Shabad Vichaar 36-”ਜਾਗ ਲੇਹੁ ਰੇ ਮਨਾ ਜਾਗ ਲੇਹੁ ਕਹਾ ਗਾਫਲ ਸੋਇਆ ॥’’

TeamGlobalPunjab
4 Min Read

ਨੌਵੇਂ ਮਹਲੇ ਦੀ ਇਲਾਹੀ ਬਾਣੀ ਦੇ 36ਵੇਂ ਸ਼ਬਦ ਦੀ ਵਿਚਾਰ – Shabad Vichaar -36

ਜਾਗ ਲੇਹੁ ਰੇ ਮਨਾ ਜਾਗ ਲੇਹੁ ਕਹਾ ਗਾਫਲ ਸੋਇਆ ॥  ਸ਼ਬਦ ਵਿਚਾਰ

ਡਾ. ਗੁਰਦੇਵ ਸਿੰਘ*

ਜਗਤ ਸੁਪਨੇ ਦੀ ਨਿਆਈ ਹੈ। ਜਿਵੇਂ ਸੁਪਨਾ, ਸੁਪਨਾ ਹੀ ਹੁੰਦਾ ਹੈ ਹਕੀਕਤ ਨਹੀਂ ਉਸੇ ਤਰ੍ਹਾਂ ਇਹ ਜਗਤ ਅਸਲ ਨਹੀਂ ਹੈ ਇਹ ਸਭ ਆਖਰ ਫਨਾਹ ਹੀ ਹੋ ਜਾਣਾ ਹੈ। ਅਸਲ ਦੁਨੀਆਂ ਹੋਰ ਹੈ ਜੋ ਜਿਥੋਂ ਮਨੁੱਖ ਪੈਦਾ ਹੋਇਆ ਤੇ ਜਿਥੇ ਫਿਰ ਮਰਨ ਉਪਰੰਤ ਜਾਣਾ ਹੈ, ਜਿਸ ਨੂੰ ਗੁਰਬਾਣੀ ਵਿੱਚ ਸੱਚਖੰਡ ਕਿਹਾ ਗਿਆ ਹੈ। ਉਥੇ ਜਾਣਾ ਤਾਂ ਹੀ ਸੰਭਵ ਹੋ ਸਕੇਗਾ ਜੇ ਇਸ ਜਗਤ ਨੂੰ ਨਾਮ ਸਿਮਰਨ ਕਰਕੇ ਸਫਲਾ ਬਣਾਇਆ ਜਾਵੇਗਾ। ਗੁਰਬਾਣੀ ਇਸ ਫਾਨੀ ਸੰਸਾਰ ਦੀ ਅਸਲ ਸਚਾਈ ਉਤੋਂ ਪਰਦਾ ਚੱਕ ਦੀ ਹੈ ਅਤੇ ਇੱਕ ਸੁਚੱਜੀ ਜੀਵਨ ਜਾਚ ਸਿਖਾਉਂਦੀ ਹੈ ਜੋ ਮਨੁੱਖ ਦੇ ਲੋਕ ਅਤੇ ਪ੍ਰਲੋਕ ਨੂੰ ਸਫਲਾ ਬਣਾਉਂਦੀ ਹੈ।

ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਦੀ ਬਾਣੀ ਦੀ ਚੱਲ ਰਹੀ ਲੜੀਵਾਰ ਸ਼ਬਦ ਵਿਚਾਰ ਵਿੱਚ ਅੱਜ ਅਸੀਂ ਗੁਰੂ ਸਾਹਿਬ ਦੀ ਕੁੱਲ ਬਾਣੀ ਦੇ 36ਵੇਂ ਸ਼ਬਦ ‘ਜਾਗ ਲੇਹੁ ਰੇ ਮਨਾ ਜਾਗ ਲੇਹੁ ਕਹਾ ਗਾਫਲ ਸੋਇਆ ॥ ਜੋ ਤਨੁ ਉਪਜਿਆ ਸੰਗ ਹੀ ਸੋ ਭੀ ਸੰਗਿ ਨ ਹੋਇਆ ॥’ ਦੀ ਵਿਚਾਰ ਕਰਾਂਗੇ।  ਇਹ ਸ਼ਬਦ ਸ੍ਰੀ ਗੁਰੂ ਗ੍ਰੰਥ ਸਾਹਿਬ ਦੇ ਅੰਗ 726 ‘ਤੇ ਰਾਗ ਤਿਲੰਗ ਅਧੀਨ ਅੰਕਿਤ ਹੈ ਜੋ ਕਿ ਇਸ ਰਾਗ ਵਿੱਚ ਨੋਵੇਂ ਮਹਲੇ ਦਾ ਦੂਜਾ ਸ਼ਬਦ ਹੈ। ਇਸ ਸ਼ਬਦ ਵਿੱਚ ਗੁਰੂ ਜੀ ਮਾਇਆ ਮੋਹ ਵਿੱਚ ਗ੍ਰਸਤ ਸੁਤੇ ਮਨ ਨੂੰ ਹੋਸ਼ ਸੰਭਾਲਣ ਦਾ ਉਪਦੇਸ਼ ਕਰ ਰਹੇ ਹਨ।

- Advertisement -

ਤਿਲੰਗ ਮਹਲਾ ੯ ॥

ਜਾਗ ਲੇਹੁ ਰੇ ਮਨਾ ਜਾਗ ਲੇਹੁ ਕਹਾ ਗਾਫਲ ਸੋਇਆ ॥ ਜੋ ਤਨੁ ਉਪਜਿਆ ਸੰਗ ਹੀ ਸੋ ਭੀ ਸੰਗਿ ਨ ਹੋਇਆ ॥੧॥ ਰਹਾਉ ॥

ਹੇ ਮਨ! ਹੋਸ਼ ਕਰ, ਹੋਸ਼ ਕਰ! ਤੂੰ ਕਿਉਂ (ਮਾਇਆ ਦੇ ਮੋਹ ਵਿਚ) ਬੇ-ਪਰਵਾਹ ਹੋ ਕੇ ਸੌਂ ਰਿਹਾ ਹੈਂ? (ਵੇਖ,) ਜੇਹੜਾ (ਇਹ) ਸਰੀਰ (ਮਨੁੱਖ ਦੇ) ਨਾਲ ਹੀ ਪੈਦਾ ਹੁੰਦਾ ਹੈ; ਇਹ ਭੀ (ਆਖ਼ਰ) ਨਾਲ ਨਹੀਂ ਜਾਂਦਾ।੧।ਰਹਾਉ।

ਮਾਤ ਪਿਤਾ ਸੁਤ ਬੰਧ ਜਨ ਹਿਤੁ ਜਾ ਸਿਉ ਕੀਨਾ ॥ ਜੀਉ ਛੂਟਿਓ ਜਬ ਦੇਹ ਤੇ ਡਾਰਿ ਅਗਨਿ ਮੈ ਦੀਨਾ ॥੧॥ 

ਹੇ ਮਨ! ਵੇਖ,) ਮਾਂ, ਪਿਉ, ਪੁੱਤਰ, ਰਿਸ਼ਤੇਦਾਰ-ਜਿਨ੍ਹਾਂ ਨਾਲ ਮਨੁੱਖ (ਸਾਰੀ ਉਮਰ) ਪਿਆਰ ਕਰਦਾ ਰਹਿੰਦਾ ਹੈ, ਜਦੋਂ ਜਿੰਦ ਸਰੀਰ ਵਿਚੋਂ ਵੱਖ ਹੁੰਦੀ ਹੈ, ਤਦੋਂ (ਉਹ ਸਾਰੇ ਰਿਸ਼ਤੇਦਾਰ, ਉਸ ਦੇ ਸਰੀਰ ਨੂੰ) ਅੱਗ ਵਿਚ ਪਾ ਦੇਂਦੇ ਹਨ।੧।

- Advertisement -

ਜੀਵਤ ਲਉ ਬਿਉਹਾਰੁ ਹੈ ਜਗ ਕਉ ਤੁਮ ਜਾਨਉ ॥ ਨਾਨਕ ਹਰਿ ਗੁਨ ਗਾਇ ਲੈ ਸਭ ਸੁਫਨ ਸਮਾਨਉ ॥੨॥੨॥ 

ਹੇ ਨਾਨਕ! ਆਖ-ਹੇ ਮਨ!) ਜਗਤ ਨੂੰ ਤੂੰ ਇਉਂ ਹੀ ਸਮਝ (ਕਿ ਇਥੇ) ਜ਼ਿੰਦਗੀ ਤਕ ਹੀ ਵਰਤਣ-ਵਿਹਾਰ ਰਹਿੰਦਾ ਹੈ। ਉਂਞ, ਇਹ ਸਾਰਾ ਸੁਪਨੇ ਵਾਂਗ ਹੀ ਹੈ। (ਇਸ ਵਾਸਤੇ ਜਦ ਤਕ ਜੀਊਂਦਾ ਹੈਂ) ਪਰਮਾਤਮਾ ਦੇ ਗੁਣ ਗਾਂਦਾ ਰਹੁ।੨।੨।

ਉਕਤ ਸ਼ਬਦ ਵਿੱਚ ਨੌਵੇਂ ਨਾਨਕ ਉਪਦੇਸ਼ ਕਰ ਰਹੇ ਹਨ ਕਿ ਹੇ ਭਾਈ ਮਾਇਆ ਵਿੱਚ ਗ੍ਰਸਤ ਮਨ ਨੂੰ ਸੰਭਾਲ। ਇਸ ਜਗਤ ਵਿੱਚ ਜੋ ਤਨ ਤੇਰੇ ਨਾਲ ਉਪਜਿਆ ਹੈ ਉਹ ਵੀ ਅੰਤ ਸਮੇਂ ਸਾਥ ਨਹੀਂ ਜਾਣਾ ਫਿਰ ਮਾਤਾ ਪਿਤਾ, ਪੁੱਤਰ ਆਦਿ ਕਿਵੇਂ ਸਾਥ ਜਾ ਸਕਦੇ ਹਨ ਜਿਨ੍ਹਾਂ ਦੇ ਮੋਹ ਪਿਆਰ ਵਿੱਚ ਫਸ ਕੇ ਤੂੰ ਪ੍ਰਮਾਤਮਾ ਦੇ ਨਾਮ ਤੋਂ ਇੰਨਕਾਰੀ ਹੋਈ ਫਿਰਦਾ ਹੈ। ਇਹ ਸਭ ਜੋ ਦਿਸ ਰਿਹਾ ਹੈ, ਸਭ ਜਿਉਂਦਿਆਂ ਤਕ ਦਾ ਹੀ ਮੇਲਾ ਹੈ। ਸਗਲ ਜਗਤ ਸਪੁਨੇ ਦੀ ਨਿਆਈ ਹੈ। ਇਸ ਲਈ ਸਦਾ ਥਿਰ ਰਹਿਣ ਵਾਲੇ ਪ੍ਰਭੂ ਦੇ ਲੜ ਲੱਗ, ਉਸ ਦਾ ਸਿਮਰਨ ਕਰ।

ਕੱਲ੍ਹ ਸ਼ਾਮੀ 6 ਵਜੇ ਸਾਹਿਬ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਦੀ ਬਾਣੀ ਵਿਚਲੇ 37ਵੇਂ ਸ਼ਬਦ ਦੀ ਵਿਚਾਰ ਕਰਾਂਗੇ। ਪ੍ਰੋ. ਸਾਹਿਬ ਸਿੰਘ ਜੀ ਦੀ ਕ੍ਰਿਤ ‘ਸ੍ਰੀ ਗੁਰੂ ਗ੍ਰੰਥ ਸਾਹਿਬ ਦਰਪਣ’ਨੂੰ ਸ਼ਬਦ ਦੀ ਵਿਚਾਰ ਦਾ ਅਧਾਰ ਬਣਾਇਆ ਗਿਆ ਹੈ। ਸ਼ਬਦ ਵਿਚਾਰ ਸੰਬੰਧੀ ਜੇ ਕੋਈ ਆਪ ਜੀ ਦਾ ਸੁਝਾਅ ਹੈ ਤਾਂ ਤੁਸੀਂ ਸਾਡੇ ਨਾਲ ਜ਼ਰੂਰ ਸਾਂਝਾ ਕਰੋ। ਸਾਨੂੰ ਖੁਸ਼ੀ ਹੋਵੇਗੀ। ਭੁੱਲਾਂ ਚੁੱਕਾਂ ਦੀ ਖਿਮਾ।

ਵਾਹਿਗੁਰੂ ਜੀ ਕਾ ਖਾਲਸਾ

ਵਾਹਿਗੁਰੂ ਜੀ ਕੀ ਫਤਿਹ

*gurdevsinghdr@gmail.com

Share this Article
Leave a comment