“ਜਿਨ੍ਹਾਂ ਸਿੰਘਾਂ ਸਿੰਘਣੀਆਂ ਨੇ ਧਰਮ ਹੇਤ ਸੀਸ ਦਿੱਤੇ”

Global Team
10 Min Read

ਸਿੱਖ ਧਰਮ ਦੀ ਨੀਂਹ ਕੁਰਬਾਨੀ ਤੇ ਰੱਖੀ ਗਈ ਹੈ। ਇਤਿਹਾਸ ਵਿੱਚ ਜਦ ਵੀ ਸ਼ਹਾਦਤਾਂ ਦੀ ਰੁੱਤ ਆਈ ਹੈ ਤਾਂ ਸਿੱਖਾਂ ਨੇ ਕਦੇ ਸ਼ਹੀਦੀਆਂ ਪਾਉਣ ਤੋਂ ਪਿੱਠ ਨਹੀਂ ਦਿਖਾਈ। ਅੱਜ ਤੋਂ ਇੱਕ ਸਦੀ ਪਹਿਲਾਂ ਸਮੇਂ  ਨੇ ਫਿਰ ਖਾਲਸੇ ਦਾ ਸਬਰ ਪਰਖਣ ਦਾ ਤਹਈਆ ਕੀਤਾ। ਸੂਰਮਿਆਂ ਨੇ ਇੱਕ ਵਾਰ ਫਿਰ ਸਮੇਂ ਦੀ ਝੋਲੀ ਚ ਸਿਰਾਂ ਦੀ ਖੈਰ ਪਾਈ। ਇਸ ਵਾਰ ਗੱਲ ਗੁਰੂਘਰਾਂ ਨੂੰ ਪਖੰਡੀ ਮਹੰਤਾਂ ਤੋਂ ਅਜ਼ਾਦ ਕਰਾਉਣ ਦੀ ਸੀ। ਸਿਦਕ ਦੀ ਮੂਰਤ ਸੂਰਮਿਆਂ ਨੇ ਸਿਰ ਤੇ ਕਫ਼ਨ ਬੰਨ ਕੇ ਸ਼ਹੀਦੀ ਜਥੇ ਤੋਰੇ ਅਤੇ ਜਬਰ ਦਾ ਮੁਕਾਬਲਾ ਸਬਰ ਨਾਲ ਕਰਦਿਆਂ ਸਮੁੱਚੇ ਇਤਿਹਾਸਕ ਗੁਰੂਧਾਮਾਂ ਨੂੰ ਅਜ਼ਾਦ ਕਰਵਾ ਕੇ ਗੁਰ ਮਰਯਾਦਾ ਬਹਾਲ ਕਰਵਾਈ।

ਵੀਹਵੀਂ ਸਦੀ ਦੇ ਸ਼ੁਰੂਆਤੀ ਦੌਰ ਤੱਕ ਗੁਰਦੁਆਰਾ ਸਹਿਬਾਨ ਦਾ ਪ੍ਰਬੰਧ ਮਹੰਤਾਂ ਦੇ ਹੱਥਾਂ ਵਿੱਚ ਸੀ। ਮਹੰਤ ਅੱਤ ਦਰਜੇ ਦੇ ਭ੍ਰਿਸ਼ਟ, ਨੀਚ ਅਤੇ ਭੋਗੀ ਹੋ ਚੁਕੇ ਸਨ। ਉਨ੍ਹਾਂ ਵੱਲੋਂ ਗੁਰਦੁਆਰਾ ਸਾਹਿਬਾਨ ਦੀ ਮਰਯਾਦਾ ਨੂੰ ਢਾਹ ਲਾਈ ਜਾ ਰਹੀ ਸੀ। ਗੁਰਦੁਆਰਾ ਸਾਹਿਬਾਨ ਦੇ ਪ੍ਰਬੰਧਾਂ ਨੂੰ ਮੁੜ ਉਸਾਰੂ ਢੰਗ  ਨਾਲ ਚਲਾਉਣ ਲਈ ਅਤੇ ਪ੍ਰਬੰਧ ਪੰਥਕ ਹੱਥਾਂ ਵਿੱਚ ਲੈਣ ਲਈ ਇਕ ਲਹਿਰ ਦੀ ਸ਼ੁਰੂਆਤ ਕੀਤੀ ਗਈ ਜਿਸ ਦਾ ਨਾਮ ਰੱਖਿਆ ਗਿਆ ਗੁਰਦੁਆਰਾ ਪ੍ਰਬੰਧ ਸੁਧਾਰ ਲਹਿਰ। ਵੀਹਵੀਂ ਸਦੀ ਦੇ ਦੂਜੇ ਦਹਾਕੇ ਦੌਰਾਨ 1920 ਈ ਨੂੰ ਸਿੱਖਾਂ ਦੀ ਸਿਰਮੌਰ ਸੰਸਥਾ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੀ ਹੋਂਦ ਵਿੱਚ ਆ ਚੁੱਕੀ ਸੀ। ਜਿਸ ਦੀ ਅਗਵਾਈ ਹੇਠ ਸਮੁੱਚੇ ਸਿੱਖ ਪੰਥ ਵੱਲੋਂ ਗੁਰਦੁਆਰਾ ਸਹਿਬਾਨ ਤੋਂ ਮਹੰਤਾਂ ਦਾ ਕਬਜ਼ਾ ਛੁਡਾਉਣ ਲਈ ਲੰਬੀ ਜੱਦੋ ਜਹਿਦ ਕੀਤੀ ਗਈ। ਇਸੇ ਪੰਥਕ ਸੰਘਰਸ਼ ਦੇ ਇੱਕ ਪੰਨੇ ਤੇ ਲਿਖਿਆ ਗਿਆ ਹੈ ਸਾਕਾ ਨਨਕਾਣਾ ਸਾਹਿਬ। ਜਦੋਂ ਸ੍ਰੀ ਗੁਰੂ ਨਾਨਕ ਦੇਵ ਪਾਤਸ਼ਾਹ ਜੀ ਦੇ ਪ੍ਰਕਾਸ਼ ਅਸਥਾਨ ਗੁਰਦੁਆਰਾ ਨਨਕਾਣਾ ਸਾਹਿਬ ਵਿਖੇ ਸ਼ਾਂਤਮਈ ਸਿੱਖਾਂ ਉੱਪਰ ਮਹੰਤ ਨਰੈਣ ਦਾਸ ਦੇ ਗੁੰਡਿਆਂ ਵੱਲੋਂ ਤਸ਼ੱਦਦ ਢਾਹਿਆ ਗਿਆ ਅਤੇ ਉਨ੍ਹਾਂ ਨੂੰ ਸ਼ਹੀਦ ਕੀਤਾ ਗਿਆ  ।

- Advertisement -

ਮਹੰਤ ਨਰੈਣ ਦਾਸ ਅੱਤ ਦਰਜੇ ਦਾ ਨੀਚ ਅਤੇ ਭ੍ਰਿਸ਼ਟ ਆਦਮੀ ਸੀ। ਉਸ ਵੱਲੋਂ ਗੁਰਦੁਆਰਾ ਸਾਹਿਬ ਅੰਦਰ ਸ਼ਰਾਬਾਂ ਦੇ ਦੌਰ ਚਲਾਏ ਜਾਂਦੇ ਵੇਸ਼ਵਾਵਾਂ ਦੇ ਨਾਚ ਕਰਵਾਏ ਜਾਂਦੇ । ਇੱਕ ਸਿੰਧੀ ਜੱਜ ਰਿਟਾਇਰਮੈਂਟ ਤੋਂ ਬਾਅਦ ਆਪਣੇ ਪਰਿਵਾਰ ਨਾਲ ਨਨਕਾਣਾ ਸਾਹਿਬ ਵਿਖੇ ਦਰਸ਼ਨਾਂ ਲਈ ਆਇਆ ਤਾਂ ਮਹੰਤ ਦੇ ਗੁੰਡਿਆਂ ਨੇ ਉਸ ਦੀ ੧੩ ਸਾਲਾ ਮਾਸੂਮ ਬੱਚੀ ਨਾਲ ਜਬਰ ਜਨਾਹ ਕੀਤਾ ਗਿਆ। ਇਹ ਸਾਰੀਆਂ ਘਟਨਾਵਾਂ ਮਹੰਤ ਵੱਲੋਂ ਕੀਤੇ ਜਾਂਦੇ ਕੁਕਰਮਾਂ ਦਾ ਸਿਖਰ ਸੀ। 

ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀ ਅਗਵਾਈ ਵਿੱਚ ਮਹੰਤ ਨੂੰ ਸਬਕ ਸਿਖਾਉਣ ਦੇ ਲਈ ਕਾਰਵਾਈ ਆਰੰਭ ਹੋਈ। ਭਾਈ ਲਛਮਣ ਸਿੰਘ ਧਾਰੋਵਾਲੀ ਅਤੇ ਕਈ ਪੰਥਕ ਆਗੂਆਂ ਦੀ ਅਗਵਾਈ ਜੱਥੇ ਸ੍ਰੀ ਨਨਕਾਣਾ ਸਾਹਿਬ ਵੱਲ ਰਵਾਨਾ ਕੀਤੇ ਗਏ ।ਪੰਥਕ ਆਗੂਆਂ ਵੱਲੋਂ 19 ਫ਼ਰਵਰੀ 1921 ਨੂੰ ਸ਼੍ਰੀ ਨਨਕਾਣਾ ਸਾਹਿਬ ਵਲ ਚਾਲੇ ਪਾਉਣ ਦਾ ਫੈਸਲਾ ਕੀਤਾ। ਭਾਈ ਲਛਮਣ ਸਿੰਘ ਧਾਰੋਵਲੀ ਦਾ ਜਥਾ 19 ਫ਼ਰਵਰੀ ਨੂੰ ਰਾਤ ਸਾਢੇ ਅੱਠ ਵਜੇ ਤੁਰਿਆ। ਤੁਰਨ ਤੋਂ ਪਹਿਲਾਂ ਸੰਗਤ ਨੇ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਤੋਂ ਹੁਕਮਨਾਮਾ ਲਿਆ।

 ਹੁਕਮਨਾਮਾ ਆਇਆ:

ਕੋਈ ਆਣਿ ਮਿਲਾਵੈ ਮੇਰਾ ਪ੍ਰੀਤਮੁ ਪਿਆਰਾ ਹਉ ਤਿਸੁ ਪਹਿ ਆਪੁ ਵੇਚਾਈ ॥੧॥

- Advertisement -

ਦਰਸਨੁ ਹਰਿ ਦੇਖਣ ਕੈ ਤਾਈ ॥ ਕ੍ਰਿਪਾ ਕਰਹਿ ਤਾ ਸਤਿਗੁਰੁ ਮੇਲਹਿ ਹਰਿ ਹਰਿ ਨਾਮੁ ਧਿਆਈ ॥੧॥ ਰਹਾਉ ॥

ਜੇ ਸੁਖੁ ਦੇਹਿ ਤ ਤੁਝਹਿ ਅਰਾਧੀ ਦੁਖਿ ਭੀ ਤੁਝੈ ਧਿਆਈ ॥੨॥

ਜੇ ਭੁਖ ਦੇਹਿ ਤ ਇਤ ਹੀ ਰਾਜਾ ਦੁਖ ਵਿਿਚ ਸੂਖ ਮਨਾਈ ॥੩॥

ਤਨੁ ਮਨੁ ਕਾਟਿ ਕਾਟਿ ਸਭੁ ਅਰਪੀ ਵਿਿਚ ਅਗਨੀ ਆਪੁ ਜਲਾਈ ॥੪॥

ਪਖਾ ਫੇਰੀ ਪਾਣੀ ਢੋਵਾ ਜੋ ਦੇਵਹਿ ਸੋ ਖਾਈ ॥੫॥

ਨਾਨਕੁ ਗਰੀਬੁ ਢਹਿ ਪਇਆ ਦੁਆਰੈ ਹਰਿ ਮੇਲਿ ਲੈਹੁ ਵਡਿਆਈ ॥੬॥

ਰਾਗੁ ਸੂਹੀ ਅਸਟਪਦੀਆ ਮਹਲਾ ੪ ਘਰੁ ੨

ਹੁਕਮਨਾਮਾ ਸਰਵਣ ਕਰਦਿਆਂ ਹੀ ਜਥੇ ਨੂੰ ਤਨ ਮਨ ਗੁਰੂ ਤੋਂ ਵਾਰਨ ਦਾ ਚਾਅ ਚੜ ਗਿਆ।

ਭਾਈ ਸਾਹਿਬ ਦੇ ਪਿੰਡੋਂ 7 ਸਿੰਘ ਅਤੇ 3 ਬੀਬੀਆਂ ਦਾ ਜਥਾ ਚਲਿਆ। ਰਸਤੇ ਵਿੱਚ ਹੋਰ ਸਿੰਘ ਸਿੰਘਣੀਆਂ ਨਾਲ ਰਲਦੇ ਗਏ। ਜਦੋਂ ਜਥਾ ਨਜ਼ਾਮਪੁਰ ਦੇਵਾ ਸਿੰਘ ਪੁੱਜਾ ਤਾਂ ਉੱਥੇ ਭਾਈ ਈਸ਼ਰ ਸਿੰਘ ਬਹੇੜੁ ਵਾਲਿਆਂ ਨੇ ਵੀ ਸ਼੍ਰੀ ਗੁਰੂ ਗ੍ਰੰਥ ਸਾਹਿਬ ਤੋਂ ਹੁਕਮਨਾਮਾ ਲਿਆ ਤਾਂ ਉਹੀ ਹੁਕਮਨਾਮਾ ਦੋਬਾਰਾ ਆਇਆ। ਸਿੰਘਾਂ ਨੇ ਅਰਦਾਸੇ ਸੋਧ ਕੇ ਜੈਕਾਰਿਆਂ ਦੀ ਗੂੰਜ ਚ ਚਾਲੇ ਪਾਏ।  

 ਉਧਰ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਕੀਤੀ ਜਾ ਰਹੀ ਕਾਰਵਾਈ ਬਾਬਤ ਮਹੰਤ ਨੂੰ ਵੀ ਪਤਾ ਚੱਲ ਚੁੱਕਿਆ ਸੀ। ਉਸ ਵੱਲੋਂ ਵੀ ਵੱਡੀ ਕਾਰਵਾਈ ਕੀਤੀ ਗਈ। ਵੱਡੀ ਗਿਣਤੀ ਵਿੱਚ ਗੁੰਡੇ ਇਕੱਠੇ ਕਰਕੇ ਹਥਿਆਰਾਂ ਦੇ ਢੇਰ ਲਗਾ ਲਏ। 20 ਫਰਵਰੀ ਵਾਲੇ ਦਿਨ ਮਹੰਤ ਨੇ ਲਾਹੌਰ ਇਕ ਕਾਨਫਰੰਸ ਚ ਜਾਣਾ ਸੀ ਅਕਾਲੀਆਂ ਦੀ ਕਾਰਵਾਈ ਬਾਰੇ ਸੁਣ ਕੇ ਉਸ ਨੇ ਪ੍ਰੋਗਰਾਮ ਕੈਂਸਲ ਕਰ ਦਿੱਤਾ। ਭਾਈ ਲਛਮਣ ਸਿੰਘ ਜੀ ਬਾਕੀ ਸਿੰਘਾਂ ਸਮੇਤ ਸ਼ਹੀਦੀ ਗਾਨੇ ਬੰਨ ਕੇ ਗੁਰਦੁਆਰਾ ਸਾਹਿਬ ਦੀ ਹਦੂਦ ਅੰਦਰ ਪਹੁੰਚੇ।

 ਪੌਣੇ ਛੇ ਵਜੇ ਦੇ ਕਰੀਬ ਜੱਥਾ ਗੁਰਦੁਆਰਾ ਸਾਹਿਬ ਅੰਦਰ ਦਾਖਲ ਹੋ ਗਿਆ । ਭਾਈ ਲਛਮਣ ਸਿੰਘ ਅਤੇ ਭਾਈ ਗੁਰਿਦੱਤ ਸਿੰਘ ਜੀ ਸ਼ਾਹਕੋਟ ਨੇ ਦਰਸ਼ਨੀ ਡਿਉੜੀ ਦਾ ਦਰਵਾਜ਼ਾ ਅੰਦਰੋਂ ਬੰਦ ਕਰ ਦਿੱਤਾ। ਸਾਰਾ ਜੱਥਾ ਬਾਰ੍ਹਾਂਦਰੀ ਦੇ ਅੰਦਰ ਚਲਾ ਗਿਆ। ਭਾਈ ਠਾਕਰ ਦਾਸ ਗ੍ਰੰਥੀ ਸ੍ਰੀ ਗੁਰੁ ਗ੍ਰੰਥ ਸਾਹਿਬ ਜੀ ਤਾਬਿਆ ਬੈਠਾ ਸੀ।  ਉਸ ਨੂੰ ਇਕ  ਸਿੰਘ ਨੇ ਬਾਂਹੋ ਫੜਕੇ ਉਠਾ ਦਿੱਤਾ ਤੇ ਭਾਈ ਲਛਮਣ ਸਿੰਘ ਜੀ ਗੁਰੁ ਸਾਹਿਬ ਦੀ ਤਾਬਿਆ  ਬੈਠ ਗਏ। ਜੱਥੇਦਾਰ ਜੀ ਨੇ ਵਾਕ ਲਿਆ।

ਮਹੰਤ ਨੂੰ ਜਿਉਂ ਹੀ ਸਿੰਘਾਂ ਬਾਰੇ ਪਤਾ ਲੱਗਿਆ ਤਾਂ ਉਸਨੇ ਆਪਣੇ ਗੁੰਡਿਆਂ ਨੂੰ ਗੋਲੀਬਾਰੀ ਦੇ ਆਦੇਸ਼ ਦਿੱਤੇ । ਨਾਰਾਇਣ ਦਾਸ ਦਾ ਚੇਲਾ ਗੁਰਦਿੱਤ ਸਿੰਘ (ਪ੍ਰੇਮ ਦਾਸ) ਕਾਰਤੂਸਾਂ ਦੀ ਬੋਰੀ ਲਈ ਕੋਠੇ ਚੜ ਗਿਆ ਤੇ ਬਦਮਸ਼ਾਂ ਨੂੰ ਕਾਰਤੂਸਾਂ ਵੰਡਣ ਲੱਗਾ। ਸਿੰਘਾਂ ਵਿੱਚ ਬਹੁਤ ਜੋਸ਼ ਸੀ, ਉਹ ਕਹਿਣ ਲੱਗੇ ਕਿ ਜਥੇਦਾਰ ਜੀ ਭਾਵੇਂ ਸ਼ਹੀਦੀ ਹੋ ਜਾਵੇ ਪਰ ਇੱਕ ਵਾਰ ਉੱਪਰੋਂ ਗੋਲੀਆਂ ਚਲਾਉਣ ਵਾਲਿਆਂ ਨੂੰ ਹੇਠਾਂ ਲਾਹੁਣਾ। ਜਥੇਦਾਰ ਲਛਮਣ ਸਿੰਘ ਨੇ ਕਿਹਾ ਕਿ ਇੰਝ ਬਿਲਕੁਲ ਨਹੀਂ ਕਰਨਾ। ਸ਼੍ਰੋਮਣੀ ਕਮੇਟੀ ਦਾ ਹੁਕਮ ਹੈ ਕਿ ਅਸੀਂ ਸ਼ਾਂਤਮਈ ਰਹਿਣਾ ਹੈ। ਫਿਰ ਕੁਝ ਸਿੰਘਾਂ ਨੇ ਕਿਹਾ ਕਿ ਕਿਉਂ ਨਾ ਉੱਪਰ ਜਾ ਕੇ ਬੰਦੂਕਾਂ ਖੋਹ ਲਿਆਈਏ? ਜਥੇਦਾਰ ਨੇ ਫਿਰ ਕਿਹਾ ਕਿ ਮਤਾਂ ਸਾਥੋਂ ਹੱਥ ਚੁੱਕਿਆ ਜਾਵੇ, ਸਿੱਧੇ ਹੋ ਕੇ ਸਿਰ ਦਈ ਚਲੋ। ਜਥੇਦਾਰ ਦਾ ਹੁਕਮ ਮੰਨਦਿਆਂ ਸਿੰਘ ਛਾਤੀਆਂ ਤਾਣ ਕੇ ਬਰਾਂਦਰੀ ਵਿੱਚੋਂ ਬਾਹਰ ਆਉਣ ਲੱਗੇ । ਦੇਖਦਿਆਂ ਹੀ ਦੇਖਦਿਆਂ 30-35 ਸਿੰਘ ਸ਼ਹੀਦ ਹੋ ਗਏ।

ਭਾਈ ਲਛਮਣ ਸਿੰਘ ਧਾਰੋਵਾਲੀ ਜੀ ਤਦ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਨੂੰ ਆਪਣੇ ਕਲਾਵੇ ਵਿੱਚ ਲੈ ਲਿਆ ਤਾਂ ਜੋ ਕੋਈ ਵੀ ਗੋਲੀ ਮਹਾਰਾਜ ਦੇ ਸਰੂਪ ਨੂੰ ਨਾ ਲੱਗ ਜਾਵੇ। ਭਾਈ ਸਾਹਿਬ ਜੀ ਦੀਆਂ ਬਾਂਹਾਂ ਗੋਲੀਆਂ ਦੇ ਨਾਲ ਛਲਣੀ ਹੋ ਗਈ ਪਰ ਉਨ੍ਹਾਂ ਆਪਣੀ ਕਲਾਵੇ ਵਿੱਚੋਂ ਸ੍ਰੀ ਗੁਰੂ ਗ੍ਰੰਥ ਸਾਹਿਬ  ਜੀ ਦੇ ਪਾਵਨ ਸਰੂਪ ਨੂੰ ਨਾ ਛੱਡਿਆ। 

ਬਾਹਰ ਤੋਂ ਗੋਲੀ ਚਲਾਉਣ ਤੋਂ ਬਾਅਦ ਮਹੰਤ ਦੇ ਗੁੰਡੇ ਸ਼ਰਾਬ ਦੇ ਨਸ਼ੇ ਵਿਚ ਗੁਲਤਾਨ ਹੋ ਕੇ ਸ੍ਰੀ ਦਰਬਾਰ ਸਾਹਿਬ ਦੇ ਅੰਦਰ ਆ ਗਏ ਤੇ ਉਨ੍ਹਾਂ ਫਿਰ ਤੋਂ ਸਿੰਘਾਂ ਤੇ ਗੋਲੀਬਾਰੀ ਸ਼ੁਰੂ ਕਰ ਦਿੱਤੀ। ਭਾਰਤ ਦੇ ਗੁੰਡਿਆਂ ਵੱਲੋਂ ਭਾਈ ਲਛਮਣ ਸਿੰਘ ਧਾਰੋਵਾਲੀ ਜੀਰੋ ਪਵਿੱਤਰ ਕੇਸਾਂ ਤੋਂ ਫੜ ਕੇ ਦਰਬਾਰ ਸਾਹਿਬ ਧੂਹ ਕੇ ਬਾਹਰ ਲਿਆਂਦਾ ਗਿਆ ਅਤੇ ਜੰਡ ਕੋਲ ਸੁੱਟ ਦਿੱਤਾ। ਇੱਥੇ ਹੀ ਬੱਸ ਨਹੀਂ ਭਾਈ ਲਛਮਣ ਸਿੰਘ ਧਾਰੋਵਾਲੀ ਜੀ ਤੇ ਤੇਲ ਪਾ ਕੇ ਉਨ੍ਹਾਂ ਨੂੰ ਸਾੜ ਦਿੱਤਾ ਗਿਆ। 

ਮਹੰਤ ਦੇ ਗੁੰਡਿਆਂ ਵੱਲੋਂ ਸਿੰਘਾਂ ਦੇ ਸਰੀਰਾਂ ਨੂੰ ਇੱਕ ਜਗ੍ਹਾ ਤੇ ਇਕੱਠਾ ਕੀਤਾ ਗਿਆ ਜਿਨ੍ਹਾਂ ਵਿੱਚੋਂ ਕਈ ਅਜੇ ਸਹਿਕ ਰਹੇ ਸਨ ਅਤੇ ਕਈ ਸ਼ਹੀਦੀ ਪਾ ਗਏ ਸਨ। ਇੱਥੇ ਹੀ ਬੱਸ ਨਹੀਂ ਇਸ ਉਪਰੰਤ ਸਿੰਘਾਂ ਦੇ ਸਰੀਰ ਤੇ ਤੇਲ ਪਾ ਕੇ ਅੱਗ ਲਗਾ ਦਿੱਤੀ ਗਈ  । ਮਹੰਤ ਨਰੈਣ ਦਾਸ ਅਤੇ ਉਸ ਦੇ ਗੁੰਡਿਆਂ ਵੱਲੋਂ ਸਤਿਗੁਰੂ ਨਾਨਕ ਪਾਤਸ਼ਾਹ ਜੀ ਦੇ ਪਾਵਨ ਦਰਬਾਰ ਨੂੰ ਪਵਿੱਤਰ ਸਿੰਘਾਂ ਦੇ ਪਵਿੱਤਰ ਖੂਨ ਦੇ ਨਾਲ ਧੋ ਦਿੱਤਾ ਗਿਆ। 

ਜਦੋਂ ਸ਼ਹੀਦੀ ਸਾਕੇ ਦੀ ਗੱਲ ਕਰਦੇ ਹਾਂ ਤਾਂ ਇੱਕ ਮਹਾਨ ਯੋਧੇ ਵਜੋਂ ਉੱਭਰ ਕੇ ਸਾਹਮਣੇ ਆਏ ਕਿਰਦਾਰ ਭਾਈ ਦਰਬਾਰਾ ਸਿੰਘ ਜੀ ਦਾ ਨਾਂ ਆਪ ਮੁਹਾਰੇ ਹੀ ਸਾਡੀ ਜ਼ੁਬਾਨ ਤੇ ਆ ਜਾਂਦਾ ਹੈ। ਭਾਈ ਦਰਬਾਰਾ ਸਿੰਘ ਜੀ ਦੀ ਉਮਰ ਉਸ ਸਮੇਂ ਮਾਤਰ 9 ਸਾਲ ਦੀ ਸੀ। ਭਾਈ ਦਰਬਾਰਾ ਸਿੰਘ ਆਪਣੇ ਪਿਤਾ ਭਾਈ ਕੇਹਰ ਸਿੰਘ ਦੇ ਨਾਲ ਆਇਆ ਹੀ ਇਹ ਕਹਿੰਦਿਆਂ ਸੀ ਕਿ ਉਸ ਨੇ ਵੀ ਸ਼ਹੀਦ ਹੋਣਾ ਹੈ।   

ਜਦੋਂ ਸਿੰਘਾਂ ਦੇ ਉੱਪਰ ਮਹੰਤ ਦੇ ਗੁੰਡਿਆਂ ਵੱਲੋਂ ਗੋਲੀਆਂ ਚਲਾਈਆਂ ਗਈਆਂ ਤਾਂ ਸਿੰਘਾਂ ਨੇ ਭਾਈ ਦਰਬਾਰਾ ਸਿੰਘ ਨੂੰ ਇੱਕ ਬੁਖਾਰੀ ਦੇ ਵਿੱਚ ਬੰਦ ਕਰ ਦਿੱਤਾ ਸੀ ਤੇ ਜਦੋਂ ਸਾਰੇ ਸਿੰਘ ਸ਼ਹੀਦ ਹੋ ਗਏ ਅਤੇ ਮਹੰਤ ਦੇ ਗੁੰਡਿਆਂ ਨੇ ਦਰਬਾਰ ਸਾਹਿਬ ਦੀ ਸਫਾਈ ਸ਼ੁਰੂ ਹੋਈ ਤਾਂ ਭਾਈ ਦਰਬਾਰਾ ਸਿੰਘ ਜੀ ਨੇ ਬੁਖਾਰੀ ਦੇ ਵਿੱਚੋਂ ਅਵਾਜ ਲਾਈ ਕਿ ਮੈਂ ਵੀ ਸ਼ੀਦ (ਸ਼ਹੀਦ) ਮੈਂ ਵੀ ਸ਼ੀਦ ਹੋਣੈ। ਮਹੰਤ ਦੇ ਗੁੰਡਿਆਂ ਨੇ ਜਦੋਂ ਇਹ ਆਵਾਜ਼ ਸੁਣੀ ਤਾਂ ਉਨ੍ਹਾਂ ਨੇ ਬੁਖਾਰੀ ਖੋਲ੍ਹ ਕੇ ਭਾਈ ਦਰਬਾਰਾ ਸਿੰਘ ਜੀ ਨੂੰ ਬਾਂਹ ਤੋਂ ਫੜ ਕੇ ਬਚਦੀ ਹੋਈ ਅੱਗ ਵਿੱਚ ਸੁੱਟ ਦਿੱਤਾ ਤੇ ਭਾਈ ਦਰਬਾਰਾ ਸਿੰਘ ਜੀ ਵੀ ਸ਼ਹੀਦ ਹੋ ਗਏ  । 

ਜਦੋਂ ਮਹਾਨ ਸਿੰਘਾਂ ਦੀ ਸ਼ਹਾਦਤ ਬਾਰੇ ਜਦੋਂ ਸਮੁੱਚੇ ਸਿੱਖ ਪੰਥ ਨੂੰ ਪਤਾ ਲੱਗਿਆ ਤਾਂ ਵਹੀਰਾਂ ਘੱਤ ਕੇ ਲੋਕ ਸ੍ਰੀ ਨਨਕਾਣਾ ਸਾਹਿਬ ਵਿਖੇ ਪਹੁੰਚੇ। ਇਨ੍ਹਾਂ ਸਿੰਘਾਂ ਦਾ ਅੰਤਿਮ ਸਸਕਾਰ ਕੀਤਾ ਗਿਆ ਅਤੇ ਕਿਹਾ ਜਾਂਦਾ ਹੈ ਕਿ ਭਾਈ ਲਛਮਣ ਸਿੰਘ ਧਾਰੋਵਾਲੀ ਦੀ ਅਗਵਾਈ ਵਿੱਚ ਦੋ ਸੌ ਦੇ ਕਰੀਬ ਸਿੰਘ  ਸ੍ਰੀ ਨਨਕਾਣਾ ਸਾਹਿਬ ਵਿਖੇ ਪੁੱਜੇ ਸਨ ਪਰ ਜਦੋਂ ਅੰਤਿਮ ਸਸਕਾਰ ਕੀਤਾ ਗਿਆ ਤਾਂ ਸਿਰਫ ਚਾਰ ਸਿੰਘਾਂ ਦੀ ਧੜ ਹੀ ਸਾਬਤ ਮਿਲੇ ਸਨ ਬਾਕੀ ਸਾਰੇ ਸਿੰਘਾਂ ਦੇ ਸਰੀਰਾਂ ਦੇ ਚੀਥੜੇ ਉੱਡ ਚੁੱਕੇ ਸਨ ।  ਆਖਰਕਾਰ ਇਨ੍ਹਾਂ ਸਿੰਘਾਂ ਦੀਆਂ ਸ਼ਹੀਦੀਆਂ ਰੰਗ ਲਿਆਈਆਂ ਤੇ ਸ੍ਰੀ ਨਨਕਾਣਾ ਸਾਹਿਬ ਦਾ ਪ੍ਰਬੰਧ ਪੰਥਕ ਹੱਥਾਂ ਵਿੱਚ ਆ ਗਿਆ  ।

 

Rajinder Singh 

6283918083

 

Share this Article
Leave a comment