ ਨਹੀਂ ਸੀ।

Share this Article
Leave a comment