Shabad Vichaar 23-‘ਇਹ ਜਗਿ ਮੀਤੁ ਨ ਦੇਖਿਓ ਕੋਈ’

TeamGlobalPunjab
5 Min Read

ਨੌਵੇਂ ਮਹਲੇ ਦੀ ਇਲਾਹੀ ਬਾਣੀ ਦੇ 23ਵੇਂ ਸ਼ਬਦ ਦੀ ਵਿਚਾਰ – Shabad Vichaar -23

ਇਹ ਜਗਿ ਮੀਤੁ ਨ ਦੇਖਿਓ ਕੋਈ ॥ ਸ਼ਬਦ ਵਿਚਾਰ

ਡਾ. ਗੁਰਦੇਵ ਸਿੰਘ*

ਜਗਤ ਵਿੱਚ ਕੋਈ ਸਕਾ ਨਹੀਂ। ਇਹ ਜੋ ਸਾਕ ਸਨਬੰਧੀ ਹਨ ਉਹ ਸਾਰੇ ਕਿਸੇ ਨ ਕਿਸੇ ਸਵਾਰਥ ਕਾਰਨ ਹੀ ਇੱਕ ਦੂਸਰੇ ਨਾਲ ਜੁੜੇ ਹੋਏ ਹਨ। ਜੋ ਅੱਜ ਸੱਚੇ ਮਿੱਤਰ ਬਣੇ ਹੋਏ ਹਨ ਉਦੋਂ ਇੱਕ ਪਲ ਨਹੀਂ ਲੱਗਦਾ, ਇਹ ਲੱਭਦੇ ਨਹੀਂ ਜਦੋਂ ਬੰਦਾ ਔਖੇ ਦਿਨਾਂ ਵਿੱਚ ਫਸ ਜਾਂਦਾ ਹੈ। ਇਹੀ ਜਗ ਦੀ ਰੀਤ ਹੈ ਪਰ ਸਾਨੂੰ ਪਤਾ ਹੋਣ ਦੇ ਬਾਵਜੂਦ ਵੀ ਅਸੀਂ ਵਾਰ ਵਾਰ ਇਨ੍ਹਾਂ ਫੋਕੇ ਰਿਸ਼ਤੇ ਨਾਤਿਆਂ ਨੂੰ ਸੱਚੀਂ ਮੰਨੀ ਜਾਂਦੇ ਹਾਂ। ਗੁਰਬਾਣੀ ਸਾਨੂੰ ਵਾਰ ਵਾਰ ਉਸ ਸੱਚੇ ਸਾਥੀ ਅਕਾਲ ਪੁਰਖ ਦਾ ਉਪਦੇਸ਼ ਕਰਦੀ ਹੈ। ਨੌਵੇਂ ਪਾਤਸ਼ਾਹ ਸਾਹਿਬ ਸ੍ਰੀ ਗੁਰੁ ਤੇਗ ਬਹਾਦਰ ਸਾਹਿਬ ਦੀ ਬਾਣੀ ਵੀ ਜਗਤ ਦੇ ਇਨ੍ਹਾਂ ਝੂਠੇ ਰਿਸਤਿਆਂ ‘ਤੇ ਚੋਟ ਕਰਦੀ ਹੈ। ਅੱਜ ਅਸੀਂ ਇਹ ਜਗਿ ਮੀਤੁ ਨ ਦੇਖਿਓ ਕੋਈ ॥ ਸਗਲ ਜਗਤੁ ਅਪਨੈ ਸੁਖਿ ਲਾਗਿਓ ਦੁਖ ਮੈ ਸੰਗਿ ਨ ਹੋਈ ॥੧॥ ਸ਼ਬਦ ਦੀ ਵਿਚਾਰ ਕਰਾਂਗੇ।  ਇਹ ਸ਼ਬਦ ਸ੍ਰੀ ਗੁਰੂ ਗ੍ਰੰਥ ਸਾਹਿਬ ਦੇ ਅੰਗ 633 ‘ਤੇ ਅੰਕਿਤ ਹੈ ਜੋ ਕਿ  ਸੋਰਠਿ ਰਾਗ ਅਧੀਨ ਦਰਜ ਹੈ। ਸੋਰਠਿ ਰਾਗ ਅਧੀਨ ਨੌਵੇਂ ਗੁਰੂ ਜੀ ਦਾ ਇਹ 9ਵਾਂ ਅਤੇ ਕੁੱਲ ਬਾਣੀ ਦਾ 23ਵਾਂ ਸ਼ਬਦ ਹੈ। ਨੌਵੇਂ ਪਾਤਾਸ਼ਾਹ ਇਸ ਸ਼ਬਦ ਵਿੱਚ ਮਨੁੱਖ ਨੂੰ  ਇਸ ਤਰ੍ਹਾਂ ਉਪਦੇਸ਼ ਕਰ ਰਹੇ ਹਨ:

ਸੋਰਠਿ ਮਹਲਾ ੯ ॥ ਇਹ ਜਗਿ ਮੀਤੁ ਨ ਦੇਖਿਓ ਕੋਈ ॥ ਸਗਲ ਜਗਤੁ ਅਪਨੈ ਸੁਖਿ ਲਾਗਿਓ ਦੁਖ ਮੈ ਸੰਗਿ ਨ ਹੋਈ ॥੧॥ ਰਹਾਉ ॥

- Advertisement -

ਹੇ ਭਾਈ! ਇਸ ਜਗਤ ਵਿਚ ਕੋਈ (ਤੋੜ ਸਾਥ ਨਿਬਾਹੁਣ ਵਾਲਾ) ਮਿੱਤਰ (ਮੈਂ) ਨਹੀਂ ਵੇਖਿਆ। ਸਾਰਾ ਸੰਸਾਰ ਆਪਣੇ ਸੁਖ ਵਿਚ ਹੀ ਜੁੱਟਾ ਪਿਆ ਹੈ। ਦੁੱਖ ਵਿਚ (ਕੋਈ ਕਿਸੇ ਦੇ) ਨਾਲ (ਸਾਥੀ) ਨਹੀਂ ਬਣਦਾ।੧।ਰਹਾਉ।

ਦਾਰਾ ਮੀਤ ਪੂਤ ਸਨਬੰਧੀ ਸਗਰੇ ਧਨ ਸਿਉ ਲਾਗੇ ॥ ਜਬ ਹੀ ਨਿਰਧਨ ਦੇਖਿਓ ਨਰ ਕਉ ਸੰਗੁ ਛਾਡਿ ਸਭ ਭਾਗੇ ॥੧॥

ਹੇ ਭਾਈ! ਇਸਤ੍ਰੀ, ਮਿੱਤਰ, ਪੁੱਤਰ, ਰਿਸ਼ਤੇਦਾਰ-ਇਹ ਸਾਰੇ ਧਨ ਨਾਲ (ਹੀ) ਪਿਆਰ ਕਰਦੇ ਹਨ। ਜਦੋਂ ਹੀ ਇਹਨਾਂ ਨੇ ਮਨੁੱਖ ਨੂੰ ਕੰਗਾਲ ਵੇਖਿਆ, (ਤਦੋਂ) ਸਾਥ ਛੱਡ ਕੇ ਨੱਸ ਜਾਂਦੇ ਹਨ।੧।

ਕਹਂਉ ਕਹਾ ਯਿਆ ਮਨ ਬਉਰੇ ਕਉ ਇਨ ਸਿਉ ਨੇਹੁ ਲਗਾਇਓ ॥ ਦੀਨਾ ਨਾਥ ਸਕਲ ਭੈ ਭੰਜਨ ਜਸੁ ਤਾ ਕੋ ਬਿਸਰਾਇਓ ॥੨॥

ਹੇ ਭਾਈ! ਮੈਂ ਇਸ ਝੱਲੇ ਮਨ ਨੂੰ ਕੀਹ ਸਮਝਾਵਾਂ? (ਇਸ ਨੇ) ਇਹਨਾਂ (ਕੱਚੇ ਸਾਥੀਆਂ) ਨਾਲ ਪਿਆਰ ਪਾਇਆ ਹੋਇਆ ਹੈ। (ਜੇਹੜਾ ਪਰਮਾਤਮਾ) ਗਰੀਬਾਂ ਦਾ ਰਾਖਾ ਤੇ ਸਾਰੇ ਡਰ ਨਾਸ ਕਰਨ ਵਾਲਾ ਹੈ ਉਸ ਦੀ ਸਿਫ਼ਤਿ-ਸਾਲਾਹ (ਇਸ ਨੇ) ਭੁਲਾਈ ਹੋਈ ਹੈ।੨।

- Advertisement -

ਸੁਆਨ ਪੂਛ ਜਿਉ ਭਇਓ ਨ ਸੂਧਉ ਬਹੁਤੁ ਜਤਨੁ ਮੈ ਕੀਨਉ ॥ ਨਾਨਕ ਲਾਜ ਬਿਰਦ ਕੀ ਰਾਖਹੁ ਨਾਮੁ ਤੁਹਾਰਉ ਲੀਨਉ ॥੩॥੯॥ 

ਹੇ ਭਾਈ! ਜਿਵੇਂ ਕੁੱਤੇ ਦੀ ਪੂਛਲ ਸਿੱਧੀ ਨਹੀਂ ਹੁੰਦੀ (ਇਸੇ ਤਰ੍ਹਾਂ ਇਸ ਮਨ ਦੀ ਪਰਮਾਤਮਾ ਦੀ ਯਾਦ ਵਲੋਂ ਲਾ-ਪਰਵਾਹੀ ਹਟਦੀ ਨਹੀਂ) ਮੈਂ ਬਹੁਤ ਜਤਨ ਕੀਤਾ ਹੈ। ਹੇ ਨਾਨਕ! ਆਖ-ਹੇ ਪ੍ਰਭੂ! ਆਪਣੇ) ਮੁੱਢ-ਕਦੀਮਾਂ ਦੇ (ਪਿਆਰ ਵਾਲੇ) ਸੁਭਾਵ ਦੀ ਲਾਜ ਰੱਖ (ਮੇਰੀ ਮਦਦ ਕਰ, ਤਾਂ ਹੀ) ਮੈਂ ਤੇਰਾ ਨਾਮ ਜਪ ਸਕਦਾ ਹਾਂ।੩।੯।

ਨੌਵੇਂ ਨਾਨਕ ਸਾਹਿਬ ਸ੍ਰੀ ਗੁਰੂ ਤੇਗ ਬਹਾਦਰ ਜੀ ਉਕਤ ਸ਼ਬਦ ਵਿੱਚ ਮਨੁੱਖ ਸਮਝਾ ਰਹੇ ਹਨ ਕਿ ਹੇ ਭਾਈ! ਇਸ ਜਗਤ ਵਿਚ ਕੋਈ ਸਾਥ ਨਹੀਂ ਨਿਭਾਉਂਦਾ ਹਾਂ, ਸਾਰਾ ਸੰਸਾਰ ਆਪਣੇ ਸੁੱਖ ਵਿਚ ਹੀ ਲੱਗਿਆ ਹੋਇਆ ਹੈ। ਦੁੱਖ ਆਉਂਣ ‘ਤੇ ਕੋਈ ਨਾਲ ਨਹੀਂ ਖੜਦਾ। ਪਤਨੀ, ਮਿੱਤਰ, ਪੁੱਤਰ, ਰਿਸ਼ਤੇਦਾਰ-ਇਹ ਸਾਰੇ ਧਨ ਨਾਲ ਹੀ ਪਿਆਰ ਕਰਦੇ ਹਨ। ਜਦੋਂ ਧਨ ਖਤਮ ਹੋ ਜਾਂਦਾ ਹੈ ਉਦੋਂ ਸਾਰੇ ਦੂਰੀਆਂ ਬਣਾ ਲੈਂਦੇ ਹਨ। ਇਹ ਗੱਲ ਮਨ ਨੂੰ ਪਤਾ ਹੋਣ ਦੇ ਬਾਵਜੂਦ ਵੀ ਇਨ੍ਹਾਂ ਕੱਚੇ ਸਾਥੀਆਂ ਨਾਲ ਪਿਆਰ ਪਾਈ ਜਾਂਦਾ ਹੈ। ਜਿਵੇਂ ਕੁੱਤੇ ਦੀ ਪੂਛ ਸਿੱਧੀ ਨਹੀਂ ਹੁੰਦੀ ਉਸੇ ਤਰ੍ਰਾਂ ਇਸ ਮਨ ਦੀ ਹਾਲਤ ਹੈ। ਇਹ ਉਸ ਸੱਚੇ ਸਾਥੀ ਪ੍ਰਮਾਤਮਾ ਵਾਹਿਗੁਰੂ ਦੀ ਸਿਫਤ ਸਲਾਹ ਨੂੰ ਭੁਲਾਈਂ ਬੈਠਾ ਹੈ। ਸੋ ਅਖੀਰ ਵਿੱਚ ਗੁਰੂ ਜੀ ਉਸ ਅਕਾਲ ਪੁਰਖ ਦਾ ਨਾਮ ਸਿਮਰਨ ਉਪਦੇਸ਼ ਦਿੰਦੇ ਹਨ ਜੋ ਆਦਿ ਤੋਂ ਹੀ ਆਪਣੇ  ਪਿਆਰਿਆਂ ਨਾਲ ਪਿਆਰ ਕਰਦਾ ਹੈ।

ਕੱਲ ਸ਼ਾਮੀ 6 ਵਜੇ ਸਾਹਿਬ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਦੀ ਬਾਣੀ ਵਿਚਲੇ 24ਵੇਂ ਸ਼ਬਦ ਦੀ ਵਿਚਾਰ ਕਰਾਂਗੇ। ਸ਼ਬਦ ਵਿਚਾਰ ਲਈ ਆਧਾਰ ਸਰੋਤ ਪ੍ਰੋਫ਼ੈਸਰ ਸਾਹਿਬ ਸਿੰਘ ਦੁਆਰਾ ਕੀਤੇ ਗੁਰਬਾਣੀ ਦੇ ਟੀਕੇ ਨੂੰ ਬਣਾਇਆ ਗਿਆ ਹੈ। ਸ਼ਬਦ ਵਿਚਾਰ ਸੰਬੰਧੀ ਜੇ ਕੋਈ ਆਪ ਜੀ ਦਾ ਸੁਝਾਅ ਹੈ ਤਾਂ ਤੁਸੀਂ ਸਾਡੇ ਨਾਲ ਜ਼ਰੂਰ ਸਾਂਝਾ ਕਰੋ ਜੀ ਸਾਨੂੰ ਖੁਸ਼ੀ ਹੋਵੇਗੀ। ਭੁੱਲਾਂ ਚੁੱਕਾਂ ਦੀ ਖਿਮਾ।

ਵਾਹਿਗੁਰੂ ਜੀ ਕਾ ਖਾਲਸਾ

ਵਾਹਿਗੁਰੂ ਜੀ ਕੀ ਫਤਿਹ॥

*gurdevsinghdr@gmail.com

 

Share this Article
Leave a comment