Shabad Vichaar 52-ਹਰਿ ਬਿਨੁ ਤੇਰੋ ਕੋ ਨ ਸਹਾਈ ॥

TeamGlobalPunjab
5 Min Read

ਨੌਵੇਂ ਮਹਲੇ ਦੀ ਇਲਾਹੀ ਬਾਣੀ ਦੇ 52ਵੇਂ ਸ਼ਬਦ ਦੀ ਵਿਚਾਰ – Shabad Vichaar -52

ਹਰਿ ਬਿਨੁ ਤੇਰੋ ਕੋ ਨ ਸਹਾਈ ॥ ਸ਼ਬਦ ਵਿਚਾਰ

ਡਾ. ਗੁਰਦੇਵ ਸਿੰਘ*

ਰਾਤ ਨੂੰ ਮਨੁੱਖ ਸੁਪਨਾ ਦੇਖਦਾ ਹੈ ਤੇ ਇੱਕ ਵੱਖਰੀ ਦੁਨੀਆਂ ਵਿੱਚ ਚਲਾ ਜਾਂਦਾ ਹੈ ਜੋ ਉਸ ਨੂੰ ਅਸਲ ਵਾਂਗ ਜਾਪਦੀ ਹੈ ਪਰ ਜਿਉਂ ਹੀ ਸਵੇਰ ਹੁੰਦੀ ਹੈ ਅਤੇ ਨੀਂਦ ਵਿਚੋਂ ਅੱਖ ਖੁੱਲਦੀ ਹੈ ਉਦੋਂ ਉਹ ਸੁਪਨੇ ਵਾਲੀ ਦੁਨੀਆਂ ਪਤਾ ਨਹੀਂ ਕਿਥੇ ਚਲੇ ਜਾਂਦੀ ਹੈ। ਇਸੇ ਤਰ੍ਹਾਂ ਇਹ ਸੰਸਾਰ ਹੈ। ਗੁਰਬਾਣੀ ਸਾਨੂੰ ਵਾਰ ਵਾਰ ਇਹੀ ਉਪਦੇਸ਼ ਦ੍ਰਿੜ ਕਰਵਾਉਂਦੀ ਹੈ ਤੇ ਵਾਹਿਗੁਰੂ ਨਾਲ ਜੁੜਨ ਦਾ ਉਪਦੇਸ਼ ਕਰਦੀ ਹੈ।

ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਦੀ ਬਾਣੀ ਦੀ ਚੱਲ ਰਹੀ ਲੜੀਵਾਰ ਸ਼ਬਦ ਵਿਚਾਰ ਵਿੱਚ ਅੱਜ ਅਸੀਂ ਗੁਰੂ ਸਾਹਿਬ ਦੀ ਕੁੱਲ ਬਾਣੀ ਦੇ 52ਵੇਂ ਸ਼ਬਦ ‘ਹਰਿ ਬਿਨੁ ਤੇਰੋ ਕੋ ਨ ਸਹਾਈ ॥ ਕਾਂ ਕੀ ਮਾਤ ਪਿਤਾ ਸੁਤ ਬਨਿਤਾ ਕੋ ਕਾਹੂ ਕੋ ਭਾਈ ॥੧॥ ਰਹਾਉ ॥’ ਦੀ ਵਿਚਾਰ ਕਰਾਂਗੇ। ਇਹ ਸ਼ਬਦ ਸ੍ਰੀ ਗੁਰੂ ਗ੍ਰੰਥ ਸਾਹਿਬ ਦੇ ਅੰਗ 1231 ‘ਤੇ ਰਾਗ ਸਾਰੰਗ ਅਧੀਨ ਅੰਕਿਤ ਹੈ।  

- Advertisement -

ਸਾਰੰਗ ਰਾਗ ਸ੍ਰੀ ਗੁਰੂ ਗ੍ਰੰਥ ਸਾਹਿਬ ਦੇ ਰਾਗਾਤਮਕ ਕ੍ਰਮ ਦਾ 26ਵਾਂ ਰਾਗ ਹੈ। ਇਸ ਰਾਗ ਨੂੰ ਕੀਰਤਨੀਏ ਵਿਸ਼ੇਸ਼ ਰੂਪ ਵਿੱਚ ਗਾਉਂਦੇ ਹਨ। ਕੀਰਤਨ ਚਉਕੀਆਂ ਵਿੱਚ ਸਾਰੰਗ ਦੀ ਕੀਰਤਨ ਚਉਕੀ ਵਿਸ਼ੇਸ਼ ਸਥਾਨ ਰੱਖਦੀ ਹੈ ਜੋ ਕਿ ਪੁਰਾਤਨ ਕੀਰਤਨ ਚਉਕੀ ਹੈ। ਇਸ ਰਾਗ ਵਿੱਚ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਦੇ ਕੁੱਲ ਚਾਰ ਸ਼ਬਦ ਅੰਕਿਤ ਹਨ। ਅੱਜ ਅਸੀਂ ਪਹਿਲੇ ਸ਼ਬਦ ਦੀ ਵਿਚਾਰ ਕਰ ਰਹੇ ਹਨ ਜਿਸ ਵਿੱਚ ਗੁਰੂ ਜੀ ਮਨੁੱਖ ਨੂੰ ਉਪਦੇਸ਼ ਕਰ ਰਹੇ ਹਨ ਕਿ ਹੇ ਭਾਈ ਤੇਰਾ ਬਿਨਾ ਵਾਹਿਗੁਰੂ ਤੋਂ ਹੋਰ ਕੋਈ ਵੀ ਸਹਾਈ ਨਹੀਂ ਹੈ।

ੴ ਸਤਿਗੁਰ ਪ੍ਰਸਾਦਿ ॥ ਰਾਗੁ ਸਾਰੰਗ ਮਹਲਾ ੯ ॥

ਹਰਿ ਬਿਨੁ ਤੇਰੋ ਕੋ ਨ ਸਹਾਈ ॥ ਕਾਂ ਕੀ ਮਾਤ ਪਿਤਾ ਸੁਤ ਬਨਿਤਾ ਕੋ ਕਾਹੂ ਕੋ ਭਾਈ ॥੧॥ ਰਹਾਉ ॥

ਹੇ ਭਾਈ! ਪਰਮਾਤਮਾ ਤੋਂ ਬਿਨਾ ਤੇਰਾ (ਹੋਰ) ਕੋਈ ਭੀ ਸਹਾਇਤਾ ਕਰਨ ਵਾਲਾ ਨਹੀਂ ਹੈ। ਹੇ ਭਾਈ! ਕੌਣ ਕਿਸੇ ਦੀ ਮਾਂ? ਕੌਣ ਕਿਸੇ ਦਾ ਪਿਉ? ਕੌਣ ਕਿਸੇ ਦਾ ਪੁੱਤਰ? ਕੌਣ ਕਿਸੇ ਦੀ ਵਹੁਟੀ? (ਜਦੋਂ ਸਰੀਰ ਨਾਲੋਂ ਸਾਥ ਮੁੱਕ ਜਾਂਦਾ ਹੈ ਤਦੋਂ) ਕੌਣ ਕਿਸੇ ਦਾ ਭਰਾ ਬਣਦਾ ਹੈ? (ਕੋਈ ਨਹੀਂ) ।1। ਰਹਾਉ।

ਧਨੁ ਧਰਨੀ ਅਰੁ ਸੰਪਤਿ ਸਗਰੀ ਜੋ ਮਾਨਿਓ ਅਪਨਾਈ ॥ ਤਨ ਛੂਟੈ ਕਛੁ ਸੰਗਿ ਨ ਚਾਲੈ ਕਹਾ ਤਾਹਿ ਲਪਟਾਈ ॥੧॥

- Advertisement -

ਹੇ ਭਾਈ! ਇਹ ਧਨ ਧਰਤੀ ਸਾਰੀ ਮਾਇਆ ਜਿਨ੍ਹਾਂ ਨੂੰ ਆਪਣੇ ਸਮਝੀ ਬੈਠਾ ਹੈ, ਜਦੋਂ ਸਰੀਰ ਨਾਲੋਂ ਸਾਥ ਮੁੱਕਦਾ ਹੈ, ਕੋਈ ਚੀਜ਼ ਭੀ (ਜੀਵ ਦੇ) ਨਾਲ ਨਹੀਂ ਤੁਰਦੀ। ਫਿਰ ਜੀਵ ਕਿਉਂ ਇਹਨਾਂ ਨਾਲ ਚੰਬੜਿਆ ਰਹਿੰਦਾ ਹੈ?।1।

ਦੀਨ ਦਇਆਲ ਸਦਾ ਦੁਖ ਭੰਜਨ ਤਾ ਸਿਉ ਰੁਚਿ ਨ ਬਢਾਈ ॥ ਨਾਨਕ ਕਹਤ ਜਗਤ ਸਭ ਮਿਥਿਆ ਜਿਉ ਸੁਪਨਾ ਰੈਨਾਈ ॥੨॥੧॥ 

ਹੇ ਭਾਈ! ਜਿਹੜਾ ਪ੍ਰਭੂ ਗਰੀਬਾਂ ਉਤੇ ਦਇਆ ਕਰਨ ਵਾਲਾ ਹੈ, ਜੋ ਸਦਾ (ਜੀਵਾਂ ਦੇ) ਦੁੱਖਾਂ ਦਾ ਨਾਸ ਕਰਨ ਵਾਲਾ ਹੈ, ਤੂੰ ਉਸ ਨਾਲ ਪਿਆਰ ਨਹੀਂ ਵਧਾਂਦਾ। ਨਾਨਕ ਆਖਦਾ ਹੈ– ਹੇ ਭਾਈ! ਜਿਵੇਂ ਰਾਤ ਦਾ ਸੁਪਨਾ ਹੁੰਦਾ ਹੈ ਤਿਵੇਂ ਸਾਰਾ ਜਗਤ ਨਾਸਵੰਤ ਹੈ।2।1।

ਸਾਹਿਬ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਇਸ ਉਕਤ ਸ਼ਬਦ ਵਿੱਚ ਸਾਨੂੰ ਇਹ ਸਮਝਾ ਰਹੇ ਹਨ ਕਿ ਹੇ ਭਾਈ ਇਸ ਜਗਤ ਵਿੱਚ ਤੇਰੇ ਸੰਸਾਰਿਕ ਰਿਸ਼ਤੇ ਜਿਉਂਦੇ ਤਕ ਦੇ ਹਨ। ਜਿਵੇਂ ਹੀ ਇਸ ਸੰਸਾਰ ਤੋਂ ਕੂਚ ਕੀਤਾ ਉਦੋਂ ਇਹ ਸਾਰੇ ਰਿਸ਼ਤੇ ਨਾਤੇ ਖਤਮ ਹੋ ਜਾਣਗੇ। ਉਦੋਂ ਕੋਈ ਵੀ ਤੇਰੇ ਨਾਲ ਨਹੀਂ ਹੋਣਾ। ਉਦੋਂ ਜੇ ਕੋਈ ਸਹਾਈ ਹੋਵੇਗਾ ਤਾਂ ਕੇਵਲ ਅਕਾਲ ਪੁਰਖ ਵਾਹਿਗੁਰੂ ਹੀ ਹੋਵੇਗਾ। ਇਸ ਲਈ ਤੂੰ ਇਸ ਗੱਲ ਨੂੰ ਚੰਗੀ ਤਰ੍ਹਾਂ ਸਮਝ ਲੈ। ਉਹ ਅਕਾਲ ਪੁਰਖ ਜੋ ਸਾਰੇ ਦੁੱਖਾਂ ਦਾ ਨਾਸ਼ਕ ਹੈ ਉਸ ਨਾਲ ਪਿਆਰ ਕਰ, ਉਸ ਦਾ ਨਾਮ ਜਪ।

ਸੋਮਵਾਰ ਸ਼ਾਮੀ 6 ਵਜੇ ਸਾਹਿਬ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਦੀ ਬਾਣੀ ਵਿਚਲੇ 53ਵੇਂ ਸ਼ਬਦ ਦੀ ਵਿਚਾਰ ਕਰਾਂਗੇ। ਪ੍ਰੋ. ਸਾਹਿਬ ਸਿੰਘ ਜੀ ਦੀ ਕ੍ਰਿਤ ‘ਸ੍ਰੀ ਗੁਰੂ ਗ੍ਰੰਥ ਸਾਹਿਬ ਦਰਪਣ’ ਨੂੰ ਸ਼ਬਦ ਦੀ ਵਿਚਾਰ ਦਾ ਅਧਾਰ ਬਣਾਇਆ ਗਿਆ ਹੈ। ਸ਼ਬਦ ਵਿਚਾਰ ਸੰਬੰਧੀ ਜੇ ਆਪ ਜੀ ਦਾ ਵੀ ਕੋਈ ਸੁਝਾਅ ਹੈ ਤਾਂ ਤੁਸੀਂ ਸਾਡੇ ਨਾਲ ਜ਼ਰੂਰ ਸਾਂਝਾ ਕਰੋ। ਸਾਨੂੰ ਖੁਸ਼ੀ ਹੋਵੇਗੀ। ਭੁੱਲਾਂ ਚੁੱਕਾਂ ਦੀ ਖਿਮਾ।

ਵਾਹਿਗੁਰੂ ਜੀ ਕਾ ਖਾਲਸਾ
ਵਾਹਿਗੁਰੂ ਜੀ ਕੀ ਫਤਿਹ

*gurdevsinghdr@gmail.com

 

Share this Article
Leave a comment