Shabad Vichaar 62-ਸਲੋਕ ੬ ਤੇ ੯ ਦੀ ਵਿਚਾਰ

TeamGlobalPunjab
4 Min Read

ਨੌਵੇਂ ਮਹਲੇ ਦੇ 57 ਸਲੋਕਾਂ ਦੀ ਲੜੀਵਾਰ ਵਿਚਾਰ – ShabadVichaar -62

ਸਲੋਕ ਤੇ ਦੀ ਵਿਚਾਰ

ਡਾ. ਗੁਰਦੇਵ ਸਿੰਘ*

ਸੰਸਾਰ ਵਿੱਚ ਰਹਿੰਦਿਆ ਮਨੁੱਖ ਨੂੰ ਕਈ ਤਰ੍ਹਾਂ ਦੇ ਡਰ ਸਤਾਉਂਦੇ ਰਹਿੰਦੇ ਹਨ। ਕਈ ਤਰ੍ਹਾਂ ਦੇ ਦੁੱਖ ਮਨੁੱਖ ਨੂੰ ਲੱਗੇ ਰਹਿੰਦੇ ਹਨ ਜਿੰਨ੍ਹਾਂ ਤੋਂ ਨਿਜਾਤ ਪਾਉਂਣ ਲਈ ਉਹ ਕਈ ਉਪਾਵ ਵੀ ਕਰਦਾ ਹੈ। ਅਕਸਰ ਮਨੁੱਖ ਉਹ ਕੰਮ ਨਹੀਂ ਕਰਦਾ ਜਿਸ ਤੋਂ ਉਸ ਦੇ ਇਹਨ੍ਹਾਂ ਰੋਗਾਂ ਜਾਂ ਡਰਾਂ ਦਾ ਪੱਕਾ ਹੱਲ ਹੁੰਦਾ ਹੈ ਸਗੋਂ ਭਟਕਣਾ ਵਿੱਚ ਹੀ ਫਸਿਆ ਰਹਿੰਦਾ ਹੈ। ਗੁਰਬਾਣੀ ਮਨੁੱਖ ਨੂੰ ਇਨ੍ਹਾਂ ਸਮਸਿਆਵਾਂ ਦਾ ਸਹੀ ਰਸਤਾ ਦਰਸਾਉਂਦੀ ਹੈ।

ਨੌਵੇਂ ਮਹਲੇ ਦੇ 400 ਸਾਲਾ ਪ੍ਰਕਾਸ਼ ਪੁਰਬ ਨੂੰ ਸਮਰਪਿਤ ਸ਼ਬਦ ਵਿਚਾਰ ਦੀ ਲੜੀ ਅਧੀਨ ਅਸੀਂ ਅੱਜ ਨੌਵੇਂ ਮਹਲੇ ਦੇ 57 ਸਲੋਕਾਂ ਵਿਚਲੇ 6, 7,8 ਤੇ 9 ਨੰਬਰ ਸਲੋਕਾਂ ਦੀ ਵਿਚਾਰ ਕਰਾਂਗੇ। ਇਨ੍ਹਾਂ ਸਲੋਕਾਂ ਵਿੱਚ ਗੁਰੂ ਜੀ ਮਨੁੱਖ ਦੇ ਸਾਰੇ ਰੋਗਾਂ ਤੇ ਹਰ ਤਰ੍ਹਾਂ ਦੇ ਡਰ ਦਾ ਅਸਾਨ ਉਪਾਅ ਦਸਦੇ ਹਨ:

- Advertisement -

ਪਤਿਤ ਉਧਾਰਨ ਭੈ ਹਰਨ ਹਰਿ ਅਨਾਥ ਕੇ ਨਾਥ ॥

ਕਹੁ ਨਾਨਕ ਤਿਹ ਜਾਨੀਐ ਸਦਾ ਬਸਤੁ ਤੁਮ ਸਾਥਿ ॥੬॥

ਹੇ ਨਾਨਕ! ਆਖ– (ਹੇ ਭਾਈ!) ਪ੍ਰਭੂ ਜੀ ਵਿਕਾਰੀਆਂ ਨੂੰ ਵਿਕਾਰਾਂ ਤੋਂ ਬਚਾਣ ਵਾਲੇ ਹਨ, ਸਾਰੇ ਡਰ ਦੂਰ ਕਰਨ ਵਾਲੇ ਹਨ, ਅਤੇ ਨਿਖਸਮਿਆਂ ਦੇ ਖਸਮ ਹਨ। ਹੇ ਭਾਈ! ਉਸ (ਪ੍ਰਭੂ) ਨੂੰ (ਇਉਂ) ਸਮਝਣਾ ਚਾਹੀਦਾ ਹੈ ਕਿ ਉਹ ਸਦਾ ਤੇਰੇ ਨਾਲ ਵੱਸਦਾ ਹੈ।6।

ਤਨੁ ਧਨੁ ਜਿਹ ਤੋ ਕਉ ਦੀਓ ਤਾਂ ਸਿਉ ਨੇਹੁ ਨ ਕੀਨ॥

ਕਹੁ ਨਾਨਕ ਨਰ ਬਾਵਰੇ ਅਬ ਕਿਉ ਡੋਲਤ ਦੀਨ॥੭॥

- Advertisement -

ਹੇ ਨਾਨਕ! ਆਖ– ਹੇ ਝੱਲੇ ਮਨੁੱਖ! ਜਿਸ (ਪਰਮਾਤਮਾ) ਨੇ ਤੈਨੂੰ ਸਰੀਰ ਦਿੱਤਾ, ਧਨ ਦਿੱਤਾ, ਤੂੰ ਉਸ ਨਾਲ ਪਿਆਰ ਨਾਹ ਪਾਇਆ। ਫਿਰ ਹੁਣ ਆਤੁਰ ਹੋ ਕੇ ਘਬਰਾਇਆ ਕਿਉਂ ਫਿਰਦਾ ਹੈਂ (ਭਾਵ, ਉਸ ਹਰੀ ਨੂੰ ਯਾਦ ਕਰਨ ਤੋਂ ਬਿਨਾ ਘਬਰਾਣਾ ਤਾਂ ਹੋਇਆ ਹੀ) ।7।

ਤਨੁ ਧਨੁ ਸੰਪੈ ਸੁਖ ਦੀਓ ਅਰੁ ਜਿਹ ਨੀਕੇ ਧਾਮ॥

ਕਹੁ ਨਾਨਕ ਸੁਨੁ ਰੇ ਮਨਾ ਸਿਮਰਤ ਕਾਹਿ ਨ ਰਾਮੁ ॥੮॥

ਹੇ ਨਾਨਕ! ਆਖ– ਹੇ ਮਨ! ਸੁਣ, ਜਿਸ (ਪਰਮਾਤਮਾ) ਨੇ ਸਰੀਰ ਦਿੱਤਾ, ਧਨ ਦਿੱਤਾ, ਜਾਇਦਾਦ ਦਿੱਤੀ, ਸੁਖ ਦਿੱਤੇ ਅਤੇ ਸੋਹਣੇ ਘਰ ਦਿੱਤੇ, ਉਸ ਪਰਮਾਤਮਾ ਦਾ ਤੂੰ ਸਿਮਰਨ ਕਿਉਂ ਨਹੀਂ ਕਰਦਾ?।8।

ਸਭ ਸੁਖ ਦਾਤਾ ਰਾਮੁ ਹੈ ਦੂਸਰ ਨਾਹਿਨ ਕੋਇ ॥

ਕਹੁ ਨਾਨਕ ਸੁਨਿ ਰੇ ਮਨਾ ਤਿਹ ਸਿਮਰਤ ਗਤਿ ਹੋਇ ॥੯॥

ਹੇ ਨਾਨਕ! ਆਖ– ਹੇ ਮਨ! ਪਰਮਾਤਮਾ (ਹੀ) ਸਾਰੇ ਸੁਖ ਦੇਣ ਵਾਲਾ ਹੈ, (ਉਸ ਦੇ ਬਰਾਬਰ ਦਾ ਹੋਰ) ਕੋਈ ਦੂਜਾ ਨਹੀਂ ਹੈ, ਉਸ (ਦਾ ਨਾਮ) ਸਿਮਰਦਿਆਂ ਉੱਚੀ ਆਤਮਕ ਅਵਸਥਾ (ਭੀ) ਪ੍ਰਾਪਤ ਹੋ ਜਾਂਦੀ ਹੈ।9।

ਨੌਵੇਂ ਨਾਨਕ ਸਾਹਿਬ ਸ੍ਰੀ ਗੁਰੂ ਤੇਗ ਬਹਾਦਰ ਛੇਵੇਂ ਸਲੋਕ ਵਿੱਚ ਮਨੁੱਖ ਨੂੰ ਉਪਦੇਸ਼ ਕਰ ਰਹੇ ਹਨ ਕਿ ਹੇ ਭਾਈ ਸਾਰੇ ਵਿਕਾਰਾਂ ਤੋਂ ਬਚਾਉਂਣ ਵਾਲਾ, ਸਾਰੇ ਡਰ ਦੂਰ ਕਰਨ ਵਾਲਾ, ਦੀਨ ਦੁਖੀਆਂ ਦਾ ਪਾਲਣਹਾਰ ਅਕਾਲ ਪੁਰਖ ਤੇਰੇ ਨਾਲ ਹਰ ਪਲ ਰਹਿੰਦਾ ਹੈ। ਸੱਤਵੇਂ ਅਤੇ ਅੱਠਵੇਂ ਸਲੋਕ ਵਿੱਚ ਗੁਰੂ ਜੀ ਉਪਦੇਸ਼ ਕਰ ਰਹੇ ਹਨ ਕਿ ਹੇ ਭਾਈ ਜਿਸ ਅਕਾਲ ਪੁਰਖ ਨੇ ਤੈਨੂੰ ਸਭ ਕੁਝ ਦਿੱਤਾ ਹੈ, ਉਸ ਨਾਹ ਵਿਸਾਰ, ਉਸ ਨਾਲ ਪਿਆਰ ਪਾ, ਉਸ ਦਾ ਸਿਮਰਨ ਕਰ। ਨੋਵੇਂ ਸਲੋਕ ਵਿੱਚ ਗੁਰੂ ਜੀ ਬਚਨ ਕਰਦੇ ਹਨ ਹੇ ਅਕਾਲ ਪੁਰਖ ਸਭ ਸੁੱਖ ਦੇਣ ਵਾਲਾ ਹੈ,  ਉਸ ਵਰਗਾ ਹੋਰ ਕੋਈ ਨਹੀਂ ਹੈ, ਉਸ ਨੂੰ ਧਿਆਇਆ ਕਰ ਕਿਉਂਕਿ ਉਸ ਨੂੰ ਧਿਆਉਂਣ ਨਾਲ ਉਚੀ ਆਤਮਕ ਅਵਸਥਾ ਪ੍ਰਾਪਤ ਹੁੰਦੀ ਹੈ।

ਸੋਮਵਾਰ ਸ਼ਾਮੀ 6 ਵਜੇ ਸਾਹਿਬ ਸ੍ਰੀ ਗੁਰੂ ਤੇਗ ਬਹਾਦਰ ਜੀ ਦੇ 57 ਸਲੋਕਾਂ ਵਿਚਲੇ ਅਗਲੇ ਸਲੋਕਾਂ ਦੀ ਵਿਚਾਰ ਕਰਾਂਗੇ।ਪ੍ਰੋ. ਸਾਹਿਬ ਸਿੰਘ ਜੀ ਦੀ ਕ੍ਰਿਤ ‘ਸ੍ਰੀ ਗੁਰੂ ਗ੍ਰੰਥ ਸਾਹਿਬ ਦਰਪਣ’ ਨੂੰ ਸ਼ਬਦ ਦੀ ਵਿਚਾਰ ਦਾ ਅਧਾਰ ਬਣਾਇਆ ਗਿਆ ਹੈ।ਸ਼ਬਦ ਵਿਚਾਰ ਸੰਬੰਧੀ ਜੇ ਆਪ ਜੀ ਦਾ ਵੀ ਕੋਈ ਸੁਝਾਅ ਹੈ ਤਾਂ ਤੁਸੀਂ ਸਾਡੇ ਨਾਲ ਜ਼ਰੂਰ ਸਾਂਝਾ ਕਰੋ।ਸਾਨੂੰ ਖੁਸ਼ੀ ਹੋਵੇਗੀ।ਭੁੱਲਾਂ ਚੁੱਕਾਂ ਦੀ ਖਿਮਾ।

ਵਾਹਿਗੁਰੂ ਜੀ ਕਾ ਖਾਲਸਾ

ਵਾਹਿਗੁਰੂ ਜੀ ਕੀ ਫਤਿਹ

*gurdevsinghdr@gmail.com

Share this Article
Leave a comment