ਸ਼ਬਦ ਵਿਚਾਰ -105 ਜਪੁ ਜੀ ਸਾਹਿਬ-ਪਉੜੀ 29

TeamGlobalPunjab
6 Min Read

ਸ਼ਬਦ ਵਿਚਾਰ – 105

ਜਪੁਜੀ ਸਾਹਿਬਪਉੜੀ 29

ਡਾ. ਗੁਰਦੇਵ ਸਿੰਘ*

ਜੋਗ ਮੱਤ ਦੇ ਧਾਰਨੀ ਜੋਗ ਰੀਤ ਰਾਹੀਂ ਕਈ ਤਰ੍ਹਾਂ ਦੀ ਸਿੱਧੀਆਂ ਆਦਿ ਨੂੰ ਪ੍ਰਾਪਤ ਕਰਦੇ ਹਨ ਇਨ੍ਹਾਂ ਸਿੱਧੀਆਂ ਨੂੰ ਹੀ ਉਹ ਆਪਣਾ ਜੀਵਨ ਲਖਸ਼ ਸਮਝਦੇ ਹਨ। ਗੁਰਬਾਣੀ ਇਸ ਸੰਦਰਭ ਵਿੱਚ ਸਾਡਾ ਮਾਰਗ ਰੋਸ਼ਨ ਕਰਦੇ ਹੋਏ ਜੀਵਨ ਦੇ ਅਸਲ ਲਖਸ਼ ਦਾ ਉਪਦੇਸ਼ ਦਿੰਦੀ ਹੈ। ਸ਼ਬਦ ਵਿਚਾਰ ਦੀ ਚੱਲ ਰਹੀ ਲੜੀਵਾਰ ਵਿਚਾਰ ਵਿੱਚ ਜਪੁਜੀ ਸਾਹਿਬ ਦੀ 28ਵੀਂ ਪਉੜੀ ਦੀ ਵਿਚਾਰ ਕਰਾਂਗੇ ਜਿਸ ਵਿੱਚ ਗੁਰੂ ਸਾਹਿਬ ਅਸਲ ਜੋਗ ਦਾ ਉਪਦੇਸ਼ ਦੇ ਰਿਹੇ ਹਨ:

ਭੁਗਤਿ ਗਿਆਨੁ ਦਇਆ ਭੰਡਾਰਣਿ ਘਟਿ ਘਟਿ ਵਾਜਹਿ ਨਾਦ ॥

- Advertisement -

ਆਪਿ ਨਾਥੁ ਨਾਥੀ ਸਭ ਜਾ ਕੀ ਰਿਧਿ ਸਿਧਿ ਅਵਰਾ ਸਾਦ ॥

ਸੰਜੋਗੁ ਵਿਜੋਗੁ ਦੁਇ ਕਾਰ ਚਲਾਵਹਿ ਲੇਖੇ ਆਵਹਿ ਭਾਗ ॥

ਆਦੇਸੁ ਤਿਸੈ ਆਦੇਸੁ ॥

ਆਦਿ ਅਨੀਲੁ ਅਨਾਦਿ ਅਨਾਹਤਿ ਜੁਗੁ ਜੁਗੁ ਏਕੋ ਵੇਸੁ ॥੨੯॥

ਪਦ ਅਰਥ ਭੁਗਤਿ = ਚੂਰਮਾ। ਭੰਡਾਰਣਿ = ਭੰਡਾਰਾ ਵਰਤਾਣ ਵਾਲੀ। ਘਟਿ ਘਟਿ = ਹਰੇਕ ਸਰੀਰ ਵਿਚ। ਵਾਜਹਿ = ਵੱਜ ਰਹੇ ਹਨ। ਨਾਦ = ਸ਼ਬਦ। (ਜੋਗੀ ਭੰਡਾਰਾ ਖਾਣ ਵੇਲੇ ਇਕ ਨਾਦੀ ਵਜਾਂਦੇ ਹਨ, ਜੋ ਉਹਨਾਂ ਆਪਣੇ ਗਲ ਵਿਚ ਲਟਕਾਈ ਹੁੰਦੀ ਹੈ) । ਆਪਿ = ਅਕਾਲ ਪੁਰਖ ਆਪ। ਨਾਥੀ = ਨੱਥੀ ਹੋਈ, ਵੱਸ ਵਿਚ। ਸਭ = ਸਾਰੀ ਸ੍ਰਿਸ਼ਟੀ। ਰਿਧਿ = ਪਰਤਾਪ, ਵਡਿਆਈ। ਸਿਧਿ = ਜੋਗੀਆਂ ਵਿਚ ਅੱਠ ਵੱਡੀਆਂ ਸਿੱਧੀਆਂ ਮੰਨੀਆਂ ਗਈਆਂ ਹਨ। ‘ਸਿਧਿ ਦੇ ਅਖਰੀ ਅਰਥ ਹਨ ‘ਸਫ਼ਲਤਾ’ ਕਰਾਮਾਤ। (ਅੱਠ ਸਿੱਧੀਆਂ ਇਹ ਹਨ: ‘ਅਣਿਮਾ, ਲਘਿਮਾ, ਪ੍ਰਾਪਤੀ, ਪ੍ਰਾਕਾਮਯ, ਮਹਿਮਾ, ਈਸ਼ਿੱਤ੍ਰ, ਵਸ਼ਿਤ੍ਰ, ਕਾਮਾਵਸਾਇਤਾ। ਅਣਿਮਾ = ਇਕ ਅਣੂ (ਕਿਣਕੇ) ਜਿਤਨਾ ਛੋਟਾ ਬਣ ਜਾਣਾ। ਲਘਿਮਾ = ਬਹੁਤ ਹੀ ਹੌਲੇ ਭਾਰ ਦਾ ਹੋ ਜਾਣਾ। ਪ੍ਰਾਪਤੀ = ਹਰੇਕ ਪਦਾਰਥ ਪ੍ਰਾਪਤ ਕਰਨ ਦੀ ਸਮਰਥਾ। ਪ੍ਰਾਕਾਮਯ = ਸੁਤੰਤਰ ਮਰਜ਼ੀ, ਜਿਸ ਦੀ ਕੋਈ ਵਿਰੋਧਤਾ ਨਾਹ ਕਰ ਸਕੇ। ਮਹਿਮਾ = ਆਪਣੇ ਆਪ ਨੂੰ ਜਿਤਨਾ ਚਾਹੇ ਉਤਨਾ ਵੱਡਾ ਬਣਾਉਣ ਦੀ ਤਾਕਤ। ਈਸ਼ਿੱਤ੍ਰ = ਪ੍ਰਭਤਾ। ਵਸ਼ਿਤ੍ਰ = ਦੂਜੇ ਨੂੰ ਆਪਣੇ ਵੱਸ ਵਿਚ ਕਰ ਲੈਣਾ। ਕਾਮਾਵਾਸਾਇਤਾ = ਕਾਮ ਆਦਿਕ ਵਿਕਾਰਾਂ ਨੂੰ ਕਾਬੂ ਵਿਚ ਰੱਖਣ ਦਾ ਬਲ।) ਅਵਰਾ = ਹੋਰ, ਅਕਾਲ ਪੁਰਖ ਤੋਂ ਲਾਂਭ ਵਲ ਲੈ ਜਾਣ ਵਾਲੇ। ਸਾਦ = ਸੁਆਦ, ਚਸਕੇ। ਸੰਜੋਗੁ = ਮੇਲ, ਅਕਾਲ ਪੁਰਖ ਦੀ ਰਜ਼ਾ ਦਾ ਉਹ ਅੰਸ਼ ਜਿਸ ਨਾਲ ਜੀਵ ਮਿਲਦੇ ਹਨ, ਜਾਂ ਸੰਸਾਰ ਦੇ ਹੋਰ ਕਾਰਜ ਹੁੰਦੇ ਹਨ। ਵਿਜੋਗੁ = ਵਿਛੋੜਾ, ਅਕਾਲ ਪੁਰਖ ਦੀ ਰਜ਼ਾ ਦਾ ਉਹ ਅੰਸ਼ ਜਿਸ ਦੀ ਰਾਹੀਂ ਜੀਵ ਵਿਛੜਦੇ ਹਨ, ਜਾਂ ਕੋਈ ਹੋਂਦ ਵਾਲੇ ਪਦਾਰਥ ਨਾਸ ਹੋ ਜਾਂਦੇ ਹਨ। ਦੁਇ = ਦੋਵੇਂ। ਕਾਰ = ਸੰਸਾਰ ਦੀ ਕਾਰ। ਚਲਾਵਹਿ = ਚਲਾ ਰਹੇ ਹਨ। (ਜੋਗੀਆਂ ਵਿਚ ਭੰਡਾਰੇ ਵਾਸਤੇ ਇਕ ਮਨੁੱਖ ਰਸਦ ਲਿਆਉਣ ਵਾਲਾ ਹੁੰਦਾ ਹੈ; ਇਹ ਅਕਾਲ ਪੁਰਖ ਦੀ ‘ਸੰਜੋਗੁ’-ਰੂਪ ਸੱਤਾ ਸਮਝ ਲਵੋ। ਦੂਜਾ ਵਰਤਾਣ ਵਾਲਾ ਹੁੰਦਾ ਹੈ, ਜੋ ‘ਵਿਜੋਗੁ’ ਸਤਾ ਹੈ) । ਲੇਖੇ = ਕੀਤੇ ਕਰਮਾਂ ਦੇ ਲੇਖੇ ਅਨੁਸਾਰ। ਆਵਹਿ-ਆਉਂਦੇ ਹਨ, ਮਿਲਦੇ ਹਨ। ਭਾਗ-ਆਪੋ ਆਪਣੇ ਹਿੱਸੇ, ਆਪਣੇ ਆਪਣੇ ਛਾਂਦੇ। (ਜੋਗੀ ਭੰਡਾਰਾ ਵਰਤਾਣ ਵੇਲੇ ਹਰੇਕ ਨੂੰ ਦਰਜਾ-ਬ-ਦਰਜਾ ਛਾਂਦਾ ਦੇਈ ਜਾਂਦੇ ਹਨ, ਅਕਾਲ ਪੁਰਖ ਦੀਆਂ ‘ਸੰਜੋਗੁ’ ‘ਵਿਜੋਗੁ’ ਸੱਤਾ ਸਭ ਜੀਵਾਂ ਨੂੰ ਉਹਨਾਂ ਦੇ ਕੀਤੇ ਕਰਮਾਂ ਦੇ ਲੇਖ ਅਨੁਸਾਰ ਸੁਖ ਦੁਖ ਦੇ ਛਾਂਦੇ ਵਰਤਾ ਰਹੀਆਂ ਹਨ) ।

- Advertisement -

ਵਿਆਖਿਆ :(ਹੇ ਜੋਗੀ! ਜੇ) ਅਕਾਲ ਪੁਰਖ ਦੀ ਸਰਬ-ਵਿਆਪਕਤਾ ਦਾ ਗਿਆਨ ਤੇਰੇ ਲਈ ਭੰਡਾਰਾ (ਚੂਰਮਾ) ਹੋਵੇ, ਦਇਆ ਇਸ (ਗਿਆਨ-ਰੂਪ) ਭੰਡਾਰੇ ਦੀ ਵਰਤਾਈ ਹੋਵੇ, ਹਰੇਕ ਜੀਵ ਦੇ ਅੰਦਰ ਜਿਹੜੀ (ਜ਼ਿੰਦਗੀ ਦੀ ਰੌ ਚੱਲ ਰਹੀ ਹੈ, (ਭੰਡਾਰਾ ਛਕਣ ਵੇਲੇ ਜੇ ਤੇਰੇ ਅੰਦਰ) ਇਹ ਨਾਦੀ ਵੱਜ ਰਹੀ ਹੋਵੇ, ਤੇਰਾ ਨਾਥ ਆਪ ਅਕਾਲ ਪੁਰਖ ਹੋਵੇ, ਜਿਸ ਦੇ ਵੱਸ ਵਿਚ ਸਾਰੀ ਸ੍ਰਿਸ਼ਟੀ ਹੈ, (ਤਾਂ ਕੂੜ ਦੀ ਕੰਧ ਤੇਰੇ ਅੰਦਰੋਂ ਟੁੱਟ ਕੇ ਪਰਮਾਤਮਾ ਨਾਲੋਂ ਤੇਰੀ ਵਿੱਥ ਮਿਟ ਸਕਦੀ ਹੈ। ਜੋਗ ਸਾਧਨਾਂ ਦੀ ਰਾਹੀਂ ਪ੍ਰਾਪਤ ਹੋਈਆਂ ਰਿੱਧੀਆਂ ਵਿਅਰਥ ਹਨ, ਇਹ) ਰਿੱਧੀਆਂ ਤੇ ਸਿੱਧੀਆਂ (ਤਾਂ) ਕਿਸੇ ਹੋਰ ਪਾਸੇ ਖੜਨ ਵਾਲੇ ਸੁਆਦ ਹਨ। ਅਕਾਲ ਪੁਰਖ ਦੀ “ਸੰਜੋਗ” ਸੱਤਾ ਤੇ “ਵਿਜੋਗ” ਸੱਤਾ ਦੋਵੇਂ (ਮਿਲ ਕੇ ਇਸ ਸੰਸਾਰ ਦੀ) ਕਾਰ ਨੂੰ ਚਲਾ ਰਹੀਆਂ ਹਨ (ਭਾਵ, ਪਿਛਲੇ ਸੰਜੋਗਾਂ ਕਰ ਕੇ ਟੱਬਰ ਆਦਿਕਾਂ ਦੇ ਜੀਵ ਇੱਥੇ ਆ ਇਕੱਠੇ ਹੁੰਦੇ ਹਨ। ਰਜ਼ਾ ਵਿਚ ਫਿਰ ਵਿਛੜ ਵਿਛੜ ਕੇ ਆਪੋ-ਆਪਣੀ ਵਾਰੀ ਇੱਥੋਂ ਤੁਰ ਜਾਂਦੇ ਹਨ) ਅਤੇ (ਸਭ ਜੀਵਾਂ ਦੇ ਕੀਤੇ ਕਰਮਾਂ ਦੇ) ਲੇਖ ਅਨੁਸਾਰ (ਦਰਜਾ-ਬ-ਦਰਜਾ ਸੁਖ ਦੁਖ ਦੇ) ਛਾਂਦੇ ਮਿਲ ਰਹੇ ਹਨ (ਜੇ ਇਹ ਯਕੀਨ ਬਣ ਜਾਏ ਤਾਂ ਅੰਦਰੋਂ ਕੂੜ ਦੀ ਕੰਧ ਟੁੱਟ ਜਾਂਦੀ ਹੈ।)  (ਸੋ, ਕੂੜ ਦੀ ਕੰਧ ਦੂਰ ਕਰਨ ਲਈ) ਕੇਵਲ ਉਸ (ਅਕਾਲ ਪੁਰਖ) ਨੂੰ ਪ੍ਰਣਾਮ ਕਰੋ, ਜੋ (ਸਭ ਦਾ) ਮੁੱਢ ਹੈ, ਜੋ ਸੁੱਧ ਸਰੂਪ ਹੈ, ਜਿਸ ਦਾ ਕੋਈ ਮੁੱਢ ਨਹੀਂ (ਲੱਭ ਸਕਦਾ) , ਜੋ ਨਾਸ ਰਹਿਤ ਹੈ ਅਤੇ ਜੋ ਸਦਾ ਇਕੋ ਜਿਹਾ ਰਹਿੰਦਾ ਹੈ। 

ਜਪੁ ਜੀ ਸਾਹਿਬ ਦੀ ਇਸ ਪਉੜੀ ਵਿੱਚ ਗੁਰੂ ਸਾਹਿਬ ਮਨੁੱਖ ਸਮਝਾਂ ਰਹੇ ਹਨ ਕਿ ਸਿਮਰਨ ਦੀ ਬਰਕਤਿ ਨਾਲ ਇਹ ਗਿਆਨ ਪੈਦਾ ਹੋਵੇਗਾ ਕਿ ਪ੍ਰਭੂ ਸਭ ਥਾਂ ਭਰਪੂਰ ਹੈ ਤੇ ਸਭ ਦਾ ਸਾਈਂ ਹੈ, ਉਸ ਦੀ ਰਜ਼ਾ ਵਿਚ ਜੀਵ ਇੱਥੇ ਆ ਇਕੱਠੇ ਹੁੰਦੇ ਹਨ ਤੇ ਰਜ਼ਾ ਵਿਚ ਹੀ ਇਥੋਂ ਤੁਰ ਪੈਂਦੇ ਹਨ। ਇਹ ਗਿਆਨ ਪੈਦਾ ਹੋਇਆ ਖਲਕਤ ਨਾਲ ਪਿਆਰ ਕਰਨ ਦੀ ਜਾਚ ਆਵੇਗੀ। ਜੋਗ-ਅਭਿਆਸ ਦੀ ਰਾਹੀਂ ਪ੍ਰਾਪਤ ਹੋਈਆਂ ਰਿੱਧੀਆਂ ਸਿੱਧੀਆਂ ਨੂੰ ਉੱਚਾ ਜੀਵਨ ਸਮਝ ਲੈਣਾ ਭੁੱਲ ਹੈ। ਇਹ ਤਾਂ ਸਗੋਂ ਕੁਰਾਹੇ ਲੈ ਜਾਂਦੀਆਂ ਹਨ। (ਇਹਨਾਂ ਦੀ ਸਹਾਇਤਾ ਨਾਲ ਜੋਗੀ ਲੋਕ ਆਮ ਜਨਤਾ ਉੱਤੇ ਦਬਾਉ ਪਾ ਕੇ ਉਹਨਾਂ ਨੂੰ ਇਨਸਾਨੀਅਤ ਤੋਂ ਡੇਗਦੇ ਹਨ) ।ਸ਼ਬਦ ਵਿਚਾਰ ਦੀ ਅਗਲੀ ਲੜੀ ਵਿੱਚ ਜਪੁਜੀ ਸਾਹਿਬ ਦੀ 30ਵੀਂ ਪਉੜੀ ਦੀ ਵਿਚਾਰ ਕਰਾਂਗੇ। ਇਸ ਸਬੰਧੀ ਆਪ ਜੀ ਦਾ ਜੇ ਕੋਈ ਵਿਚਾਰ ਹੋਵੇ ਤਾਂ ਸਾਡੇ ਨਾਲ ਜ਼ਰੂਰ ਸਾਂਝਾ ਕਰੋ ਜੀ।

*gurdevsinghdr@gmail.com

Share this Article
Leave a comment