ਨੌਵੇਂ ਮਹਲੇ ਦੀ ਇਲਾਹੀ ਬਾਣੀ ਦੇ ਛੇਵੇਂ ਸ਼ਬਦ ਦੀ ਵਿਚਾਰ – Shabad Vichaar -6

TeamGlobalPunjab
3 Min Read

-ਡਾ. ਗੁਰਦੇਵ ਸਿੰਘ

ਕੁਰਾਹੇ ਪਏ ਮਨ ਨੂੰ ਤਾੜਨਾ ਕਿਵੇਂ ਕਰੀਏ?

ਕੁਰਾਹੇ ਪਏ ਮਨ ਨੂੰ ਕਿਵੇਂ ਸਮਝਾਉਣਾ ਕਰੀਏ ਤਾਂ ਜੋ ਇਹ ਮਾਇਆ ਰੂਪੀ ਭਇਆਨਕ ਜੰਗਲ ਵਿਚੋਂ ਨਿਕਲ ਸਕੇ। ਸਾਹਿਬ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਦੀ ਬਾਣੀ ਵਿਚਲੇ ਛੇਵੇਂ ਸ਼ਬਦ ਕੋਊ ਮਾਈ ਭੂਲਿਓ ਮਨੁ ਸਮਝਾਵੈ॥ ਬੇਦ ਪੁਰਾਨ ਸਾਧ ਮਗ ਸੁਨਿ ਕਰਿ ਨਿਮਖ ਨ ਹਰਿ ਗੁਨ ਗਾਵੈ॥੧॥ਰਹਾਉ॥ ਵਿੱਚ ਗੁਰੂ ਜੀ ਮਨ ਨੂੰ  ਸਹੀ ਮਾਰਗ ਦਾ ਉਪਦੇਸ਼ ਦੇ ਰਹੇ ਹਨ। ਇਹ ਸ਼ਬਦ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਅੰਗ ੨੧੯ ‘ਤੇ ਗਉੜੀ ਰਾਗ ਅਧੀਨ ਅੰਕਤਿ ਹੈ।

ਗਉੜੀ ਮਹਲਾ ੯॥
ਕੋਊ ਮਾਈ ਭੂਲਿਓ ਮਨੁ ਸਮਝਾਵੈ॥
ਬੇਦ ਪੁਰਾਨ ਸਾਧ ਮਗ ਸੁਨਿ ਕਰਿ ਨਿਮਖ ਨ ਹਰਿ ਗੁਨ ਗਾਵੈ॥੧॥ਰਹਾਉ॥

ਹੇ (ਮੇਰੀ) ਮਾਂ! (ਮਾਇਆ ਦੇ ਮੋਹ ਨਾਲ ਨਕਾ-ਨਕ ਭਰੇ ਹੋਏ ਸੰਸਾਰ-ਜੰਗਲ ਵਿਚ ਮੇਰਾ ਮਨ ਕੁਰਾਹੇ ਪੈ ਗਿਆ ਹੈ, ਮੈਨੂੰ) ਕੋਈ ਐਸਾ ਗੁਰਮੁਖ ਮਿਲ ਪਵੇ ਜੇਹੜਾ ਮੇਰੇ ਇਸ ਕੁਰਾਹੇ ਪਏ ਹੋਏ ਮਨ ਨੂੰ ਮਤਿ ਦੇਵੇ ਅਕਲ ਦੇਵੇ। (ਇਹ ਭੁੱਲਿਆ ਮਨ) ਵੇਦ ਪੁਰਾਣ ਆਦਿਕ ਧਰਮ-ਪੁਸਤਕਾਂ ਅਤੇ ਸੰਤ ਜਨਾਂ ਦੇ ਉਪਦੇਸ਼ ਸੁਣ ਕੇ ਰਤਾ ਭਰ ਸਮੇਂ ਲਈ ਭੀ ਪਰਮਾਤਮਾ ਦੇ ਗੁਣ ਨਹੀਂ ਗਾਂਦਾ।1।ਰਹਾਉ।

- Advertisement -

ਦੁਰਲਭ ਦੇਹ ਪਾਇ ਮਾਨਸ ਕੀ ਬਿਰਥਾ ਜਨਮੁ ਸਿਰਾਵੈ॥
ਮਾਇਆ ਮੋਹ ਮਹਾ ਸੰਕਟ ਬਨ ਤਾ ਸਿਉ ਰੁਚ ਉਪਜਾਵੈ॥੧॥

ਹੇ ਮੇਰੀ ਮਾਂ! ਇਹ ਮਨ ਅਜਿਹਾ ਕੁਰਾਹੇ ਪਿਆ ਹੋਇਆ ਹੈ ਕਿ) ਬੜੀ ਮੁਸ਼ਕਲ ਨਾਲ ਮਿਲ ਸਕਣ ਵਾਲਾ ਮਨੁੱਖਾ ਸਰੀਰ ਪ੍ਰਾਪਤ ਕਰ ਕੇ (ਭੀ) ਇਸ ਜਨਮ ਨੂੰ ਵਿਅਰਥ ਗੁਜ਼ਾਰ ਰਿਹਾ ਹੈ। (ਹੇ ਮਾਂ! ਇਹ ਸੰਸਾਰ) ਜੰਗਲ ਮਾਇਆ ਦੇ ਮੋਹ ਨਾਲ ਨਕਾ-ਨਕ ਭਰਿਆ ਪਿਆ ਹੈ (ਤੇ ਮੇਰਾ ਮਨ) ਇਸ (ਜੰਗਲ ਨਾਲ ਹੀ) ਪ੍ਰੇਮ ਬਣਾ ਰਿਹਾ ਹੈ।1।

ਅੰਤਰਿ ਬਾਹਰਿ ਸਦਾ ਸੰਗਿ ਪ੍ਰਭੁ ਤਾ ਸਿਉ ਨੇਹੁ ਨ ਲਾਵੈ॥
ਨਾਨਕ ਮੁਕਤਿ ਤਾਹਿ ਤੁਮ ਮਾਨਹੁ ਜਿਹ ਘਟਿ ਰਾਮੁ ਸਮਾਵੈ॥੨॥੬॥

ਹੇ ਮੇਰੀ ਮਾਂ! ਜੇਹੜਾ ਪਰਮਾਤਮਾ ਹਰੇਕ ਜੀਵ ਦੇ ਅੰਦਰ ਤੇ ਬਾਹਰ ਹਰ ਵੇਲੇ ਵੱਸਦਾ ਹੈ ਉਸ ਨਾਲ ਇਹ ਮੇਰਾ ਮਨ ਪਿਆਰ ਨਹੀਂ ਪਾਂਦਾ। ਨੌਵੇਂ ਨਾਨਕ ਸਾਹਿਬ ਸ੍ਰੀ ਗੁਰੂ ਤੇਗ ਬਹਾਦਰ ਜੀ! ਆਖ ਰਹੇ ਹਨ ਕਿ ਹੇ ਭਾਈ ਮਾਇਆ ਦੇ ਮੋਹ ਨਾਲ ਭਰਪੂਰ ਸੰਸਾਰ-ਜੰਗਲ ਵਿਚੋਂ ਖ਼ਲਾਸੀ ਤੁਸੀ ਉਸੇ ਮਨੁੱਖ ਨੂੰ ਮਿਲੀ ਸਮਝੋ ਜਿਸ ਦੇ ਹਿਰਦੇ ਵਿਚ ਪਰਮਾਤਮਾ ਵਸ ਰਿਹਾ ਹੈ।2।

ਸੋ ਕੁਰਾਹੇ ਪਏ ਮਨ ਨੂੰ ਕੇਵਲ ਤੇ ਕੇਵਲ ਪ੍ਰਮਾਤਮਾ ਦਾ ਨਾਮ ਹੀ ਸਹੀ ਮਾਰਗ ਦਿਖਾ ਸਕਦਾ ਹੈ। ਸ਼ਬਦ ਦੀ ਵਿਚਾਰ ਲਈ ਅਧਾਰ ਸਰੋਤ ਪ੍ਰੋਫੈਸਰ ਸਾਹਿਬ ਸਿੰਘ ਦੁਆਰਾ ਗੁਰਬਾਣੀ ਦੇ ਕੀਤੇ ਟੀਕੇ ਨੂੰ ਬਣਾਇਆ ਗਿਆ ਹੈ। ਸ਼ਬਦ ਵਿਚਾਰ ਦੀ ਇਹ ਪਾਵਨ ਲੜੀ ਰੋਜ਼ਾਨਾ ਸੋਮਵਾਰ ਤੋਂ ਸ਼ੁੱਕਰਵਾਰ ਸ਼ਾਮੀ 6 ਵਜੇ ਆਪ ਸਭ ਦੇ ਸਨਮੁਖ ਲੈ ਕੇ ਹਾਜ਼ਰ ਹੁੰਦੇ ਹਾਂ। ਇਸ ਨੂੰ ਵਧੀਆ ਕਰਨ ਲਈ ਤੁਸੀਂ ਆਪਣੇ ਸੁਝਾਅ ਜ਼ਰੂਰ ਦੇਵੋ ਜੀ। ਭੁੱਲਾਂ ਚੁੱਕਾਂ ਦੀ ਖਿਮਾ।
ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ॥

- Advertisement -
Share this Article
Leave a comment