Shabad Vichaar 45-ਅਬ ਮੈ ਕਹਾ ਕਰਉ ਰੀ ਮਾਈ ॥

TeamGlobalPunjab
5 Min Read

ਨੌਵੇਂ ਮਹਲੇ ਦੀ ਇਲਾਹੀ ਬਾਣੀ ਦੇ 45ਵੇਂ ਸ਼ਬਦ ਦੀ ਵਿਚਾਰ – Shabad Vichaar -45

ਅਬ ਮੈ ਕਹਾ ਕਰਉ ਰੀ ਮਾਈ ॥ ਸ਼ਬਦ ਵਿਚਾਰ

ਡਾ. ਗੁਰਦੇਵ ਸਿੰਘ*

ਮਨੁੱਖ ਨੂੰ ਜੀਵਨ ਦੀ ਅਸਲ ਸਚਾਈ ਉਦੋਂ ਹੀ ਪਤਾ ਲੱਗਦੀ ਹੈ ਜਦੋਂ ਜਮਦੂਤ ਉਸ ਦੇ ਗੱਲ ਆ ਪੈਂਦੇ ਹਨ। ਫਿਰ ਉਸ ਨੂੰ ਇਸ ਸੰਸਾਰ ਦੀ ਹਰ ਚੀਜ ਪਰਾਈ ਲੱਗਦੀ ਹੈ। ਮਨੁੱਖ ਆਪਣਾ ਸਾਰਾ ਜੀਵਨ ਸੰਸਾਰਕ ਭੱਜ ਦੌੜ ਵਿੱਚ ਖਤਮ ਕਰ ਲੈਂਦਾ ਹੈ। ਜਿਨ੍ਹਾਂ ਲਈ ਜਾਂ ਜਿੰਨ੍ਹਾਂ ਵਸਤਾਂ ਨੂੰ ਇਕੱਠਾ ਕਰਦਾ ਰਹਿੰਦਾ ਹੈ ਉਹ ਅੰਤ ਸਮੇਂ ਉਸ ਦੇ ਕੰਮ ਹੀ ਨਹੀਂ ਆਉਂਦੀਆਂ। ਅੰਤ ਸਮੇਂ ਜੋ ਸਾਡਾ ਸਾਥੀ ਬਣਦਾ ਹੈ ਜਾਂ ਜਿਸ ਦੀ ਅਸੀਂ ਫਿਰ ਓਟ ਤਕਦੇ ਹਾਂ ਉਸ ਨੂੰ ਪਾਉਣ ਲਈ ਅਸੀਂ ਪੂਰੀ ਜ਼ਿੰਦਗੀ ਕਦੇ ਦਿਲੋਂ ਯਤਨ ਹੀ ਨਹੀਂ ਕਰਦੇ। ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਬਾਣੀ ਜਿੱਥੇ ਸਾਡਾ ਉਸ ਅਕਾਲ ਪੁਰਖ ਨੂੰ ਪਾਉਣ ਵਿੱਚ ਮਾਰਗ ਰੋਸ਼ਨ ਕਰਦੀ ਹੈ ਉਥੇ ਇਸ ਸੰਸਾਰਿਕ ਜੀਵਨ ਨੂੰ ਮੋਹ ਮਾਇਆ ਮੁਕਤ ਕਰ ਖੁਸ਼ਹਾਲ ਜੀਵਨ ਬਣਾਉਣ ਵਿੱਚ ਵੀ ਸਹਾਈ ਹੁੰਦੀ ਹੈ। ਲੋੜ ਹੈ ਨੇਮ ਨਾਲ ਗੁਰਬਾਣੀ ਦੇ ਪਾਠ, ਇਸ ਦੀ ਵਿਚਾਰ ਕਰਨ ਦੀ।
ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਦੀ ਬਾਣੀ ਦੀ ਚੱਲ ਰਹੀ ਲੜੀਵਾਰ ਸ਼ਬਦ ਵਿਚਾਰ ਵਿੱਚ ਅੱਜ ਅਸੀਂ ਗੁਰੂ ਸਾਹਿਬ ਦੀ ਕੁੱਲ ਬਾਣੀ ਦੇ 45ਵੇਂ ਸ਼ਬਦ ‘ਅਬ ਮੈ ਕਹਾ ਕਰਉ ਰੀ ਮਾਈ ॥ ਸਗਲ ਜਨਮੁ ਬਿਖਿਅਨ ਸਿਉ ਖੋਇਆ ਸਿਮਰਿਓ ਨਾਹਿ ਕਨਾੑੑਈ ॥੧॥’ ਦੀ ਵਿਚਾਰ ਕਰਾਂਗੇ। ਇਹ ਸ਼ਬਦ ਸ੍ਰੀ ਗੁਰੂ ਗ੍ਰੰਥ ਸਾਹਿਬ ਦੇ ਅੰਗ 1008 ‘ਤੇ ਰਾਗ ਮਾਰੂ ਅਧੀਨ ਅੰਕਿਤ ਹੈ। ਰਾਗ ਮਾਰੂ ਅਧੀਨ ਸਾਹਿਬ ਨੌਵੇਂ ਪਾਤਸ਼ਾਹ ਦਾ ਇਹ ਦੂਜਾ ਸ਼ਬਦ ਹੈ। ਇਸ ਸ਼ਬਦ ਵਿੱਚ ਗੁਰੂ ਜੀ ਉਸ ਮਨੁੱਖ ਨੂੰ ਉਪਦੇਸ਼ ਦੇ ਰਹੇ ਹਨ ਜਿਸ ਨੇ ਸਾਰਾ ਜੀਵਨ ਬਿਨਾਂ ਨਾਮ ਤੋਂ ਅਜਾਂਈਂ ਬਤੀਤ ਕਰ ਦਿੱਤਾ:

ਮਾਰੂ ਮਹਲਾ ੯ ॥
ਅਬ ਮੈ ਕਹਾ ਕਰਉ ਰੀ ਮਾਈ ॥
ਸਗਲ ਜਨਮੁ ਬਿਖਿਅਨ ਸਿਉ ਖੋਇਆ ਸਿਮਰਿਓ ਨਾਹਿ ਕਨਾੑੑਈ ॥੧॥ ਰਹਾਉ ॥

- Advertisement -

ਹੇ ਮਾਂ! ਵੇਲਾ ਵਿਹਾ ਜਾਣ ਤੇ ਮੈਂ ਕੀਹ ਕਰ ਸਕਦਾ ਹਾਂ? (ਭਾਵ, ਵੇਲਾ ਵਿਹਾ ਜਾਣ ਤੇ ਮਨੁੱਖ ਕੁਝ ਭੀ ਨਹੀਂ ਕਰ ਸਕਦਾ)। ਜਿਸ ਮਨੁੱਖ ਨੇ ਸਾਰੀ ਜ਼ਿੰਦਗੀ ਵਿਸ਼ੇ-ਵਿਕਾਰਾਂ ਵਿਚ ਗਵਾ ਲਈ, ਤੇ, ਪਰਮਾਤਮਾ ਦਾ ਸਿਮਰਨ ਕਦੇ ਭੀ ਨਾਹ ਕੀਤਾ (ਉਹ ਸਮਾ ਖੁੰਝ ਜਾਣ ਤੇ ਫਿਰ ਕੁਝ ਨਹੀਂ ਕਰ ਸਕਦਾ) ।1। ਰਹਾਉ।

ਕਾਲ ਫਾਸ ਜਬ ਗਰ ਮਹਿ ਮੇਲੀ ਤਿਹ ਸੁਧਿ ਸਭ ਬਿਸਰਾਈ ॥
ਰਾਮ ਨਾਮ ਬਿਨੁ ਯਾ ਸੰਕਟ ਮਹਿ ਕੋ ਅਬ ਹੋਤ ਸਹਾਈ ॥੧॥

ਹੇ ਮਾਂ! ਜਦੋਂ ਜਮਰਾਜ (ਮਨੁੱਖ ਦੇ) ਗਲ ਵਿਚ ਮੌਤ ਦੀ ਫਾਹੀ ਪਾ ਦੇਂਦਾ ਹੈ, ਤਦੋਂ ਉਹ ਉਸ ਦੀ ਸਾਰੀ ਸੁਧ-ਬੁਧ ਭੁਲਾ ਦੇਂਦਾ ਹੈ। ਉਸ ਬਿਪਤਾ ਵਿਚ ਪਰਮਾਤਮਾ ਦੇ ਨਾਮ ਤੋਂ ਬਿਨਾ ਹੋਰ ਕੋਈ ਭੀ ਮਦਦਗਾਰ ਨਹੀਂ ਬਣ ਸਕਦਾ (ਜਮਾਂ ਦੀ ਫਾਹੀ ਤੋਂ, ਆਤਮਕ ਮੌਤ ਤੋਂ ਸਹਿਮ ਤੋਂ ਸਿਰਫ਼ ਹਰਿ-ਨਾਮ ਹੀ ਬਚਾਂਦਾ ਹੈ) ।1।

ਜੋ ਸੰਪਤਿ ਅਪਨੀ ਕਰਿ ਮਾਨੀ ਛਿਨ ਮਹਿ ਭਈ ਪਰਾਈ ॥
ਕਹੁ ਨਾਨਕ ਯਹ ਸੋਚ ਰਹੀ ਮਨਿ ਹਰਿ ਜਸੁ ਕਬਹੂ ਨ ਗਾਈ ॥੨॥੨॥

ਹੇ ਮਾਂ! ਜਿਹੜੇ ਧਨ-ਪਦਾਰਥ ਨੂੰ ਮਨੁੱਖ ਸਦਾ ਆਪਣਾ ਸਮਝੀ ਰੱਖਦਾ ਹੈ (ਜਦੋਂ ਮੌਤ ਆਉਂਦੀ ਹੈ, ਉਹ ਧਨ-ਪਦਾਰਥ) ਇਕ ਖਿਨ ਵਿਚ ਬਿਗਾਨਾ ਹੋ ਜਾਂਦਾ ਹੈ। ਹੇ ਨਾਨਕ! ਆਖ– ਉਸ ਵੇਲੇ ਮਨੁੱਖ ਦੇ ਮਨ ਵਿਚ ਇਹ ਪਛੁਤਾਵਾ ਰਹਿ ਜਾਂਦਾ ਹੈ ਕਿ ਪਰਮਾਤਮਾ ਦੀ ਸਿਫ਼ਤਿ-ਸਾਲਾਹ ਕਦੇ ਭੀ ਨਾਹ ਕੀਤੀ।2। 2।

- Advertisement -

ਉਕਤ ਸ਼ਬਦ ਵਿੱਚ ਸਾਨੂੰ ਉਪਦੇਸ਼ ਦੇ ਰਹੇ ਹਨ ਹੇ ਭਾਈ ਜਿਹੜੇ ਧਨ ਪਦਾਰਥਾਂ ਨੂੰ ਤੂੰ ਇੱਕਠਾ ਕਰਨ ਵਿੱਚ ਸਾਰਾ ਜੀਵਨ ਲਾ ਦਿੱਤਾ ਹੈ ਜਿਸ ‘ਤੇ ਮਨੁੱਖ ਆਮ ਹੀ ਫੋਕਾ ਮਾਣ ਕਰਦਾ ਰਹਿੰਦਾ ਹੈ ਤੇ ਮੇਰਾ ਮੇਰਾ ਕਰਦਾ ਰਹਿੰਦਾ ਹੈ ਉਹ ਕੇਵਲ ਤੇ ਕੇਵਲ ਇੱਕ ਪਲ ਵਿੱਚ ਬੇਗਾਨਾ ਹੋ ਜਾਣਾ ਹੈ। ਤੇਰੇ ਜੀਵਨ ਦਾ ਅਸਲ ਮਨੋਰਥ ਇਹ ਧਨ ਪਦਾਰਥ ਇੱਕਠੇ ਕਰਨਾ ਨਹੀਂ ਸਗੋ ਉਸ ਪ੍ਰਮਾਤਮਾ ਦੀ ਸਿਫਤਿ ਸਾਲਾਹ ਕਰਨੀ ਹੈ ਜੋ ਸਰਬ ਸੁੱਖਾਂ ਦਾ ਦਾਤਾ ਹੈ ਜੋ ਲੋਕ ਤੇ ਪ੍ਰਲੋਕ ਵਿੱਚ ਹਰ ਸਮੇਂ ਸਹਾਈ ਹੁੰਦਾ ਹੈ। ਇਸ ਲਈ ਜੀਵਨ ਦਾ ਕੀਮਤੀ ਸਮਾਂ ਅਜਾਂਈਂ ਨਾ ਗੁਜਾਰ, ਸਮਾਂ ਰਹਿੰਦੇ ਹੀ ਇਸ ਦੀ ਸੰਭਾਲ ਕਰ ਲੈ। ਨਹੀਂ ਤਾਂ ਸਮੇਂ ਬਿਨਾਂ ਪਛਤਾਵੇ ਤੋਂ ਕੋਈ ਚਾਰਾ ਨਹੀਂ ਹੋਣਾ।
ਕੱਲ ਸ਼ਾਮੀ 6 ਵਜੇ ਸਾਹਿਬ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਦੀ ਬਾਣੀ ਵਿਚਲੇ 46ਵੇਂ ਸ਼ਬਦ ਦੀ ਵਿਚਾਰ ਕਰਾਂਗੇ। ਪ੍ਰੋ. ਸਾਹਿਬ ਸਿੰਘ ਜੀ ਦੀ ਕ੍ਰਿਤ ‘ਸ੍ਰੀ ਗੁਰੂ ਗ੍ਰੰਥ ਸਾਹਿਬ ਦਰਪਣ’ ਨੂੰ ਸ਼ਬਦ ਦੀ ਵਿਚਾਰ ਦਾ ਅਧਾਰ ਬਣਾਇਆ ਗਿਆ ਹੈ। ਸ਼ਬਦ ਵਿਚਾਰ ਸੰਬੰਧੀ ਜੇ ਆਪ ਜੀ ਦਾ ਵੀ ਕੋਈ ਸੁਝਾਅ ਹੈ ਤਾਂ ਤੁਸੀਂ ਸਾਡੇ ਨਾਲ ਜ਼ਰੂਰ ਸਾਂਝਾ ਕਰੋ। ਸਾਨੂੰ ਖੁਸ਼ੀ ਹੋਵੇਗੀ। ਭੁੱਲਾਂ ਚੁੱਕਾਂ ਦੀ ਖਿਮਾ।

ਵਾਹਿਗੁਰੂ ਜੀ ਕਾ ਖਾਲਸਾ

ਵਾਹਿਗੁਰੂ ਜੀ ਕੀ ਫਤਿਹ

*gurdevsinghdr@gmail.com

Share this Article
Leave a comment