Shabad Vichaar 56-ਰਾਮੁ ਸਿਮਰਿ ਰਾਮੁ ਸਿਮਰਿ ਇਹੈ ਤੇਰੈ ਕਾਜਿ ਹੈ॥

TeamGlobalPunjab
5 Min Read

ਨੌਵੇਂ ਮਹਲੇ ਦੀ ਇਲਾਹੀ ਬਾਣੀ ਦੇ 56ਵੇਂ ਸ਼ਬਦ ਦੀ ਵਿਚਾਰ – Shabad Vichaar -56

ਰਾਮੁ ਸਿਮਰਿ ਰਾਮੁ ਸਿਮਰਿ ਇਹੈ ਤੇਰੈ ਕਾਜਿ ਹੈ॥ ਸ਼ਬਦ ਵਿਚਾਰ

ਡਾ. ਗੁਰਦੇਵ ਸਿੰਘ*

ਜਗਤ ਵਿੱਚ ਜੋ ਵੀ ਸੁੱਖ ਮਨੁੱਖ ਮਾਣ ਰਿਹਾ ਹੈ ਉਹ ਚਿਰ ਸਥਾਈ ਨਹੀਂ ਹੈ। ਜਗਤ ਵਿੱਚ ਜੋ ਸੁੰਦਰ ਪਦਾਰਥ ਦਿਸ ਰਹੇ ਹਨ, ਜਗਤ ਦਾ ਸਗਲ ਪਾਸਾਰਾ ਹੀ ਰੇਤ ਦੀ ਕੰਧ ਦੀ ਤਰ੍ਹਾਂ ਹੈ ਜਿਵੇਂ ਰੇਤ ਦੀ ਕੰਧ ਦੀ ਕੋਈ ਮਿਆਦ ਨਹੀਂ ਹੁੰਦੀ ਉਸੇ ਤਰ੍ਹਾਂ ਇਨ੍ਹਾਂ ਸੰਸਾਰਿਕ ਪਦਾਰਥਾਂ ਦੀ ਕੋਈ ਮਿਆਦ ਨਹੀਂ ਹੈ ਪਤਾ ਨਹੀਂ ਇਹ ਕਦੋਂ ਫਨਾਹ ਹੋ ਜਾਣ।

ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਦੀ ਬਾਣੀ ਦੀ ਚੱਲ ਰਹੀ ਲੜੀਵਾਰ ਸ਼ਬਦ ਵਿਚਾਰ ਵਿੱਚ ਅੱਜ ਅਸੀਂ ਗੁਰੂ ਸਾਹਿਬ ਦੀ ਕੁੱਲ ਬਾਣੀ ਦੇ 56ਵੇਂ ਸ਼ਬਦ ‘ਰਾਮੁ ਸਿਮਰਿ ਰਾਮੁ ਸਿਮਰਿ ਇਹੈ ਤੇਰੈ ਕਾਜਿ ਹੈ ॥ ਮਾਇਆ ਕੋ ਸੰਗੁ ਤਿਆਗੁ ਪ੍ਰਭ ਜੂ ਕੀ ਸਰਨਿ ਲਾਗੁ ॥ ਜਗਤ ਸੁਖ ਮਾਨੁ ਮਿਥਿਆ ਝੂਠੋ ਸਭ ਸਾਜੁ ਹੈ ॥੧॥’ ਦੀ ਵਿਚਾਰ ਕਰਾਂਗੇ। ਇਹ ਸ਼ਬਦ ਸ੍ਰੀ ਗੁਰੂ ਗ੍ਰੰਥ ਸਾਹਿਬ ਦੇ ਅੰਗ 1352 ‘ਤੇ ਰਾਗ ਜੈਜਾਵੰਤੀ ਅਧੀਨ ਅੰਕਿਤ ਹੈ।

- Advertisement -

ਰਾਗ ਜੈਜਾਵੰਤੀ ਦੀ ਇੱਕ ਖਾਸ ਗੱਲ ਇਹ ਹੈ ਕਿ ਇਹ ਰਾਗ ਇੱਕ ਤਾਂ ਸ੍ਰੀ ਗੁਰੂ ਗ੍ਰੰਥ ਸਾਹਿਬ ਦੇ ਰਾਗਾਤਮਕ ਕ੍ਰਮ ਦਾ ਅੰਤਿਮ ਰਾਗ ਹੈ ਦੂਜਾ ਇਸ ਰਾਗ ਵਿੱਚ ਕੇਵਲ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਦੀ ਹੀ ਬਾਣੀ ਦਰਜ ਹੈ। ਭਾਰਤੀ ਸੰਗੀਤ ਦਾ ਇਹ ਪ੍ਰਚਲਿਤ ਰਾਗ ਹੈ। ਇਸ ਰਾਗ ਅਧੀਨ ਸਾਹਿਬ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਦੇ ਕੁੱਲ ਚਾਰ ਸ਼ਬਦ ਹਨ। ਅੱਜ ਅਸੀਂ ਪਹਿਲੇ ਸ਼ਬਦ ਦੀ ਵਿਚਾਰ ਕਰਾਂਗੇ ਜਿਸ ਵਿੱਚ ਗੁਰੂ ਸਾਹਿਬ ਵਾਹਿਗੁਰੂ ਦਾ ਨਾਮ ਸਿਮਰਨ ਭਾਵ ਚੇਤੇ ਰੱਖਣ ਦਾ ਉਪਦੇਸ਼ ਦੇ ਰਹੇ ਹਨ:

ੴ ਸਤਿ ਨਾਮੁ ਕਰਤਾ ਪੁਰਖੁ ਨਿਰਭਉ ਨਿਰਵੈਰੁ ਅਕਾਲ ਮੂਰਤਿ ਅਜੂਨੀ ਸੈਭੰ ਗੁਰ ਪ੍ਰਸਾਦਿ ॥

ਰਾਗੁ ਜੈਜਾਵੰਤੀ ਮਹਲਾ ੯ ॥ ਰਾਮੁ ਸਿਮਰਿ ਰਾਮੁ ਸਿਮਰਿ ਇਹੈ ਤੇਰੈ ਕਾਜਿ ਹੈ ॥ ਮਾਇਆ ਕੋ ਸੰਗੁ ਤਿਆਗੁ ਪ੍ਰਭ ਜੂ ਕੀ ਸਰਨਿ ਲਾਗੁ ॥ ਜਗਤ ਸੁਖ ਮਾਨੁ ਮਿਥਿਆ ਝੂਠੋ ਸਭ ਸਾਜੁ ਹੈ ॥੧॥ ਰਹਾਉ ॥

ਹੇ ਭਾਈ! ਪਰਮਾਤਮਾ (ਦਾ ਨਾਮ) ਸਿਮਰਿਆ ਕਰ, ਪਰਮਾਤਮਾ ਦਾ ਨਾਮ ਸਿਮਰਿਆ ਕਰ। ਇਹ (ਸਿਮਰਨ) ਹੀ ਤੇਰੇ ਕੰਮ ਵਿਚ (ਆਉਣ ਵਾਲਾ) ਹੈ। ਹੇ ਭਾਈ! ਮਾਇਆ ਦਾ ਮੋਹ ਛੱਡ ਦੇਹ, ਪਰਮਾਤਮਾ ਦੀ ਸਰਨ ਪਿਆ ਰਹੁ। ਹੇ ਭਾਈ! ਦੁਨੀਆ ਦੇ ਸੁਖਾਂ ਨੂੰ ਨਾਸਵੰਤ ਸਮਝ। ਜਗਤ ਦਾ ਇਹ ਸਾਰਾ ਪਸਾਰਾ (ਹੀ) ਸਾਥ ਛੱਡ ਜਾਣ ਵਾਲਾ ਹੈ।1। ਰਹਾਉ।

ਸੁਪਨੇ ਜਿਉ ਧਨੁ ਪਛਾਨੁ ਕਾਹੇ ਪਰਿ ਕਰਤ ਮਾਨੁ ॥ ਬਾਰੂ ਕੀ ਭੀਤਿ ਜੈਸੇ ਬਸੁਧਾ ਕੋ ਰਾਜੁ ਹੈ ॥੧॥

- Advertisement -

ਹੇ ਭਾਈ! ਇਸ ਧਨ ਨੂੰ ਸੁਪਨੇ (ਵਿਚ ਮਿਲੇ ਪਦਾਰਥਾਂ) ਵਾਂਗ ਸਮਝ (ਜਾਗ ਖੁਲ੍ਹਦਿਆਂ ਹੀ ਉਹ ਪਦਾਰਥ ਲੋਪ ਹੋ ਜਾਂਦੇ ਹਨ। ਦੱਸ,) ਤੂੰ ਕਾਹਦੇ ਉੱਤੇ ਅਹੰਕਾਰ ਕਰਦਾ ਹੈਂ? (ਸਾਰੀ) ਧਰਤੀ ਦਾ ਰਾਜ (ਭੀ) ਰੇਤ ਦੀ ਕੰਧ ਵਰਗਾ ਹੀ ਹੈ।1।

ਨਾਨਕੁ ਜਨੁ ਕਹਤੁ ਬਾਤ ਬਿਨਸਿ ਜੈਹੈ ਤੇਰੋ ਗਾਤੁ ॥ ਛਿਨੁ ਛਿਨੁ ਕਰਿ ਗਇਓ ਕਾਲੁ ਤੈਸੇ ਜਾਤੁ ਆਜੁ ਹੈ ॥੨॥੧॥ 

ਹੇ ਭਾਈ! ਦਾਸ ਨਾਨਕ (ਤੈਨੂੰ ਇਹ) ਗੱਲ ਦੱਸਦਾ ਹੈ ਕਿ ਤੇਰਾ (ਤਾਂ ਇਹ ਆਪਣਾ ਮਿਥਿਆ ਹੋਇਆ) ਸਰੀਰ (ਭੀ) ਨਾਸ ਹੋ ਜਾਇਗਾ। (ਵੇਖ, ਜਿਵੇਂ ਤੇਰੀ ਉਮਰ ਦਾ) ਕੱਲ (ਦਾ ਦਿਨ) ਛਿਨ ਛਿਨ ਕਰ ਕੇ ਬੀਤ ਗਿਆ ਹੈ, ਤਿਵੇਂ ਅੱਜ (ਦਾ ਦਿਨ ਭੀ) ਲੰਘਦਾ ਜਾ ਰਿਹਾ ਹੈ।2।1।

ਨੌਵੇਂ ਨਾਨਕ ਸਾਹਿਬ ਸ੍ਰੀ ਗੁਰੂ ਤੇਗ ਬਹਾਦਰ ਜੀ ਉਕਤ ਸ਼ਬਦ ਵਿੱਚ ਸਾਨੂੰ ਉਪਦੇਸ਼ ਕਰ ਰਹੇ ਹਨ ਹੇ ਭਾਈ ਕੇਵਲ ਰਾਮ ਨਾਮ ਸਿਮਰਨ ਕਰਨਾ ਤੇਰਾ ਮੁੱਖ ਕਾਰਜ ਹੈ। ਇਸ ਲਈ ਮਾਇਆ ਦਾ ਮੋਹ ਛੱਡ ਦੇਹ। ਦੁਨੀਆਂ ਦੇ ਸੁੱਖ ਅਤੇ ਪਦਾਰਥ ਸਾਥ ਨਿਭਣ ਵਾਲੇ ਨਹੀਂ ਹਨ। ਦੁਨਿਆਵੀਂ ਧਨ ਸੁਪਨੇ ਵਿੱਚ ਮਿਲੇ ਧਨ ਦੀ ਤਰ੍ਹਾਂ ਹੈ ਜੋ ਅੱਖ ਖੁਲਦਿਆਂ ਹੀ ਖਿਨ ਪਲ ਵਿੱਚ ਅਲੋਪ ਹੋ ਜਾਂਦਾ ਹੈ। ਗੁਰੂ ਸਾਹਿਬ ਇੱਥੇ ਤਕ ਬਚਨ ਕਰਦੇ ਹਨ ਕਿ ਹੇ ਭਾਈ ਤੇਰਾ ਇਹ ਜੋ ਸਰੀਰ ਹੈ ਜਿਸ ਨੂੰ ਤੂੰ ਸਥਾਈ ਸਮਝਦਾ ਹੈ ਇਹ ਵੀ ਨਾਸ ਹੋ ਜਾਣਾ ਹੈ। ਜਿਵੇਂ ਕੱਲ ਬੀਤ ਗਈ ਉੁਸੇ ਤਰ੍ਹਾਂ ਅੱਜ ਵੀ ਖਤਮ ਹੋ ਰਹੀ ਹੈ। ਇਸ ਲਈ ਇਸ ਨੂੰ ਸੰਭਾਲ ਲੈ। ਸੋ ਵਾਹਿਗੁਰੂ ਨੂੰ ਚੇਤੇ ਵਿੱਚ ਸਦਾ ਰੱਖਣਾ ਹੀ ਤੇਰਾ ਅਸਲ ਕਾਰਜ ਹੈ।

ਕੱਲ੍ਹ ਸ਼ਾਮੀ 6 ਵਜੇ ਸਾਹਿਬ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਦੀ ਬਾਣੀ ਵਿਚਲੇ 57ਵੇਂ ਸ਼ਬਦ ਦੀ ਵਿਚਾਰ ਕਰਾਂਗੇ। ਪ੍ਰੋ. ਸਾਹਿਬ ਸਿੰਘ ਜੀ ਦੀ ਕ੍ਰਿਤ ‘ਸ੍ਰੀ ਗੁਰੂ ਗ੍ਰੰਥ ਸਾਹਿਬ ਦਰਪਣ’ ਨੂੰ ਸ਼ਬਦ ਦੀ ਵਿਚਾਰ ਦਾ ਅਧਾਰ ਬਣਾਇਆ ਗਿਆ ਹੈ। ਸ਼ਬਦ ਵਿਚਾਰ ਸੰਬੰਧੀ ਜੇ ਆਪ ਜੀ ਦਾ ਵੀ ਕੋਈ ਸੁਝਾਅ ਹੈ ਤਾਂ ਤੁਸੀਂ ਸਾਡੇ ਨਾਲ ਜ਼ਰੂਰ ਸਾਂਝਾ ਕਰੋ। ਸਾਨੂੰ ਖੁਸ਼ੀ ਹੋਵੇਗੀ। ਭੁੱਲਾਂ ਚੁੱਕਾਂ ਦੀ ਖਿਮਾ।

ਵਾਹਿਗੁਰੂ ਜੀ ਕਾ ਖਾਲਸਾ
ਵਾਹਿਗੁਰੂ ਜੀ ਕੀ ਫਤਿਹ

*gurdevsinghdr@gmail.com

Share this Article
Leave a comment