ਗੁਰੂ ਜੀ ਮਨੁੱਖ ਨੂੰ ਨਿਲਾਜ ਭਾਵ ਬੇਸ਼ਰਮ, ਮੂਰਖ ਆਦਿ ਸ਼ਬਦਾਂ ਨਾਲ ਸੰਬੋਧਨ ਕਰ ਕੇ ਸਖਤ ਤਾੜਨਾ ਕਰ ਰਹੇ ਹਨ ਕਿ ਤੇਰਾ ਜੀਵਨ ਹੋਲੀ ਹੋਲੀ ਮੁਕਦਾ ਜਾ ਰਿਹਾ ਹੈ, ਤੂੰ ਹੁਣ ਵੀ ਨਹੀਂ ਸਮਝ ਰਿਹਾ, ਤੇਰੇ ਸਿਰ ‘ਤੇ ਕਾਲ ਭਾਵ ਮੌਤ ਤਕ ਆ ਗਈ ਹੈ, ਜਿਸ ਤੋਂ ਤੂੰ ਕਦੀ ਵੀ ਬਚ ਸਕਦਾ। ਭਲਿਆ ਜਿਸ ਦੇਹੀ ਨੂੰ ਤੂੰ ਚਿਰ ਸਥਾਈ ਸਮਝੀ ਜਾਂਦਾ ਹੈ ਇਸ ਦੇ ਖਤਮ ਹੋਣ ਵਿੱਚ ਜਾਂ ਇਸ ਦੇ ਸੁਆਹ ਹੋਣ ਵਿੱਚ ਪਲ ਨਹੀਂ ਲੱਗਣਾ। ਸ਼ਬਦ ਦੇ ਅਖੀਰ ਵਿੱਚ ਗੁਰੂ ਜੀ…
ਨੌਵੇਂ ਮਹਲੇ ਦੀ ਇਲਾਹੀ ਬਾਣੀ ਦੇ 59ਵੇਂ ਸ਼ਬਦ ਦੀ ਵਿਚਾਰ – Shabad Vichaar -59
ਬੀਤ ਜੈਹੈ ਬੀਤ ਜੈਹੈ ਜਨਮੁ ਅਕਾਜੁ ਰੇ ॥ ਸ਼ਬਦ ਵਿਚਾਰ
ਡਾ. ਗੁਰਦੇਵ ਸਿੰਘ*
ਮੌਤ ਤੋਂ ਭਜਿਆ ਨਹੀਂ ਜਾਣਾ ਭਾਵ ਮੌਤ ਦਾ ਦਿਨ ਨਿਸ਼ਚਿਤ ਹੈ। ਮਨੁੱਖ ਦਾ ਜੀਵਨ ਹੋਲੀ ਹੋਲੀ ਬੀਤਦਾ ਹੀ ਜਾ ਰਿਹਾ ਹੈ ਪਰ ਮਨੁੱਖ ਉਸ ਅਕਾਲ ਪੁਰਖ ਦੇ ਚਰਨਾਂ ਵਿੱਚ ਆਪਣਾ ਮਨ ਨਾ ਲਾ ਕੇ ਫਾਨੀ ਸੰਸਾਰ ਵਿੱਚ ਹੀ ਗ੍ਰਸਤ ਰਹਿੰਦਾ ਹੈ। ਗੁਰਬਾਣੀ ਨੂੰ ਪੜ੍ਹਨ ਵਾਲੇ ਇਸ ਭੇਦ ਨੂੰ ਜਾਣ ਲੈਂਦੇ ਹਨ ਕਿਉਂਕਿ ਗੁਰਬਾਣੀ ਇਸ ਸੰਬੰਧੀ ਸਾਨੂੰ ਵਾਰ ਵਾਰ ਸਖਤ ਤਾੜਨਾ ਜੋ ਕਰਦੀ ਹੈ।
ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਦੀ ਬਾਣੀ ਦੀ ਚੱਲ ਰਹੀ ਲੜੀਵਾਰ ਸ਼ਬਦ ਵਿਚਾਰ ਵਿੱਚ ਅੱਜ ਅਸੀਂ ਗੁਰੂ ਸਾਹਿਬ ਦੀ ਕੁੱਲ ਬਾਣੀ ਦੇ 59ਵੇਂ ਸ਼ਬਦ ‘ਬੀਤ ਜੈਹੈ ਬੀਤ ਜੈਹੈ ਜਨਮੁ ਅਕਾਜੁ ਰੇ॥ ਨਿਸਿ ਦਿਨੁ ਸੁਨਿ ਕੈ ਪੁਰਾਨ ਸਮਝਤ ਨਹ ਰੇ ਅਜਾਨ॥ ਕਾਲੁ ਤਉ ਪਹੂਚਿਓ ਆਨਿ ਕਹਾ ਜੈਹੈ ਭਾਜਿ ਰੇ॥’ ਦੀ ਵਿਚਾਰ ਕਰਾਂਗੇ। ਇਹ ਸ਼ਬਦ ਸ੍ਰੀ ਗੁਰੂ ਗ੍ਰੰਥ ਸਾਹਿਬ ਦੇ ਅੰਗ 1352 -1353 ‘ਤੇ ਰਾਗ ਜੈਜਾਵੰਤੀ ਅਧੀਨ ਅੰਕਿਤ ਹੈ।
ਸ੍ਰੀ ਗੁਰੂ ਤੇਗ ਬਹਾਦਰ ਜੀ ਦੀ ਬਾਣੀ ਦਾ ਇਹ ਆਖਰੀ ਸ਼ਬਦ ਹੈ ਇਸ ਤੋਂ ਬਾਅਦ ਨੌਵੇਂ ਮਹਲੇ ਦੇ 57 ਸਲੋਕ ਜੋ ਕਿ ਸ੍ਰੀ ਗੁਰੂ ਗ੍ਰੰਥ ਸਾਹਿਬ ਦੇ ਅਖੀਰ ਵਿੱਚ ਰਾਗਮਾਲਾ ਤੋਂ ਪਹਿਲਾਂ ਅੰਕਿਤ ਨੇ, ਉਹ ਆਉਂਦੇ ਹਨ। ਸ੍ਰੀ ਗੁਰੂ ਗ੍ਰੰਥ ਸਾਹਿਬ ਰਾਗਾਤਮਕ ਸੰਪਾਦਿਤ ਬਾਣੀ ਵਿੱਚ ਨੌਵੇਂ ਗੁਰੂ ਦੇ ਕੁੱਲ 59 ਸ਼ਬਦ ਹਨ ਜੋ ਕਿ ਵੱਖ ਵੱਖ 16 ਰਾਗਾਂ ਅਧੀਨ ਅੰਕਿਤ ਹਨ। ਜਿਸ ਵਿੱਚ ਮੁੱਖ ਰਾਗ 15 ਅਤੇ ਇੱਕ ‘ਬਸੰਤ ਹਿੰਡੋਲ’, ਰਾਗ ਪ੍ਰਕਾਰ ਦੇ ਰੂਪ ਵਿੱਚ ਸ਼ਾਮਿਲ ਹੈ। ਨੌਵੇਂ ਮਹਲੇ ਦੀ ਬਾਣੀ ਦੇ ਸ਼ਬਦਾਂ ਦੇ ਸਰੂਪ ਦੀ ਇੱਕ ਵਿਸ਼ੇਸ਼ਤਾ ਇਹ ਰਹੀ ਹੈ ਕਿ ਹਰ ਸ਼ਬਦ ਵਿੱਚ ‘ਰਹਾਉ’ ਪੰਕਤੀ ਤੋਂ ਹੀ ਸ਼ੁਰੂ ਹੁੰਦਾ ਹੈ। ਇਸ ਤੋਂ ਇਲਾਵਾ ਗੁਰੂ ਜੀ ਨੇ ਬਾਣੀ ਵਿੱਚ ਇਸ ਸੰਸਾਰ ਨੂੰ ਫਨਾਹ ਹੋਣ ਵਾਲਾ ਦਸਿਆ ਹੈ, ਸੰਸਾਰ ਨੂੰ ਸੁਪਨੇ ਦੇ ਸਮਾਨ ਦਰਸਾਇਆ ਹੈ, ਸਰੀਰ ਦੀ ਨਾਸ਼ਮਾਨਤਾ ਦਾ ਉਪਦੇਸ਼ ਦਿੱਤਾ ਹੈ, ਸੰਸਾਰਿਕ ਰਿਸ਼ਤੇ ਨਾਤਿਆਂ ਦੇ ਅਸਲ ਰੂਪ ਨੂੰ ਦਿਖਾਇਆ ਹੈ ਆਦਿ। ਅੱਜ ਅਸੀਂ ਜਿਸ ਸ਼ਬਦ ਦੀ ਵਿਚਾਰ ਕਰ ਰਹੇ ਹਾਂ ਉਸ ਵਿੱਚ ਵੀ ਗੁਰੂ ਜੀ ਮਨੁੱਖ ਨੂੰ ਮਨੁੱਖਾ ਜਨਮ ਸੰਭਾਲਣ ਦਾ ਉਪਦੇਸ਼ ਦੇ ਰਹੇ ਹਨ:
ਜੈਜਾਵੰਤੀ ਮਹਲਾ ੯ ॥
ਬੀਤ ਜੈਹੈ ਬੀਤ ਜੈਹੈ ਜਨਮੁ ਅਕਾਜੁ ਰੇ ॥
ਨਿਸਿ ਦਿਨੁ ਸੁਨਿ ਕੈ ਪੁਰਾਨ ਸਮਝਤ ਨਹ ਰੇ ਅਜਾਨ ॥
ਕਾਲੁ ਤਉ ਪਹੂਚਿਓ ਆਨਿ ਕਹਾ ਜੈਹੈ ਭਾਜਿ ਰੇ ॥੧॥ ਰਹਾਉ ॥
ਹੇ ਭਾਈ! (ਪਰਮਾਤਮਾ ਦੀ ਭਗਤੀ ਤੋਂ ਬਿਨਾ) ਮਨੁੱਖਾ ਜੀਵਨ (ਦਾ ਸਮਾ) ਜਨਮ-ਮਨੋਰਥ ਹਾਸਲ ਕਰਨ ਤੋਂ ਬਿਨਾ ਹੀ ਲੰਘਦਾ ਜਾ ਰਿਹਾ ਹੈ, ਗੁਜ਼ਰਦਾ ਜਾ ਰਿਹਾ ਹੈ। ਹੇ ਮੂਰਖ! ਰਾਤ ਦਿਨ ਪੁਰਾਣ (ਆਦਿਕ ਪੁਸਤਕਾਂ ਦੀਆਂ ਕਹਾਣੀਆਂ) ਸੁਣ ਕੇ (ਭੀ) ਤੂੰ ਨਹੀਂ ਸਮਝਦਾ (ਕਿ ਇਥੇ ਸਦਾ ਨਹੀਂ ਬੈਠ ਰਹਿਣਾ) । ਮੌਤ (ਦਾ ਸਮਾ) ਤਾਂ (ਨੇੜੇ) ਆ ਪਹੁੰਚਿਆ ਹੈ (ਦੱਸ, ਤੂੰ ਇਸ ਪਾਸੋਂ) ਭੱਜ ਕਿੱਥੇ ਚਲਾ ਜਾਹਿਂਗਾ।1। ਰਹਾਉ।
ਅਸਥਿਰੁ ਜੋ ਮਾਨਿਓ ਦੇਹ ਸੋ ਤਉ ਤੇਰਉ ਹੋਇ ਹੈ ਖੇਹ ॥
ਕਿਉ ਨ ਹਰਿ ਕੋ ਨਾਮੁ ਲੇਹਿ ਮੂਰਖ ਨਿਲਾਜ ਰੇ ॥੧॥
ਹੇ ਮੂਰਖ! ਹੇ ਬੇ-ਸ਼ਰਮ! ਜਿਸ (ਆਪਣੇ) ਸਰੀਰ ਨੂੰ ਤੂੰ ਸਦਾ ਕਾਇਮ ਰਹਿਣ ਵਾਲਾ ਸਮਝੀ ਬੈਠਾ ਹੈਂ, ਤੇਰਾ ਉਹ (ਸਰੀਰ) ਤਾਂ (ਜ਼ਰੂਰ) ਸੁਆਹ ਹੋ ਜਾਇਗਾ। (ਫਿਰ) ਤੂੰ ਕਿਉਂ ਪਰਮਾਤਮਾ ਦਾ ਨਾਮ ਨਹੀਂ ਜਪਦਾ?।1।
ਰਾਮ ਭਗਤਿ ਹੀਏ ਆਨਿ ਛਾਡਿ ਦੇ ਤੈ ਮਨ ਕੋ ਮਾਨੁ ॥
ਨਾਨਕ ਜਨ ਇਹ ਬਖਾਨਿ ਜਗ ਮਹਿ ਬਿਰਾਜੁ ਰੇ ॥੨॥੪॥
ਦਾਸ ਨਾਨਕ (ਤੈਨੂੰ ਮੁੜ ਮੁੜ) ਇਹ ਗੱਲ ਹੀ ਆਖਦਾ ਹੈ ਕਿ (ਆਪਣੇ) ਮਨ ਦਾ ਅਹੰਕਾਰ ਛੱਡ ਦੇਹ, ਪਰਮਾਤਮਾ ਦੀ ਭਗਤੀ (ਆਪਣੇ) ਹਿਰਦੇ ਵਿਚ ਵਸਾ ਲੈ। ਇਹੋ ਜਿਹਾ ਸੁਚੱਜਾ ਜੀਵਨ ਜੀਉ।2।4।
ਨੌਵੇਂ ਗੁਰੂ ਇਸ ਸ਼ਬਦ ਵਿੱਚ ਮਨੁੱਖ ਨੂੰ ਨਿਲਾਜ ਭਾਵ ਬੇਸ਼ਰਮ, ਮੂਰਖ ਆਦਿ ਸ਼ਬਦਾਂ ਨਾਲ ਸੰਬੋਧਨ ਕਰ ਕੇ ਸਖਤ ਤਾੜਨਾ ਕਰ ਰਹੇ ਹਨ ਕਿ ਤੇਰਾ ਜੀਵਨ ਹੋਲੀ ਹੋਲੀ ਮੁਕਦਾ ਜਾ ਰਿਹਾ ਹੈ, ਤੂੰ ਹੁਣ ਵੀ ਨਹੀਂ ਸਮਝ ਰਿਹਾ, ਤੂੰ ਪੁਰਾਣ ਆਦਿਕ ਧਾਰਮਿਕ ਗ੍ਰੰਥਾਂ ਦੇ ਉਪਦੇਸ਼ ਸੁਣ ਕੇ ਵੀ ਉਨ੍ਹਾਂ ‘ਤੇ ਅਮਲ ਨਹੀਂ ਕਰਦਾ, ਤੇਰੇ ਸਿਰ ‘ਤੇ ਕਾਲ ਭਾਵ ਮੌਤ ਤਕ ਆ ਗਈ ਹੈ, ਜਿਸ ਤੋਂ ਤੂੰ ਕਦੀ ਵੀ ਬਚ ਸਕਦਾ। ਭਲਿਆ ਜਿਸ ਦੇਹੀ ਨੂੰ ਤੂੰ ਚਿਰ ਸਥਾਈ ਸਮਝੀ ਜਾਂਦਾ ਹੈ ਇਸ ਦੇ ਖਤਮ ਹੋਣ ਵਿੱਚ ਜਾਂ ਇਸ ਦੇ ਸੁਆਹ ਹੋਣ ਵਿੱਚ ਪਲ ਨਹੀਂ ਲੱਗਣਾ। ਸ਼ਬਦ ਦੇ ਅਖੀਰ ਵਿੱਚ ਗੁਰੂ ਜੀ ਮਨੁੱਖ ਨੂੰ ਆਖ ਰਹੇ ਹਨ ਕਿ ਹੇ ਭਾਈ ਤੂੰ ਹੰਕਾਰ ਨੂੰ ਛੱਡ ਕੇ ਪ੍ਰਭੂ ਚਰਨਾਂ ਵਿੱਚ ਮਨ ਲਾ, ਉਸ ਦੇ ਨਾਮ ਨੂੰ ਹਿਰਦੇ ਵਿੱਚ ਵਸਾ ਇਹ ਹੀ ਤੇਰਾ ਸੁੱਚਜਾ ਕਾਰਜ ਹੈ।
ਕੱਲ੍ਹ ਸ਼ਾਮੀ 6 ਵਜੇ ਸਾਹਿਬ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਦੇ 57 ਸਲੋਕਾਂ ਦੀ ਵਿਚਾਰ ਸ਼ੁਰੂ ਕਰਾਂਗੇ। ਪ੍ਰੋ. ਸਾਹਿਬ ਸਿੰਘ ਜੀ ਦੀ ਕ੍ਰਿਤ ‘ਸ੍ਰੀ ਗੁਰੂ ਗ੍ਰੰਥ ਸਾਹਿਬ ਦਰਪਣ’ ਨੂੰ ਸ਼ਬਦ ਦੀ ਵਿਚਾਰ ਦਾ ਅਧਾਰ ਬਣਾਇਆ ਗਿਆ ਹੈ। ਸ਼ਬਦ ਵਿਚਾਰ ਸੰਬੰਧੀ ਜੇ ਆਪ ਜੀ ਦਾ ਵੀ ਕੋਈ ਸੁਝਾਅ ਹੈ ਤਾਂ ਤੁਸੀਂ ਸਾਡੇ ਨਾਲ ਜ਼ਰੂਰ ਸਾਂਝਾ ਕਰੋ। ਸਾਨੂੰ ਖੁਸ਼ੀ ਹੋਵੇਗੀ। ਭੁੱਲਾਂ ਚੁੱਕਾਂ ਦੀ ਖਿਮਾ।
ਵਾਹਿਗੁਰੂ ਜੀ ਕਾ ਖਾਲਸਾ
ਵਾਹਿਗੁਰੂ ਜੀ ਕੀ ਫਤਿਹ॥