ਵਾਸ਼ਿੰਗਟਨ: ਅਮਰੀਕਾ ਦੇ ਸਾਬਕਾ ਰਾਸ਼ਟਰਪਤੀ ਬਰਾਕ ਓਬਾਮਾ ਇਨ੍ਹੀਂ ਦਿਨੀਂ ਆਪਣੀ ਕਿਤਾਬ ‘ਏ ਪ੍ਰੌਮਿਜ਼ਡ ਲੈਂਡ’ ਨੂੰ ਲੈ ਕੇ ਚਰਚਾ ਵਿੱਚ ਹਨ। ਇਸ ਕਿਤਾਬ ਵਿੱਚ ਅਜਿਹੇ ਕਈ ਸੰਦਰਭ ਅਤੇ ਸਖ਼ਸ਼ੀਅਤਾਂ ਦਾ ਜ਼ਿਕਰ ਹੈ ਜਿਸ ਵਜ੍ਹਾ ਕਾਰਨ ਲਾਂਚਿੰਗ ਤੋਂ ਪਹਿਲਾਂ ਹੀ ਇਹ ਕਿਤਾਬ ਦੁਨੀਆਂ ਭਰ ਵਿਚ ਕਾਫੀ ਚਰਚਾ ਵਿੱਚ ਰਹੀ ਹੈ। ਹੁਣ ਇਸ ਕਿਤਾਬ ਤੋਂ ਇਹ ਪਤਾ ਲੱਗਿਆ ਹੈ ਕਿ ਬਚਪਨ ਵਿੱਚ ਬਰਾਕ ਓਬਾਮਾ ਮਹਾਂਭਾਰਤ ਅਤੇ ਰਾਮਾਇਣ ਸੁਣਿਆ ਕਰਦੇ ਸਨ।
ਅਮਰੀਕਾ ਦੇ ਸਾਬਕਾ ਰਾਸ਼ਟਰਪਤੀ ਬਰਾਕ ਓਬਾਮਾ ਨੇ ਕਿਹਾ ਕਿ ਉਹ ਬਚਪਨ ਵਿੱਚ ਇੰਡੋਨੇਸ਼ੀਆ ਵਿੱਚ ਬਿਤਾਏ ਸਾਲਾਂ ਦੌਰਾਨ ਰਾਮਾਇਣ ਅਤੇ ਮਹਾਂਭਾਰਤ ਦੀਆਂ ਕਥਾਵਾਂ ਸੁਣਿਆ ਕਰਦੇ ਸਨ। ਇਸ ਲਈ ਉਨ੍ਹਾਂ ਦੇ ਮਨ ਵਿੱਚ ਭਾਰਤ ਲਈ ਹਮੇਸ਼ਾ ਵਿਸ਼ੇਸ਼ ਸਥਾਨ ਰਿਹਾ ਹੈ।
ਬਰਾਕ ਓਬਾਮਾ ਨੇ ‘ਏ ਪ੍ਰੌਮਿਜ਼ਡ ਲੈਂਡ’ ਨਾਮਕ ਆਪਣੀ ਕਿਤਾਬ ਵਿਚ ਭਾਰਤ ਦੇ ਪ੍ਰਤੀ ਖਿੱਚ ਦੇ ਵਾਰੇ ਲਿਖਿਆ ਹੈ। ਉਨ੍ਹਾਂ ਨੇ ਕਿਹਾ ਹੋ ਸਕਦਾ ਹੈ ਕਿ ਇਹ ਉਸਦਾ (ਭਾਰਤ) ਸਰੂਪ ਹੈ (ਜੋ ਆਕਰਸ਼ਿਤ ਕਰਦਾ ਹੈ), ਜਿੱਥੇ ਦੁਨੀਆ ਦੀ ਜਨਸੰਖਿਆ ਦਾ ਛੇਵਾਂ ਹਿੱਸਾ ਰਹਿੰਦਾ ਹੈ। ਜਿੱਥੇ ਲਗਭਗ ਦੋ ਹਜ਼ਾਰ ਵੱਖ-ਵੱਖ ਜਾਤੀ ਭਾਈਚਾਰੇ ਰਹਿੰਦੇ ਹਨ, ਜਿੱਥੇ 700 ਤੋਂ ਜ਼ਿਆਦਾ ਭਾਸ਼ਾਵਾਂ ਬੋਲੀਆਂ ਜਾਂਦੀਆਂ ਹਨ। ਓਬਾਮਾ ਨੇ ਦੱਸਿਆ ਕਿ ਉਨ੍ਹਾਂ ਨੇ 2010 ਵਿੱਚ ਰਾਸ਼ਟਰਪਤੀ ਵਜੋਂ ਭਾਰਤ ਦੀ ਯਾਤਰਾ ਕੀਤੀ ਸੀ ਅਤੇ ਉਹ ਇਸ ਤੋਂ ਪਹਿਲਾਂ ਕਦੇ ਭਾਰਤ ਨਹੀਂ ਗਏ ਸਨ ਪਰ ਇਸ ਦੇਸ਼ ਦਾ ਮੇਰੀ ਕਲਪਨਾ ਵਿੱਚ ਹਮੇਸ਼ਾਂ ਸਥਾਨ ਰਿਹਾ।
ਓਬਾਮਾ ਨੇ ਕਿਹਾ ਇਸ ਦਾ ਕਾਰਨ ਇਹ ਵੀ ਹੋ ਸਕਦਾ ਹੈ ਕਿ ਇੰਡੋਨੇਸ਼ੀਆ ਵਿੱਚ ਆਪਣੇ ਬਚਪਨ ਦਾ ਕੁਝ ਹਿੱਸਾ ਮੈਂ ਰਾਮਾਇਣ ਅਤੇ ਮਹਾਂਭਾਰਤ ਦੀਆਂ ਕਥਾਵਾਂ ਸੁਣਦੇ ਹੋਏ ਬਿਤਾਇਆ ਜਾਂ ਇਸ ਦਾ ਕਾਰਨ ਪੂਰਬੀ ਧਰਮਾਂ ਵਿੱਚ ਮੇਰੀ ਰੁਚੀ ਹੋ ਸਕਦੀ ਹੈ ਜਾਂ ਇਸ ਦਾ ਕਾਰਨ ਕਾਲਜ ਵਿਚ ਮੇਰੇ ਪਾਕਿਸਤਾਨੀ ਅਤੇ ਭਾਰਤੀ ਦੋਸਤਾਂ ਦਾ ਗਰੁੱਪ ਹੈ। ਜਿਨ੍ਹਾਂ ਨੇ ਮੈਨੂੰ ਦਾਲ ਅਤੇ ਕੀਮਾ ਬਣਾਉਣਾ ਸਿਖਾਇਆ ਅਤੇ ਮੈਨੂੰ ਬਾਲੀਵੁੱਡ ਦੀਆਂ ਫਿਲਮਾਂ ਦਿਖਾਈਆਂ।