ਸ਼ਬਦ ਵਿਚਾਰ -140
ਮਨ ਰੇ ਅਹਿਨਿਸਿ ਹਰਿ ਗੁਣ ਸਾਰਿ ॥ …
*ਡਾ. ਗੁਰਦੇਵ ਸਿੰਘ
ਵਿਰਲੇ ਹੀ ਅਜਿਹੇ ਸਰੀਰ ਹੁੰਦੇ ਹਨ ਜੋ ਪ੍ਰਭੂ ਦੇ ਨਾਮ, ਪ੍ਰਭੂ ਦੀ ਸਿਫਤ ਸਾਲਾਹ ਨੂੰ ਆਪਣੀ ਰੂਹ ਦੀ ਖੁਰਾਕ ਬਣਾਉਂਦੇ ਹਨ। ਸੰਸਾਰ ਵਿੱਚ ਬਹੁਤ ਘੱਟ ਲੋਕ ਅਜਿਹੇ ਗੁਰਮੁਖਿ ਪਿਆਰੇ ਹਨ ਜੋ ਪ੍ਰਭੂ ਦੇ ਨਾਮ ਨਾਲ ਜੁੜੇ ਰਹਿੰਦੇ ਹਨ। ਗੁਰਬਾਣੀ ਸਾਨੂੰ ਹਰ ਸਮੇਂ, ਦਿਨ ਰਾਤ ਉਸ ਅਕਾਲ ਪੁਰਖ ਦਾ ਨਾਮ ਸਿਮਰਨਾ ਦਾ ਉਪਦੇਸ਼ ਕਰਦੀ ਹੈ।
ਸ਼ਬਦ ਵਿਚਾਰ ਦੀ ਲੜੀ ਅਧੀਨ ਅੱਜ ਅਸੀਂ ਸਾਹਿਬ ਸ੍ਰੀ ਗੁਰੂ ਨਾਨਕ ਬਾਣੀ ਦਾ ਸ਼ਬਦ “ਮਨ ਰੇ ਅਹਿਨਿਸਿ ਹਰਿ ਗੁਣ ਸਾਰਿ ॥” ਦੀ ਵਿਚਾਰ ਕਰਾਂਗੇ। ਇਹ ਸ਼ਬਦ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਦੇ ਅੰਗ 21’ਤੇ ਅੰਕਿਤ ਹੈ। ਸਿਰੀ ਰਾਗ ਦਾ ਇਹ 20ਵਾਂ ਸ਼ਬਦ ਹੈ । ਇਸ ਸ਼ਬਦ ਵਿੱਚ ਗੁਰੂ ਸਾਹਿਬ ਉਪਦੇਸ਼ ਦੇ ਰਹੇ ਹਨ:
ਸਿਰੀਰਾਗੁ ਮਹਲਾ ੧ ॥ ਇਕੁ ਤਿਲੁ ਪਿਆਰਾ ਵੀਸਰੈ ਰੋਗੁ ਵਡਾ ਮਨ ਮਾਹਿ ॥ ਕਿਉ ਦਰਗਹ ਪਤਿ ਪਾਈਐ ਜਾ ਹਰਿ ਨ ਵਸੈ ਮਨ ਮਾਹਿ ॥ ਗੁਰਿ ਮਿਲਿਐ ਸੁਖੁ ਪਾਈਐ ਅਗਨਿ ਮਰੈ ਗੁਣ ਮਾਹਿ ॥੧॥
ਪਦ ਅਰਥ: ਇਕੁ ਤਿਲੁ = ਰਤਾ ਕੁ ਭੀ ਸਮਾ। ਮਾਹਿ = ਵਿਚ। ਪਤਿ = ਇੱਜ਼ਤ। ਗੁਰਿ ਮਿਲਿਐ = ਜੇ ਗੁਰੂ ਮਿਲ ਪਏ। ਅਗਨਿ = ਤ੍ਰਿਸ਼ਨਾ ਦੀ ਅੱਗ।1।
(ਅਜਿਹੇ ਸੁਭਾਗ ਬੰਦਿਆਂ ਨੂੰ) ਜੋ ਰਤਾ ਭਰ ਸਮੇਂ ਵਾਸਤੇ ਭੀ ਪ੍ਰੀਤਮ ਪ੍ਰਭੂ ਵਿਸਰ ਜਾਏ, ਤਾਂ ਉਹ ਆਪਣੇ ਮਨ ਵਿਚ ਵੱਡਾ ਰੋਗ (ਪੈਦਾ ਹੋ ਗਿਆ ਸਮਝਦੇ ਹਨ) । (ਉਂਞ ਭੀ) ਜੇ ਪਰਮਾਤਮਾ ਦਾ ਨਾਮ ਮਨ ਵਿਚ ਨਾਹ ਵੱਸੇ, ਤਾਂ ਪਰਮਾਤਮਾ ਦੀ ਦਰਗਾਹ ਵਿਚ ਇੱਜ਼ਤ ਨਹੀਂ ਮਿਲ ਸਕਦੀ। ਜੇ ਗੁਰੂ ਮਿਲ ਪਏ, (ਤਾਂ ਉਹ ਪ੍ਰਭੂ ਦੀ ਸਿਫ਼ਤਿ-ਸਾਲਾਹ ਦੀ ਦਾਤਿ ਦੇਂਦਾ ਹੈ, ਇਸ ਦੀ ਬਰਕਤਿ ਨਾਲ) ਆਤਮਕ ਆਨੰਦ ਪ੍ਰਾਪਤ ਹੁੰਦਾ ਹੈ (ਕਿਉਂਕਿ) ਸਿਫ਼ਤਿ-ਸਾਲਾਹ ਵਿਚ ਜੁੜਿਆਂ ਤ੍ਰਿਸ਼ਨਾ-ਅੱਗ ਬੁੱਝ ਜਾਂਦੀ ਹੈ।1।
ਮਨ ਰੇ ਅਹਿਨਿਸਿ ਹਰਿ ਗੁਣ ਸਾਰਿ ॥ ਜਿਨ ਖਿਨੁ ਪਲੁ ਨਾਮੁ ਨ ਵੀਸਰੈ ਤੇ ਜਨ ਵਿਰਲੇ ਸੰਸਾਰਿ ॥੧॥ ਰਹਾਉ ॥
ਅਹਿ ਨਿਸਿ = ਦਿਨ ਰਾਤ। ਸਾਰਿ = ਸੰਭਾਲ, ਚੇਤੇ ਕਰ। ਜਿਨ = ਜਿਨ੍ਹਾਂ ਬੰਦਿਆਂ ਨੂੰ {ਨੋਟ: ਲਫ਼ਜ਼ ‘ਜਿਨ’ ਬਹੁ-ਵਚਨ ਹੈ, ਇਸ ਦਾ ਇਕ-ਵਚਨ ‘ਜਿਨਿ’ ਹੈ (-ਜਿਸ ਨੇ) }। ਤੇ ਜਨ = ਉਹ ਬੰਦੇ।1। ਰਹਾਉ।
ਹੇ (ਮੇਰੇ) ਮਨ! ਦਿਨ ਰਾਤ (ਹਰ ਵੇਲੇ) ਪਰਮਾਤਮਾ ਦੇ ਗੁਣ ਚੇਤੇ ਕਰਦਾ ਰਹੁ। ਜਗਤ ਵਿਚ ਉਹ (ਭਾਗਾਂ ਵਾਲੇ) ਮਨੁੱਖ ਵਿਰਲੇ ਹੁੰਦੇ ਹਨ, ਜਿਨ੍ਹਾਂ ਨੂੰ ਪ੍ਰਭੂ ਦਾ ਨਾਮ ਖਿਨ ਪਲ ਵਾਸਤੇ ਭੀ ਨਹੀਂ ਭੁੱਲਦਾ।1। ਰਹਾਉ।
ਜੋਤੀ ਜੋਤਿ ਮਿਲਾਈਐ ਸੁਰਤੀ ਸੁਰਤਿ ਸੰਜੋਗੁ ॥ ਹਿੰਸਾ ਹਉਮੈ ਗਤੁ ਗਏ ਨਾਹੀ ਸਹਸਾ ਸੋਗੁ ॥ ਗੁਰਮੁਖਿ ਜਿਸੁ ਹਰਿ ਮਨਿ ਵਸੈ ਤਿਸੁ ਮੇਲੇ ਗੁਰੁ ਸੰਜੋਗੁ ॥੨॥
ਜੋਤੀ = ਜੋਤਿ ਦਾ ਮਾਲਕ ਹਰੀ। ਸੁਰਤੀ = ਸੁਰਤਿ ਦਾ ਮਾਲਕ ਪ੍ਰਭੂ। ਹਿੰਸਾ = ਨਿਰਦਇਤਾ। ਗਤੁ = ਧਾਤੂ ‘ਗਮ’ ਤੋਂ ਭੂਤਕਾਲ। ਗਮ = ਜਾਣਾ} ਬੀਤਿਆ ਹੋਇਆ। ਗਤੁ ਗਏ = ਪੂਰਨ ਤੌਰ ਤੇ ਦੂਰ ਹੋ ਗਏ। ਮਨਿ = ਮਨ ਵਿਚ। ਸੰਜੋਗੁ = ਅਵਸਰ, ਮੌਕਾ।2।
ਜੇ ਪ੍ਰਭੂ ਦੀ ਜੋਤਿ ਵਿਚ ਆਪਣੀ ਜਿੰਦ ਰਲਾ ਦੇਈਏ, ਉਸ ਵਿਚ ਆਪਣੀ ਸੁਰਤਿ ਦਾ ਮੇਲ ਕਰ ਦੇਈਏ ਤਾਂ ਕਠੋਰਤਾ ਤੇ ਹਉਮੈ ਦੂਰ ਹੋ ਜਾਂਦੀਆਂ ਹਨ, ਕੋਈ ਸਹਿਮ ਤੇ ਚਿੰਤਾ ਭੀ ਨਹੀਂ ਰਹਿ ਜਾਂਦੇ। ਗੁਰੂ ਦੀ ਸਰਨ ਪੈ ਕੇ ਜਿਸ ਮਨੁੱਖ ਦੇ ਮਨ ਵਿਚ ਪ੍ਰਭੂ ਦੀ ਯਾਦ ਟਿਕਦੀ ਹੈ, ਗੁਰੂ ਉਸ ਨੂੰ ਪਰਮਾਤਮਾ ਨਾਲ ਮਿਲਣ ਦਾ ਪੂਰਾ ਅਵਸਰ ਬਖ਼ਸ਼ਦਾ ਹੈ।1।
ਕਾਇਆ ਕਾਮਣਿ ਜੇ ਕਰੀ ਭੋਗੇ ਭੋਗਣਹਾਰੁ ॥ ਤਿਸੁ ਸਿਉ ਨੇਹੁ ਨ ਕੀਜਈ ਜੋ ਦੀਸੈ ਚਲਣਹਾਰੁ ॥ ਗੁਰਮੁਖਿ ਰਵਹਿ ਸੋਹਾਗਣੀ ਸੋ ਪ੍ਰਭੁ ਸੇਜ ਭਤਾਰੁ ॥੩॥
ਕਾਮਣਿ = ਇਸਤ੍ਰੀ। ਕਾਇਆ = ਸਰੀਰ। ਕਰੀ = ਕਰੀਂ, ਮੈਂ ਕਰਾਂ = ਨ ਕੀਜਈ = ਨਹੀਂ ਕਰਨਾ ਚਾਹੀਦਾ। ਰਵਹਿ = ਮਾਣਦੀਆਂ ਹਨ, ਮਿਲਾਪ ਦਾ ਸੁਖ ਪਾਂਦੀਆਂ ਹਨ। ਸੋਹਾਗਣੀ = ਭਾਗਾਂ ਵਾਲੀਆਂ ਜੀਵ-ਇਸਤ੍ਰੀਆਂ। ਸੇਜ ਭਤਾਰੁ = (ਹਿਰਦਾ-) ਸੇਜ ਦਾ ਪਤੀ।3।
ਜਿਵੇਂ ਇਸਤ੍ਰੀ ਆਪਣੇ ਆਪ ਨੂੰ ਆਪਣੇ ਪਤੀ ਦੇ ਹਵਾਲੇ ਕਰਦੀ ਹੈ, ਤਿਵੇਂ ਜੇ ਮੈਂ ਕਾਇਆਂ ਨੂੰ ਇਸਤ੍ਰੀ ਬਣਾਵਾਂ, ਕਾਇਆਂ-ਇਸਤ੍ਰੀ (ਭਾਵ, ਗਿਆਨ-ਇੰਦ੍ਰਿਆਂ) ਨੂੰ ਪ੍ਰਭੂ ਵਾਲੇ ਪਾਸੇ ਪਰਤਾਵਾਂ, ਤਾਂ ਪ੍ਰਭੂ-ਪਤੀ ਦਾ ਮਿਲਾਪ ਹੋ ਜਾਏ। ਇਸ ਸਰੀਰ ਨਾਲ (ਇਤਨਾ) ਮੋਹ ਨਹੀਂ ਕਰਨਾ ਚਾਹੀਦਾ (ਕਿ ਇਸ ਨੂੰ ਵਿਕਾਰਾਂ ਵਲ ਖੁਲ੍ਹ ਮਿਲੀ ਰਹੇ) , ਇਹ ਤਾਂ ਪ੍ਰਤੱਖ ਤੌਰ ਤੇ ਨਾਸਵੰਤ ਹੈ। ਗੁਰੂ ਦੇ ਰਾਹੇ ਤੁਰਨ ਵਾਲੀਆਂ ਜੀਵ-ਇਸਤ੍ਰੀਆਂ ਪ੍ਰਭੂ ਨੂੰ ਸਿਮਰਦੀਆਂ ਹਨ, ਉਹ ਪ੍ਰਭੂ ਉਹਨਾਂ ਦੇ ਹਿਰਦੇ-ਸੇਜ ਉਤੇ ਬੈਠਦਾ ਹੈ।3।
ਚਾਰੇ ਅਗਨਿ ਨਿਵਾਰਿ ਮਰੁ ਗੁਰਮੁਖਿ ਹਰਿ ਜਲੁ ਪਾਇ ॥ ਅੰਤਰਿ ਕਮਲੁ ਪ੍ਰਗਾਸਿਆ ਅੰਮ੍ਰਿਤੁ ਭਰਿਆ ਅਘਾਇ ॥ ਨਾਨਕ ਸਤਗੁਰੁ ਮੀਤੁ ਕਰਿ ਸਚੁ ਪਾਵਹਿ ਦਰਗਹ ਜਾਇ ॥੪॥੨੦॥
ਚਾਰੇ ਅਗਨਿ = ਚਾਰੇ ਅੱਗਾਂ {ਹੰਸੁ, ਹੇਤੁ, ਲੋਭ, ਕੋਪੁ}, ਨਿਰਦਇਤਾ, ਮੋਹ, ਲੋਭ ਤੇ ਕ੍ਰੋਧ। ਪ੍ਰਗਾਸਿਆ = ਖਿੜਦਾ ਹੈ। ਅਘਾਇ = ਰੱਜ ਕੇ, ਪੂਰੇ ਤੌਰ ਤੇ।4।
ਹੇ ਨਾਨਕ! ਗੁਰੂ ਦੀ ਰਾਹੀਂ ਪਰਮਾਤਮਾ ਦਾ ਨਾਮ-ਜਲ ਪਾ ਕੇ (ਹਿਰਦੇ ਵਿਚ) ਧੁਖਦੀਆਂ ਚੌਹਾਂ ਅੱਗਾਂ ਨੂੰ ਬੁਝਾ ਦੇ (ਤੇ ਤ੍ਰਿਸ਼ਨਾ ਵਾਲੇ ਪਾਸੇ ਤੋਂ) ਮਰ ਜਾ। (ਇਸ ਤਰ੍ਹਾਂ) ਤੇਰੇ ਅੰਦਰ (ਹਿਰਦਾ-) ਕੌਲ ਖਿੜ ਪਏਗਾ, (ਤੇਰੇ ਹਿਰਦੇ ਵਿਚ) ਆਤਮਕ ਜੀਵਨ ਦੇਣ ਵਾਲਾ ਨਾਮ-ਜਲ ਭਰ ਜਾਏਗਾ। ਗੁਰੂ ਨੂੰ ਮਿੱਤਰ ਬਣਾ, ਯਕੀਨੀ ਤੌਰ ਤੇ ਪਰਮਾਤਮਾ ਦੀ ਹਜ਼ੂਰੀ ਪ੍ਰਾਪਤ ਕਰ ਲਏਂਗਾ।4। 20।
ਸ਼ਬਦ ਵਿਚਾਰ ਦੀ ਅਗਲੀ ਲੜੀ ਵਿੱਚ ਸਾਹਿਬ ਸ੍ਰੀ ਗੁਰੂ ਨਾਨਕ ਸਾਹਿਬ ਜੀ ਦੀ ਬਾਣੀ ਵਿਚਲੇ ਅਗਲੇ ਸ਼ਬਦ ਦੀ ਵਿਚਾਰ ਕਰਾਂਗੇ। ਅੱਜ ਦੀ ਵਿਚਾਰ ਸਬੰਧੀ ਆਪ ਜੀ ਦਾ ਜੇ ਕੋਈ ਸੁਝਾਅ ਹੋਵੇ ਤਾਂ ਸਾਡੇ ਨਾਲ ਜ਼ਰੂਰ ਸਾਂਝਾ ਕਰਨਾ ਜੀ।