ਨੌਵੇਂ ਮਹਲੇ ਦੇ 57 ਸਲੋਕਾਂ ਦੀ ਲੜੀਵਾਰ ਵਿਚਾਰ – Shabad Vichaar -61
ਸਲੋਕ ੩ ਤੇ ੫ ਦੀ ਵਿਚਾਰ
ਡਾ. ਗੁਰਦੇਵ ਸਿੰਘ*
ਮਨੁੱਖ ਦੀ ਜਵਾਨੀ ਕਦੋਂ ਬੀਤ ਜਾਂਦੀ ਹੈ, ਇਸ ਦਾ ਪਤਾ ਨਹੀਂ ਲੱਗਦਾ ਪਰ ਜਦੋਂ ਮਨੁੱਖ ਬੁੱਢਾ ਹੋ ਜਾਂਦਾ ਹੈ ਉਦੋਂ ਫਿਰ ਉਹ ਬੁਢਾਪੇ ਦੀ ਪਕੜ ਵਿੱਚ ਆ ਜਾਂਦਾ ਹੈ। ਹੈਰਾਨੀ ਦੀ ਗੱਲ ਤਾਂ ਇਹ ਹੈ ਕਿ ਬੁਢਾਪੇ ਦੌਰਾਨ ਸਿਰ ‘ਤੇ ਮੌਤ ਹੋਣ ਦੇ ਬਾਵਜੂਦ ਵੀ ਮਨੁੱਖ ਰੱਬ ਦਾ ਨਾਮ ਨਹੀਂ ਸਿਮਰਦਾ। ਜਿਹੜੇ ਮਨੁੱਖ ਸਮਾਂ ਰਹਿੰਦੇ ਗੁਰਬਾਣੀ ਦੇ ਲੜ ਲੱਗ ਜਾਂਦੇ ਹਨ ਉਨ੍ਹਾਂ ‘ਤੇ ਗੁਰੂ ਸਾਹਿਬ ਦੀ ਕਿਰਪਾ ਹੋ ਜਾਂਦੀ ਹੈ ਪਰ ਜੋ ਬੁਢਾਪੇ ਤਕ ਵੀ ਨਹੀਂ ਸਮਝਦੇ ਉਨ੍ਹਾਂ ਨੂੰ ਗੁਰਬਾਣੀ ਵਾਰ ਵਾਰ ਸਮਝਾਉਂਦੀ ਹੈ।
ਸ਼ਬਦ ਵਿਚਾਰ ਦੀ 61 ਲੜੀ ਦੇ ਅੰਤਰਗਤ ਅੱਜ ਨੌਵੇਂ ਗੁਰੂ ਦੇ 57 ਸਲੋਕਾਂ ਵਿੱਚੋਂ ਅੱਜ ਅਸੀਂ ਤੀਜੇ ਤੋਂ ਪੰਜਵੇਂ ਤਕ ਦੇ ਤਿੰਨ ਸਲੋਕਾਂ ਦੀ ਵਿਚਾਰ ਕਰਾਂਗਾ। ਇਨ੍ਹਾਂ ਸਲੋਕਾਂ ਵਿੱਚ ਗੁਰੂ ਜੀ ਮਨੁੱਖ ਨੂੰ ਆਪਣਾ ਅਖਰੀ ਸਮਾਂ ਸੰਭਾਲਣ ਦਾ ਉਪਦੇਸ਼ ਦੇ ਰਹੇ ਹਨ:
ਤਰਨਾਪੋ ਇਉ ਹੀ ਗਇਓ ਲੀਓ ਜਰਾ ਤਨੁ ਜੀਤਿ ॥ ਕਹੁ ਨਾਨਕ ਭਜੁ ਹਰਿ ਮਨਾ ਅਉਧ ਜਾਤੁ ਹੈ ਬੀਤਿ ॥੩॥
ਹੇ ਭਾਈ! (ਤੇਰੀ) ਜੁਆਨੀ ਬੇ-ਪਰਵਾਹੀ ਵਿਚ ਹੀ ਲੰਘ ਗਈ, (ਹੁਣ) ਬੁਢੇਪੇ ਨੇ ਤੇਰੇ ਸਰੀਰ ਨੂੰ ਜਿੱਤ ਲਿਆ ਹੈ। ਹੇ ਨਾਨਕ! ਆਖ– ਹੇ ਮਨ! ਪਰਮਾਤਮਾ ਦਾ ਭਜਨ ਕਰਿਆ ਕਰ। ਉਮਰ ਲੰਘਦੀ ਜਾ ਰਹੀ ਹੈ।3।
ਬਿਰਧਿ ਭਇਓ ਸੂਝੈ ਨਹੀ ਕਾਲੁ ਪਹੂਚਿਓ ਆਨਿ ॥ ਕਹੁ ਨਾਨਕ ਨਰ ਬਾਵਰੇ ਕਿਉ ਨ ਭਜੈ ਭਗਵਾਨੁ ॥੪॥
ਹੇ ਨਾਨਕ! ਆਖ– ਹੇ ਝੱਲੇ ਮਨੁੱਖ! ਤੂੰ ਕਿਉਂ ਪਰਮਾਤਮਾ ਦਾ ਭਜਨ ਨਹੀਂ ਕਰਦਾ? (ਵੇਖ, ਤੂੰ ਹੁਣ) ਬੁੱਢਾ ਹੋ ਗਿਆ ਹੈਂ (ਪਰ ਤੈਨੂੰ ਅਜੇ ਭੀ ਇਹ) ਸਮਝ ਨਹੀਂ ਆ ਰਹੀ ਕਿ ਮੌਤ (ਸਿਰ ਤੇ) ਆ ਪਹੁੰਚੀ ਹੈ।4।
ਧਨੁ ਦਾਰਾ ਸੰਪਤਿ ਸਗਲ ਜਿਨਿ ਅਪੁਨੀ ਕਰਿ ਮਾਨਿ ॥ ਇਨ ਮੈ ਕਛੁ ਸੰਗੀ ਨਹੀ ਨਾਨਕ ਸਾਚੀ ਜਾਨਿ ॥੫॥
ਹੇ ਨਾਨਕ! (ਆਖ– ਹੇ ਭਾਈ!) ਧਨ, ਇਸਤ੍ਰੀ, ਸਾਰੀ ਜਾਇਦਾਦ = (ਇਸ ਨੂੰ) ਆਪਣੀ ਕਰ ਕੇ ਨਾਹ ਮੰਨ। ਇਹ ਗੱਲ ਸੱਚੀ ਸਮਝ ਕਿ ਇਹਨਾਂ ਸਾਰਿਆਂ ਵਿਚੋਂ ਕੋਈ ਇੱਕ ਭੀ ਤੇਰਾ ਸਾਥੀ ਨਹੀਂ ਬਣ ਸਕਦਾ।5।
ਨੌਵੇਂ ਨਾਨਕ ਸਾਹਿਬ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਉਕਤ ਸਲੋਕਾਂ ਵਿੱਚ ਮਨੁੱਖ ਨੂੰ ਤਾੜਨਾ ਕਰ ਰਹੇ ਹਨ ਕਿ ਤੇਰੀ ਜੁਆਨੀ ਬੀਤ ਗਈ, ਬੁਢਾਪੇ ਨੇ ਤੇਰਾ ਸਰੀਰ ਨਿਢਾਲ ਕਰ ਦਿੱਤਾ ਹੈ। ਜਿਵੇਂ ਜਵਾਨੀ ਚਲੇ ਗਈ ਉਸੇ ਤਰ੍ਹਾਂ ਬੁਢਾਪਾ ਵੀ ਚਲੇ ਜਾਵੇਗਾ ਇਸ ਲਈ ਇਸ ਨੂੰ ਸੰਭਾਲ ਲੈ। ਅਗਲੇ ਸਲੋਕ ਵਿੱਚ ਗੁਰੁ ਜੀ ਆਖ ਰਹੇ ਹੇ ਮੂਰਖ ਹੁਣ ਵੀ ਸਮਾਂ ਹੈ ਸੰਭਲ ਜਾ ਪ੍ਰਮਾਤਮਾ ਦਾ ਨਾਮ ਸਿਮਰ ਲੈ ਕਿਉਂਕਿ ਤੂੰ ਬੁੱਢਾ ਹੋ ਚੁੱਕਾ ਹੈ ਪਤਾ ਨਹੀਂ ਕਾਲ ਰੂਪੀ ਮੌਤ ਨੇ ਕਦੋਂ ਤੈਨੂੰ ਆਪਣੀ ਗ੍ਰਿਫਤ ਵਿੱਚ ਲੈ ਲੈਣਾ ਹੈ। ਅਗੇ ਫਿਰ ਗੁਰੂ ਜੀ ਬਚਨ ਕਰਦੇ ਹਨ ਕਿ ਇਹ ਤੇਰਾ ਇਕੱਤਰ ਕੀਤਾ ਧਨ, ਦੌਲਤ, ਇਸਤਰੀ, ਇਹ ਸਾਰੀ ਸੰਪਤੀ ਕਿਸੇ ਨੇ ਵੀ ਤੇਰੇ ਸਾਥ ਨਹੀਂ ਨਿਭਣਾ, ਕਿਸੇ ਨੇ ਵੀ ਤੇਰਾ ਅੰਤਿਮ ਸਮੇਂ ਸਾਥ ਨਹੀਂ ਦੇਣਾ। ਸੋ ਗੁਰੂ ਸਾਹਿਬ ਇਨ੍ਹਾਂ ਸਲੋਕਾਂ ਵਿੱਚ ਘੱਟਦੀ ਉਮਰ ਦੇ ਹਵਾਲਾ ਦੇ ਕੇ ਤੇ ਫਾਨੀ ਸੰਸਾਰਿਕ ਰਿਸ਼ਤਿਆਂ ਦੀ ਸਚਾਈ ਦਸ ਕੇ ਮਨੁੱਖ ਨੂੰ ਵਾਹਿਗੁਰੂ ਦੇ ਲੜ ਲੱਗਣ ਦਾ ਉਪਦੇਸ਼ ਦੇ ਰਹੇ ਹਨ।
ਕੱਲ੍ਹ ਸ਼ਾਮੀ 6 ਵਜੇ ਸਾਹਿਬ ਸ੍ਰੀ ਗੁਰੂ ਤੇਗ ਬਹਾਦਰ ਜੀ ਦੇ 57 ਸਲੋਕਾਂ ਵਿਚਲੇ ਅਗਲੇ ਸਲੋਕਾਂ ਦੀ ਵਿਚਾਰ ਕਰਾਂਗੇ। ਪ੍ਰੋ. ਸਾਹਿਬ ਸਿੰਘ ਜੀ ਦੀ ਕ੍ਰਿਤ ‘ਸ੍ਰੀ ਗੁਰੂ ਗ੍ਰੰਥ ਸਾਹਿਬ ਦਰਪਣ’ ਨੂੰ ਸ਼ਬਦ ਦੀ ਵਿਚਾਰ ਦਾ ਅਧਾਰ ਬਣਾਇਆ ਗਿਆ ਹੈ। ਸ਼ਬਦ ਵਿਚਾਰ ਸੰਬੰਧੀ ਜੇ ਆਪ ਜੀ ਦਾ ਵੀ ਕੋਈ ਸੁਝਾਅ ਹੈ ਤਾਂ ਤੁਸੀਂ ਸਾਡੇ ਨਾਲ ਜ਼ਰੂਰ ਸਾਂਝਾ ਕਰੋ। ਸਾਨੂੰ ਖੁਸ਼ੀ ਹੋਵੇਗੀ। ਭੁੱਲਾਂ ਚੁੱਕਾਂ ਦੀ ਖਿਮਾ।
ਵਾਹਿਗੁਰੂ ਜੀ ਕਾ ਖਾਲਸਾ
ਵਾਹਿਗੁਰੂ ਜੀ ਕੀ ਫਤਿਹ॥